ਕਾਠਮੰਡੂ- ਨੇਪਾਲ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ ਵਿਚ ਲਗਾਏ ਗਏ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਮੰਗਲਵਾਰ ਨੂੰ ਸਰਕਾਰ ਨੇ 27 ਅਪ੍ਰੈਲ ਤਕ ਲਈ ਲਾਕਡਾਊਨ ਵਧਾਇਆ ਹੈ ਕਿਉਂਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।
ਸੱਭਿਆਚਾਰ ਤੇ ਸੈਲਾਨੀ ਵਿਭਾਗ ਦੇ ਮੰਤਰੀ ਯੋਗੇਸ਼ ਭੱਟਾਰਾਈ ਨੇ ਦੱਸਿਆ ਕਿ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਲਾਕਡਾਊਨ ਦੀ ਤਰੀਕ ਵਧਾ ਕੇ 27 ਅਪ੍ਰੈਲ ਕਰਨ ਦਾ ਫੈਸਲਾ ਲਿਆ ਗਿਆ ਹੈ। ਨੇਪਾਲ ਵਿਚ 24 ਮਾਰਚ ਨੂੰ ਪਹਿਲੀ ਵਾਰ ਲਾਕਡਾਊਨ ਲਗਾਇਆ ਗਿਆ ਸੀ ਤੇ ਇਸ ਦੇ ਬਾਅਦ ਹੁਣ ਤੀਜੀ ਵਾਰ ਸਰਕਾਰ ਨੇ ਇਸ ਵਿਚ ਵਾਧਾ ਕੀਤਾ ਹੈ। ਉਂਝ ਲਾਕਡਾਊਨ ਦੀ ਆਖਰੀ ਮਿਆਦ 15 ਅਪ੍ਰੈਲ ਨੂੰ ਖਤਮ ਹੋਣੀ ਸੀ।
ਜ਼ਿਕਰਯੋਗ ਹੈ ਕਿ ਨੇਪਾਲ ਵਿਚ ਪਹਿਲਾਂ ਸਿਰਫ 4 ਕੁ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਸਨ ਪਰ ਹੁਣ ਪੀੜਤਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਮੰਤਰੀ ਮੰਡਲ ਦੀ ਇਕ ਬੈਠਕ ਦੌਰਾਨ ਲਾਕਡਾਊਨ ਦੀ ਤਰੀਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਬੈਠਕ ਦੌਰਾਨ ਮੰਤਰੀ ਕਾਫੀ ਦੂਰੀ ਬਣਾ ਕੇ ਬੈਠੇ ਸਨ।
ਲਾਕਡਾਊਨ ਤਹਿਤ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਘਰੇਲੂ ਅਤੇ ਕੌਮਾਂਤਰੀ ਉਡਾਣਾਂ 'ਤੇ ਵੀ ਰੋਕ ਲਗਾਈ ਗਈ ਹੈ। ਨੇਪਾਲ ਵਿਚ ਬਾਕੀ ਦੇਸ਼ਾਂ ਨਾਲੋਂ ਸਥਿਤੀ ਕਾਫੀ ਚੰਗੀ ਹੈ ਅਤੇ ਕੋਰੋਨਾ ਕਾਰਨ ਕੋਈ ਮੌਤ ਦਰਜ ਨਹੀਂ ਹੋਈ ਕਿਉਂਕਿ ਇੱਥੇ ਜਲਦੀ ਹੀ ਸਖਤ ਕਦਮ ਚੁੱਕ ਲਏ ਗਏ ਸਨ। ਇਸ ਦੇਸ਼ ਨੇ ਸੈਲਾਨੀਆਂ ਦੇ ਆਉਣ 'ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਸੀ।
ਸਪੇਨ ਦੀ ਉਪ ਪ੍ਰਧਾਨ ਮੰਤਰੀ ਨੇ ਜਿੱਤੀ ਕੋਰੋਨਾ ਜੰਗ, ਦੇਸ਼ ਭਰ 'ਚ ਵਧੇ ਮਾਮਲੇ
NEXT STORY