ਵਾਸ਼ਿੰਗਟਨ (ਬਿਊਰੋ): ਪੁਲਾੜ ਵਿਚ ਸ਼ਹਿਰ ਵਸਾਉਣ ਦਾ ਸੁਪਨਾ ਦੇਖ ਰਹੀ ਦੁਨੀਆ ਲਈ ਚੰਗੀ ਖ਼ਬਰ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪਹਿਲੀ ਵਾਰ ਪੁਲਾੜ ਵਿਚ ਸ਼ਿਮਲਾ ਮਿਰਚ ਉਗਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਨਾਸਾ ਨੇ ਐਲਾਨ ਕੀਤਾ ਹੈ ਕਿ ਇਸ ਸ਼ਿਮਲਾ ਮਿਰਚ ਨੂੰ ਪਲਾਂਟ ਹੈਬਿਟਾਟ-04 ਵਿਚ ਪੈਦਾ ਕੀਤਾ ਗਿਆ ਹੈ। ਇਸ ਸ਼ਿਮਲਾ ਮਿਰਚ ਨੂੰ ਉੱਥੇ ਮੌਜੂਦ ਪੁਲਾੜ ਯਾਤਰੀਆਂ ਨੇ ਇਕ ਸ਼ਾਨਦਾਰ ਡਿਸ਼ ਵਿਚ ਬਦਲ ਦਿੱਤਾ ਅਤੇ ਇਸ ਦਾ ਆਨੰਦ ਲਿਆ।
ਨਾਸਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ,''ਇਸ ਜਾਂਚ ਵਿਚ ਸੂਖਮਜੀਵੀ ਵਿਸ਼ਲੇਸ਼ਣ ਕੀਤਾ ਗਿਆ ਤਾਂ ਜੋ ਪੁਲਾੜ ਵਿਚ ਪਲਾਂਟ ਦੇ ਜੀਵਾਣੂਆਂ ਨਾਲ ਸੰਬੰਧ ਦੇ ਬਾਰੇ ਆਪਣੀ ਸਮਝ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਨਾਲ ਹੀ ਉਸ ਦੇ ਸਵਾਦ, ਪੋਸ਼ਕ ਤੱਤ ਅਤੇ ਬਣਾਵਟ ਦੀ ਵੀ ਜਾਂਚ ਕੀਤੀ ਜਾ ਸਕੇ।'' ਸ਼ਿਮਲਾ ਮਿਰਚ ਇਸ ਸਾਲ ਜੁਲਾਈ ਮਹੀਨੇ ਤੋਂ ਹੀ ਵਿਕਸਿਤ ਹੋ ਰਹੀ ਸੀ। ਇਹ ਮਿਰਚ ਨਿਊ ਮੈਕਸੀਕੋ ਦੇ ਹੈਚ ਵੈਲੀ ਵਿਚ ਪਾਈ ਜਾਂਦੀ ਹੈ।
ਪੌਦਿਆਂ 'ਤੇ ਹੁਣ ਤੱਕ ਦਾ ਚੁਣੌਤੀਪੂਰਨ ਪ੍ਰਯੋਗ
ਨਾਸਾ ਮੁਤਾਬਕ ਇਹ ਸ਼ਿਮਲਾ ਮਿਰਚ ਦੱਖਣੀ ਨਿਊ ਮੈਕਸੀਕੋ ਦੀ 'ਸਾਂਡੀਆ' ਮਿਰਚ ਅਤੇ ਇਕ ਹੋਰ ਪ੍ਰਜਾਤੀ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ। ਨਾਸਾ ਮੁਤਾਬਕ ਇਸ ਘਾਟੀ ਵਿੱਚ ਪਾਈ ਜਾਣ ਵਾਲੀ ਸ਼ਿਮਲਾ ਮਿਰਚ ਉਦੋਂ ਹੀ ਖਾਧੀ ਜਾਂਦੀ ਹੈ ਜਦੋਂ ਉਹ ਹਰੇ ਰੰਗ ਦੀ ਹੁੰਦੀ ਹੈ, ਪਰ ‘Espanola Improved’ ਪ੍ਰਜਾਤੀ ਨੂੰ ਹਰੇ ਅਤੇ ਲਾਲ ਦੋਹਾਂ ਅਵਸਥਾਵਾਂ ਵਿੱਚ ਖਾਧਾ ਜਾਂਦਾ ਹੈ। ਸਪੇਸ ਸਟੇਸ਼ਨ ਦੇ ਟਵਿੱਟਰ ਅਕਾਊਂਟ ਨੇ ਇਸ ਨੂੰ ਪੌਦਿਆਂ 'ਤੇ ਹੁਣ ਤੱਕ ਦਾ ਸਭ ਤੋਂ ਚੁਣੌਤੀਪੂਰਨ ਪ੍ਰਯੋਗ ਦੱਸਿਆ ਹੈ।
ਪੜ੍ਹੋ ਇਹ ਅਹਿਮ ਖਬਰ - ਗਲਾਸਗੋ ਸੰਮੇਲਨ 'ਚ ਸੁੱਤੇ ਨਜ਼ਰ ਆਏ ਅਮਰੀਕੀ ਰਾਸ਼ਟਰਪਤੀ ਬਾਈਡੇਨ, ਹੋ ਰਹੇ ਟਰੋਲ (ਵੀਡੀਓ)
ਸ਼ਿਮਲਾ ਮਿਰਚ ਨੂੰ ਹੋਰ ਫਸਲਾਂ ਦੇ ਮੁਕਾਬਲੇ ਪੁਲਾੜ ਵਿੱਚ ਉਗਾਉਣਾ ਵਧੇਰੇ ਮੁਸ਼ਕਲ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਿਮਲਾ ਮਿਰਚ ਪੈਦਾ ਕਰਨ ਅਤੇ ਇਸ ਨੂੰ ਵਿਕਸਿਤ ਹੋਣ ਵਿਚ ਵੀ ਸਮਾਂ ਲੱਗਦਾ ਹੈ। ਨਾਸਾ ਦੀ ਪੁਲਾੜ ਯਾਤਰੀ ਮੇਗਨ ਮੈਕਆਰਥਰ ਨੇ ਸ਼ਿਮਲਾ ਮਿਰਚਾਂ ਨੂੰ ਤੋੜਨ ਅਤੇ ਇਸ ਦਾ ਡਿਨਰ ਬਣਾਉਣ ਤੋਂ ਬਾਅਦ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ। ਉਸ ਨੇ ਕਿਹਾ,''ਵਾਢੀ ਤੋਂ ਬਾਅਦ ਅਸੀਂ ਲਾਲ ਅਤੇ ਹਰੀਆਂ ਸ਼ਿਮਲਾ ਮਿਰਚਾਂ ਦਾ ਸਵਾਦ ਲਿਆ। ਇਸ ਤੋਂ ਬਾਅਦ ਅਸੀਂ ਸਰਵੇਖਣ ਕੀਤਾ। ਅੰਤ ਵਿੱਚ, ਮੈਂ ਆਪਣਾ ਮਨਪਸੰਦ ਸਪੇਸ ਟੈਕੋ ਬਣਾਇਆ।'' ਇਸ ਤੋਂ ਪਹਿਲਾਂ ਨਾਸਾ ਪੁਲਾੜ ਵਿੱਚ ਚੀਨੀ ਪਾਲਕ ਅਤੇ ਹੋਰ ਫਸਲਾਂ ਉਗਾ ਚੁੱਕਾ ਹੈ।
ਪਾਕਿਸਤਾਨ ਨੂੰ ਕਰਨਾ ਪੈ ਸਕਦਾ ਹੈ ਕੋਰੋਨਾ ਦੀ ਪੰਜਵੀ ਲਹਿਰ ਦਾ ਸਾਹਮਣਾ
NEXT STORY