ਦੇਸ਼ ਧ੍ਰੋਹ ਦਾ ਦੋਸ਼
ਲੇਖਕ – ਗੁਰਤੇਜ ਸਿੰਘ ਕੱਟੂ
98155 94197
5 ਦਸੰਬਰ 1956 ਨੂੰ ਸਵੇਰੇ-ਸਵੇਰੇ ਹੀ ਨੈਲਸਨ ਦੇ ਘਰ ਪੁਲਸ ਨੇ ਛਾਪਾ ਮਾਰ ਦਿੱਤਾ। ਨੈਲਸਨ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਸ ਨੇ ਨੈਲਸਨ ਨੂੰ ਗ੍ਰਿਫ਼ਤਾਰੀ ਵਾਰੰਟ ਦਿਖਾ ਕੇ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਨੈਲਸਨ ਨੂੰ ਗ੍ਰਿਫਤਾਰੀ ਵਾਰੰਟ ਦਿਖਾਇਆ, ਜਿਸ ’ਤੇ ਲਿਖਿਆ ਸੀ “ਸੰਗੀਨ ਦੇਸ਼ ਧ੍ਰੋਹ”।
ਬਾਅਦ ’ਚ ਨੈਲਸਨ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਪਰ ਉਥੋਂ ਵੀ ਪੁਲਸ ਨੂੰ ਕੁਝ ਖ਼ਾਸ ਪ੍ਰਾਪਤ ਨਾ ਹੋਇਆ। ਹੁਣ ਪੁਲਸ ਨੇ ਨੈਲਸਨ ਨੂੰ ਜੋਹਾਨਸਬਰਗ ਦੀ ਮਾਰਸ਼ਲ ਸਕੁਏਅਰ ਜੇਲ੍ਹ ’ਚ ਬੰਦ ਕਰ ਦਿੱਤਾ। ਨੈਲਸਨ ਇਸ ਜੇਲ੍ਹ ’ਚ 1952 ’ਚ ਵੀ ਅਵੱਗਿਆ ਅੰਦੋਲਨ ਦੌਰਾਨ ਕੁਝ ਰਾਤਾਂ ਕੱਟ ਕੇ ਗਿਆ ਸੀ।
ਨੈਲਸਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਇਸ ਜੇਲ੍ਹ ’ਚ ਲਿਆਂਦਾ ਗਿਆ। ਅਖ਼ੀਰ ਕੁੱਲ 156 ਵਿਅਕਤੀ, ਜਿਨ੍ਹਾਂ ’ਚੋਂ 105 ਮੂਲ ਅਫ਼ਰੀਕੀ, 26 ਭਾਰਤੀ ਮੂਲ ਦੇ ਲੋਕ, 23 ਗੋਰੇ ਅਤੇ ਕੁਝ ਰੰਗਕਾਰ ਨਸਲ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਇਸ ਜੇਲ੍ਹ ਵਿਚ ਸੁੱਟ ਦਿੱਤਾ। ਇਨ੍ਹਾਂ ਵਿਚ ਏ.ਐੱਨ.ਸੀ. ਦੇ ਮੁੱਖ ਕਾਰਜਕਾਰਨੀ ਦੇ ਲਗਭਗ ਸਾਰੇ ਮੈਂਬਰ ਸ਼ਾਮਲ ਸਨ।ਸੋ ਸਰਕਾਰ ਨੇ ਅਖ਼ੀਰ ਆਪਣੀ ਚਾਲ ਚੱਲ ਹੀ ਦਿੱਤੀ ਸੀ। ਸਰਕਾਰ ਨੇ ਇਨ੍ਹਾਂ ਸਾਰੇ ਕੈਦੀਆਂ ’ਤੇ ‘ਦੇਸ਼ ਧ੍ਰੋਹ’ ਦਾ ਜ਼ੁਲਮ ਲਾਇਆ।
ਜੇਲ੍ਹ ’ਚ ਸਿਪਾਹੀਆਂ ਦਾ ਕੈਦੀਆਂ ਨਾਲ ਵਤੀਰਾ ਬਹੁਤ ਹੀ ਭੈੜੀ ਕਿਸਮ ਦਾ ਹੁੰਦਾ। ਜੇਲ੍ਹ ਦੀ ਪਹਿਲੀ ਘਟਨਾ ਬਾਰੇ ਨੈਲਸਨ ਲਿਖਦਾ ਹੈ:
“ਜੇਲ੍ਹ ’ਚ ਸਾਨੂੰ ਇਕ ਘੰਟਾ ਅਲਫ਼ ਨੰਗੇ ਖੜ੍ਹੇ ਹੋਣ ਲਈ ਕਿਹਾ ਗਿਆ। ਅਜਿਹਾ ਭੱਦਾ ਵਤੀਰਾ ਮੇਰੇ ਮਨ ’ਚ ਰੋਹ ਤਾਂ ਜਗ੍ਹਾ ਹੀ ਰਿਹਾ ਸੀ ਪਰ ਮੈਂ ਆਪਣੇ ਆਲੇ-ਦੁਆਲੇ ਅਲਫ਼ ਨੰਗੇ ਖੜ੍ਹੇ ਆਪਣੇ ਸਾਥੀਆਂ ਨੂੰ ਦੇਖ ਕੇ ਆਪਣਾ ਹਾਸਾ ਨਾ ਰੋਕ ਸਕਿਆ। ਮੈਨੂੰ ਅੱਜ ਇਸ ਕਹਾਵਤ ਦਾ ਸਹੀ ਅਰਥ ਸਮਝ ਆ ਰਿਹਾ ਸੀ ਕਿ ਵਿਅਕਤੀ ਆਪਣੇ ਪਹਿਰਾਵੇ ਤੋਂ ਵੀ ਪਛਾਣਿਆ ਜਾਂਦਾ ਹੈ। ਜੇ ਨੇਤਾ ਬਣਨ ਲਈ ਵਧੀਆ ਸਰੀਰ ਅਤੇ ਪ੍ਰਭਾਵਸ਼ਾਲੀ ਸਿਹਤ ਦੀ ਲੋੜ ਹੁੰਦੀ ਹੈ ਤਾਂ ਸਾਡੇ ’ਚੋਂ ਬਸ ਕੁਝ ਕੁ ਹੀ ਇਸ ਗੱਲ ’ਤੇ ਖਰੇ ਉਤਰਦੇ, ਕਿਉਂਕਿ ਸਾਡੇ ’ਚੋਂ ਸਾਰੇ ਲਗਭਗ ਅਧੇੜ ਉਮਰ ਦੇ ਬਜ਼ੁਰਗ ਸੀ।”
“ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਸੇ ਕੌਮ ਬਾਰੇ ਉਦੋਂ ਤੱਕ ਸਹੀ ਜਾਣਕਾਰੀ ਨਹੀਂ ਮਿਲ ਸਕਦੀ, ਜਦੋਂ ਤੱਕ ਉਨ੍ਹਾਂ ਦੀਆਂ ਜੇਲ੍ਹਾਂ ਨਾ ਵੇਖੀਆਂ ਜਾਣ। ਜਦੋਂ ਕਿ ਕਿਸੇ ਕੌਮ ਦੀ ਸੱਭਿਅਤਾ ਦੇ ਪੱਧਰ ਦਾ ਅਨੁਮਾਨ ਇਸ ਗੱਲੋਂ ਲਾਇਆ ਜਾਣਾ ਚਾਹੀਦਾ ਹੈ ਕਿ ਸਰਕਾਰ ਦਾ ਉਥੋਂ ਦੇ ਜਨ ਸਧਾਰਨ ਪ੍ਰਤੀ ਵਤੀਰਾ ਕਿਸ ਤਰ੍ਹਾਂ ਦਾ ਹੈ।”
ਨੈਲਸਨ ਹੋਰਾਂ ਨੂੰ ਏਥੇ ਦੋ ਹਫ਼ਤਿਆਂ ਤੱਕ ਨਜ਼ਰਬੰਦ ਰੱਖਿਆ ਗਿਆ। ਇਨ੍ਹਾਂ ਗ੍ਰਿਫਤਾਰੀਆਂ ਕਾਰਨ ਦੇਸ਼ ਭਰ ’ਚ ਰੋਹ ਅਤੇ ਗੁੱਸੇ ਦੀ ਲਹਿਰ ਉੱਠ ਰਹੀ ਸੀ। ਦੇਸ਼ ਭਰ ’ਚ ਰੋਸ਼ ਮੁਜ਼ਹਾਰੇ ਹੋਣ ਲੱਗੇ।
ਦੇਸ਼ ਦੇ ਕੋਨੇ-ਕੋਨੇ ਤੋਂ ਲਿਆਂਦੇ ਗਏ ਆਜ਼ਾਦੀ ਘੁਲਾਈਆਂ ਲਈ ਜੇਲ੍ਹ ਕੋਠੜੀ ਦਾ ਮਾਹੌਲ ਇਕ ਸੰਮੇਲਨ ਦਾ ਰੂਪ ਧਾਰਨ ਲੱਗਾ। ਸਾਰੇ ਨੇਤਾਵਾਂ ਨੂੰ ਇਸ ਤਰ੍ਹਾਂ ਇਕੱਠੇ ਕਰਨ ’ਤੇ ਇਸ ਦਾ ਫਾਇਦਾ ਇਹ ਹੋਇਆ ਕਿ ਹੁਣ ਉਹ ਆਪਸੀ ਮਿਲਕੇ ਮੀਟਿੰਗਾਂ ਕਰਨ ਲੱਗੇ। ਜੇਲ੍ਹ ’ਚ ਹੀ ਕਾਂਗਰਸ ਗਠਬੰਧਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਗ਼ੈਰ-ਪਾਬੰਦੀਸ਼ੁਦਾ ਮੀਟਿੰਗ ਹੋਈ।
ਇਸ ਜੇਲ੍ਹ ’ਚ ਹੀ ਪ੍ਰੋ. ਮੈਥਿਊਜ਼ ਏ.ਐੱਨ.ਸੀ. ਅਤੇ ਅਫ਼ਰੀਕਾ ਦੇ ਨੀਗਰੋ ਲੋਕਾਂ ਦੇ ਸੰਘਰਸ਼ ਬਾਰੇ ਲੈਕਚਰ ਦਿੰਦੇ, ਦੇਬੀ ਸਿੰਘ ਦੱਖਣੀ ਅਫ਼ਰੀਕੀ ਭਾਰਤੀ ਮੂਲ ਕਾਂਗਰਸ ਬਾਰੇ ਜਾਣਕਾਰੀ ਦਿੰਦੇ, ਵੂਈਮਿਲੇ ਮਿਨੀ, ਜਿਸਨੂੰ ਬਾਅਦ ’ਚ ਰਾਜਨੀਤਿਕ ਜ਼ੁਰਮ ਅਧੀਨ ਸਰਕਾਰ ਨੇ ਫਾਂਸੀ ਦੇ ਦਿੱਤੀ ਸੀ, ਹਰ ਰੋਜ਼ ਆਜ਼ਾਦੀ ਦੇ ਤਰਾਨੇ ਗਾਉਂਦਾ।
ਏਸੇ ਜੇਲ੍ਹ ’ਚ ਸਭ ਨੇਤਾ ਆਪਸ ’ਚ ਘੁਲ ਮਿਲ ਗਏ। ਹੁਣ ਸਾਰੇ ਨੇਤਾਵਾਂ ਦਾ ਇਕੋ ਏਜੰਡਾ ਸੀ, ਕਿ ਉਹ ਸਭ ਰਾਸ਼ਟਰਵਾਦੀ ਹਨ। ਇਨ੍ਹਾਂ ਪਲਾਂ ਨੇ ਸਾਰੇ ਹੀ ਕੈਦੀ ਨੈਤਾਵਾਂ ’ਚ ਇਕ ਨਵਾਂ ਜਜ਼ਬਾ ਪੈਦਾ ਕਰ ਦਿੱਤਾ ਸੀ।
ਦੋ ਹਫ਼ਤਿਆਂ ਬਾਅਦ ਇਨ੍ਹਾਂ ਸਭ ਨੂੰ 19 ਦਸੰਬਰ ਨੂੰ ਅਦਾਲਤ ’ਚ ਪੇਸ਼ੀ ਲਈ ਲਿਜਾਇਆ ਗਿਆ। ਜਦੋਂ ਫ਼ੌਜੀ ਇਨ੍ਹਾਂ ਨੂੰ ਗੱਡੀਆਂ ’ਚ ਬਿਠਾ ਕੇ ਅਦਾਲਤ ਵੱਲ ਜਾ ਰਹੇ ਸਨ ਤਾਂ ਲੋਕਾਂ ਦੇ ਭਾਰੀ ਇਕੱਠ ਨੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ।
ਸਰਕਾਰ ਨੇ ਇਨ੍ਹਾਂ 156 ਕੈਦੀਆਂ ’ਤੇ ਸੰਗੀਨ ਬਗਾਵਤ ਅਤੇ ਦੇਸ਼-ਵਿਆਪੀ ਹਿੰਸਕ ਰਾਜ ਪਲਟਾ ਕਰਕੇ ਕਮਿਊਨਿਸਟ ਸ਼ਾਸ਼ਨ ਸਥਾਪਿਤ ਕਰਨ ਦਾ ਜ਼ੁਰਮ ਲਾਇਆ। ਇਸ ਅਪਰਾਧ ਦਾ ਸਮਾਂ 1 ਅਕਤੂਬਰ 1952 ਤੋਂ ਲੈ ਕੇ 13 ਦਸੰਬਰ 1956 ਤੱਕ, ਜਿਸ ’ਚ ਅਵੱਗਿਆ ਅੰਦੋਲਨ, ਸੋਫੀਆ ਟਾਊਨ ਖਾਲੀ ਕਰਵਾਏ ਜਾਣ ਵਿਰੁੱਧ ਅੰਦੋਲਨ ਆਦਿ ਸ਼ਾਮਲ ਸਨ।
ਦੱਖਣੀ ਅਫ਼ਰੀਕਾ ਦੇ ਦੇਸ਼ ਧ੍ਰੋਹ ਸੰਬੰਧੀ ਕਾਨੂੰਨ ਅੰਗਰੇਜ਼ੀ ਕਾਨੂੰਨ ’ਤੇ ਅਧਾਰਿਤ ਨਹੀਂ ਸਨ। ਇਹ ਡੱਚ-ਰੋਮਨ ਸਿਧਾਂਤਾਂ ’ਤੇ ਆਧਾਰਿਤ ਸਨ ਜਿਸ ’ਚ ਦੇਸ਼ ਨੂੰ ਖ਼ਤਰੇ ਵਿਚ ਪਾਉਣਾ ਅਤੇ ਨੁਕਸਾਨ ਪਹੁੰਚਾਉਣਾ। ਇਸ ਦੀ ਸਜ਼ਾ ਮੌਤ ਸੀ।
ਅਗਲੇ ਦੋ ਦਿਨ ਸਰਕਾਰੀ ਵਕੀਲ ਵੌਨ ਨੇਇਕਰਕ ਇਸ ਖ਼ਿਲਾਫ਼ ਆਰੋਪ ਪੱਤਰ ਹੀ ਪੜ੍ਹਦਾ ਰਿਹਾ। ਇਸ ਵਕੀਲ ਦਾ ਕਹਿਣਾ ਸੀ ਕਿ ਉਹ ਅਦਾਲਤ ਦੇ ਸਾਹਮਣੇ ਸਾਬਤ ਕਰ ਦੇਵੇਗਾ ਕਿ ਦੇਸ਼ੀ ਵਿਦੇਸ਼ੀ ਸ਼ਕਤੀਆਂ ਨਾਲ ਮਿਲ ਕੇ ਹਥਿਆਰਬੰਦ ਬਗ਼ਾਵਤ ਕਰਕੇ ਇਹ ਦੱਖਣੀ ਅਫ਼ਰੀਕਾ ਦੀ ਮੌਜੂਦਾ ਸਰਕਾਰ ਦਾ ਤਖ਼ਤਾ ਪਲਟ ਕੇ ਕਮਿਊਨਿਸਟ ਸਰਕਾਰ ਸਥਾਪਿਤ ਕਰਨਾ ਚਾਹੁੰਦੇ ਸਨ।
ਸਰਕਾਰ ਨੇ ਏ.ਐੱਨ.ਸੀ. ਤੋਂ ਹੋਰ ਜਥੇਬੰਦੀਆਂ ਦੁਆਰਾ ਤਿਆਰ ਕੀਤੇ “ਫਰੀਡਮ ਚਾਰਟਰ” ਨੂੰ ਕਮਿਊਨਿਸਟ ਸਰਕਾਰ ਸਥਾਪਿਤ ਕਰਨ ਅਤੇ ਬਗ਼ਾਵਤ ਕਰਨ ਸੰਬੰਧੀ ਸਬੂਤ ਵਜੋਂ ਪੇਸ਼ ਕੀਤਾ।
ਪਰ ਚੌਥੇ ਦਿਨ ਅਦਾਲਤ ਨੇ ਕੋਈ ਠੋਸ ਸਬੂਤ ਨਾ ਮਿਲਣ ’ਤੇ ਇਨ੍ਹਾਂ ਸਭ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਇਨ੍ਹਾਂ ਨੂੰ ਇਸ ਸ਼ਰਤ ’ਤੇ ਰਿਹਾਅ ਕੀਤਾ ਗਿਆ ਕਿ ਇਹ ਸਭ ਹਫ਼ਤੇ ’ਚ ਇਕ ਵਾਰ ਆਪਣੇ ਆਪਣੇ ਇਲਾਕੇ ਦੇ ਥਾਣੇ ’ਚ ਹਾਜ਼ਰੀ ਲਵਾਉਣ ਅਤੇ ਇਨ੍ਹਾਂ ’ਚੋਂ ਕੋਈ ਵੀ ਕਿਸੇ ਜਲਸੇ ਜਾਂ ਇਕੱਠ ’ਚ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਅਦਾਲਤ ਨੇ ਕਾਰਵਾਈ ਅਗਲੀ ਜਨਵਰੀ ਤੱਕ ਮੁਲਤਵੀ ਕਰ ਦਿੱਤੀ।
ਦੇਸ਼ ਧ੍ਰੋਹ ਦਾ ਮੁਕੱਦਮਾ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਨੈਲਸਨ ਦੀ ਵਿਆਹੁਤਾ ਜ਼ਿੰਦਗੀ ’ਚ ਸਮੱਸਿਆਵਾਂ ਆਉਂਣੀਆਂ ਸ਼ੁਰੂ ਹੋ ਗਈਆਂ ਸਨ। 1954 ’ਚ ਐਵੇਲਿਨ ਦਾ ਝੁਕਾਅ ‘ਵਾਚ ਟਾਵਰ’ ਨਾਮ ਦੀ ਸੰਸਥਾ ’ਚ ਵੱਧ ਗਿਆ ਸੀ। ਐਵੇਲਿਨ ਪੂਰੀ ਤਰ੍ਹਾਂ ਧਾਰਮਿਕ ਹੋ ਗਈ ਸੀ। ਹੁਣ ਉਹ ਨੈਲਸਨ ਨੂੰ ਵੀ ਕਹਿੰਦੀ ਕਿ ਉਹ ਵੀ ਰਾਜਨੀਤਿਕ ਸੰਘਰਸ਼ ਛੱਡ ਪ੍ਰਮਾਤਮਾ ਦੀ ਭਗਤੀ ਵੱਲ ਧਿਆਨ ਕਰੇ।
ਏ.ਐੱਨ.ਸੀ. ਅਤੇ ਸੰਘਰਸ਼, ਦੋਹਾਂ ’ਚ ਨੈਲਸਨ ਦਾ ਅਟੁੱਟ ਵਿਸ਼ਵਾਸ ਸੀ। ਇਹ ਗੱਲ ਐਵੇਲਿਨ ਨੂੰ ਪਸੰਦ ਨਹੀਂ ਸੀ। ਉਹ ਸੋਚਦੀ ਸੀ ਕਿ ਰਾਜਨੀਤੀ ਜਵਾਨੀ ਦਾ ਇਕ ਵਲਵਲਾ ਮਾਤਰ ਹੀ ਹੈ, ਇਹ ਅਗਲੇ ਜਨਮ ’ਚ ਕੰਮ ਨਹੀਂ ਆਵੇਗਾ।
ਇਸਦੇ ਜਵਾਬ ’ਚ ਨੈਲਸਨ ਉਸਨੂੰ ਸਮਝਾਉਂਦਾ:
“ਮੈਂ ਉਸਨੂੰ ਤਰੀਕੇ ਨਾਲ ਸਮਝਾਉਂਦਾ ਕਿ ਮੈਂ ਰਾਜਨੀਤੀ ਨੂੰ ਮਹਿਜ਼ ਜਵਾਨੀ ਦਾ ਇਕ ਵਲਵਲਾ ਨਹੀਂ ਸਮਝਦਾ। ਇਹ ਮੇਰੇ ਜੀਵਨ ਦਾ ਮਕਸਦ ਅਤੇ ਮੇਰੀ ਹੋਂਦ ਦਾ ਇਕ ਬੁਨਿਆਦੀ ਆਧਾਰ ਹੈ।”
ਪਰ ਇਹ ਗੱਲ ਐਵੇਲਿਨ ਨੂੰ ਨਾ ਸ਼ੋਭਦੀ। ਸੋ ਦੋਵਾਂ ਦੀ ਸੋਚ ’ਚ ਏਨਾ ਪਾੜਾ ਵੱਧ ਗਿਆ ਸੀ ਕਿ ਹੁਣ ਉਹ ਇਕੱਠੇ ਨਹੀਂ ਰਹਿ ਸਕਦੇ ਸੀ। ਅਖ਼ੀਰ ਕਾਫ਼ੀ ਸਮਾਂ ਏਦਾਂ ਹੀ ਝਗੜਾ ਚੱਲਣ ਤੋਂ ਬਾਅਦ 1958 ’ਚ ਐਵੇਲਿਨ ਨੇ ਨੈਲਸਨ ਨੂੰ ਏ.ਐਨ.ਸੀ. ਤੇ ਉਸਦੇ ਵਿਚੋਂ ਇਕ ਨੂੰ ਚੁਣਨ ਲਈ ਕਿਹਾ।
ਨੈਲਸਨ ਨੇ ਅਜੇ ਕੋਈ ਫ਼ੈਸਲਾ ਨਾ ਲਿਆ ਤੇ ਦਸੰਬਰ ’ਚ ਜਦੋਂ ਉਸਦੀ ਗ੍ਰਿਫਤਾਰੀ ਹੋਈ ਤੇ ਗ੍ਰਿਫਤਾਰੀ ਤੋਂ ਦੋ ਹਫ਼ਤੇ ਬਾਅਦ ਜਦੋਂ ਹੁਣ ਨੈਲਸਨ ਘਰ ਵਾਪਿਸ ਪਰਤਿਆ ਤਾਂ ਘਰ ਬਿਲਕੁਲ ਖਾਲੀ ਸੀ। ਇਹ ਵੇਖ ਕੇ ਨੈਲਸਨ ਨੂੰ ਕਾਫ਼ੀ ਝਟਕਾ ਲੱਗਾ। ਐਵੇਲਿਨ ਉਸਨੂੰ ਛੱਡ ਕੇ ਆਪਣੇ ਭਰਾ ਦੇ ਘਰ ਚਲੀ ਗਈ ਸੀ।
ਆਪਣੀ ਪਤਨੀ ਬਾਰੇ ਨੈਲਸਨ ਕਹਿੰਦਾ ਹੈ,
“ਭਾਵੇਂ ਮੇਰੇ ਤੇ ਐਵੇਲਿਨ ਦੇ ਵਿਚਾਰ ਆਪਸ ’ਚ ਨਹੀਂ ਮਿਲਦੇ ਸੀ ਪਰ ਉਹ ਇਕ ਬਹੁਤ ਹੀ ਚੰਗੀ ਔਰਤ ਸੀ, ਸੋਹਣੀ, ਤਕੜੀ, ਵਿਸ਼ਵਾਸਪਾਤਰ ਤੇ ਵਧੀਆ ਮਾਂ। ਮੇਰੇ ਦਿਲ ’ਚ ਹਮੇਸ਼ਾ ਹੀ ਉਸ ਲਈ ਸਤਿਕਾਰ ਦਾ ਜਜ਼ਬਾ ਰਿਹਾ ਪਰ ਅਖ਼ੀਰ ਅਸੀਂ ਆਪਣੇ ਵਿਆਹੁਤਾ ਜੀਵਨ ਨੂੰ ਹੰਢਾ ਨਾ ਸਕੇ।”
ਆਉਣ ਵਾਲੇ ਸਾਲਾਂ 'ਚ ਸਿੰਗਾਪੁਰ ਦੀ ਵਿੱਤੀ ਹਾਲਤ ਕਮਜ਼ੋਰ ਹੋ ਜਾਵੇਗੀ : ਉਪ ਪ੍ਰਧਾਨ ਮੰਤਰੀ
NEXT STORY