ਦੁਬਈ (ਭਾਸ਼ਾ)- ਈਰਾਨ ਦੇ ਨਿਆਂਇਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਕ ਅਖਬਾਰ 'ਤੇ ਕਥਿਤ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦੇ ਪਹਿਲੇ ਪੰਨੇ 'ਤੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਵਰਗੇ ਦਿੱਖਣ ਵਾਲੇ ਹੱਥ ਦੀ ਤਸਵੀਰ ਬਣਾਈ ਗਈ ਸੀ। ਤਸਵੀਰ ਵਿਚ ਖਾਮਨੇਈ ਦੇ ਹੱਥ ਵਰਗਾ ਦਿੱਖਣ ਵਾਲਾ ਇਕ ਹੱਥ ਈਰਾਨ ਦੀ ਗ਼ਰੀਬੀ ਰੇਖਾ ਖਿੱਚਦਾ ਦਿਖਾਇਆ ਗਿਆ ਸੀ। ਧਿਆਨ ਯੋਗ ਹੈ ਕਿ ਦੇਸ਼ ਦੀ ਡਿਗਦੀ ਅਰਥਵਿਵਸਥਾ ਨੂੰ ਲੈ ਕੇ ਜਨਤਾ ਦਾ ਗੁੱਸਾ ਵਧਦਾ ਜਾ ਰਿਹਾ ਹੈ।
ਅਰਧ-ਸਰਕਾਰੀ ਸਮਾਚਾਰ ਏਜੰਸੀ 'ਮੇਹਰ' ਨੇ ਰਿਪੋਰਟ ਦਿੱਤੀ ਕਿ ਈਰਾਨ ਦੀ ਮੀਡੀਆ ਨਿਗਰਾਨੀ ਸੰਸਥਾ ਨੇ ਰੋਜ਼ਾਨਾ ਅਖ਼ਬਾਰ ‘ਕੇਲਿਦ’ ਨੂੰ ਬੰਦ ਕਰ ਦਿੱਤਾ ਹੈ, ਕਿਉਂਕਿ ਸ਼ਨੀਵਾਰ ਨੂੰ ਅਖ਼ਬਾਰ ਦੇ ਪਹਿਲੇ ਸਫੇ ’ਤੇ ਇਕ ਲੇਖ ਛਾਪਿਆ ਗਿਆ ਸੀ, ਜਿਸਦਾ ਸਿਰਲੇਖ ਸੀ ‘ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਂਦੇ ਲੱਖਾਂ ਈਰਾਨੀ।’ ਸਿਰਲੇਖ ਦੇ ਹੇਠਾਂ ਇਕ ਚਿੱਤਰ ਬਣਾਇਆ ਗਿਆ ਸੀ ਜਿਸ ਵਿਚ ਇਕ ਵਿਅਕਤੀ ਨੇ ਆਪਣੇ ਖੱਬੇ ਹੱਥ ਵਿਚ ਕਲਮ ਫੜ੍ਹੀ ਹੋਈ ਹੈ ਅਤੇ ਉਹ ਲਾਲ ਰੰਗ ਦੀ ਗ਼ਰੀਬੀ ਰੇਖਾ ਖਿੱਚ ਰਿਹਾ ਹੈ ਜਿਸਦੇ ਹੇਠਾਂ ਆਮ ਜਨਤਾ ਨੂੰ ਦਰਸ਼ਾਇਆ ਗਿਆ ਹੈ।
ਇਹ ਗ੍ਰਾਫਿਕ ਈਰਾਨ ਦੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਾਮਨੇਈ ਦੇ ਇਕ ਪੁਰਾਣੇ ਚਿੱਤਰ ਨਾਲ ਮੇਲ ਖਾਂਦਾ ਹੈ ਜਿਸ ਵਿਚ ਉਹ ਆਪਣੇ ਖੱਬੇ ਹੱਥ ਨਾਲ ਕਾਗਜ਼ ਦੇ ਇਕ ਟੁਕੜੇ ’ਤੇ ਕੁਝ ਲਿਖ ਰਹੇ ਹਨ ਅਤੇ ਉਨ੍ਹਾਂ ਦੀ ਇਕ ਉਂਗਲੀ ਵਿਚ ਮੁੰਦਰੀ ਹੈ ਜੋ ਉਹ ਅਕਸਰ ਪਾਉਂਦੇ ਹਨ। ਸਾਲ 1981 ਵਿਚ ਹੋਈ ਬੰਬਾਰੀ ਤੋਂ ਬਾਅਦ ਤੋਂ ਉਨ੍ਹਾਂ ਦਾ ਸੱਜਾ ਹੱਥ ਕੰਮ ਨਹੀਂ ਕਰਦਾ ਹੈ। ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐੱਨ.ਏ. ਨੇ ਕਿਹਾ ਕਿ ਕੇਲਿਦ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਹੈ। ਇਸ 'ਤੇ ਕੇਲਿਦ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਖ਼ਬਾਰ ਦੀ ਵੈੱਬਸਾਈਟ ਵੀ ਬੰਦ ਕਰ ਦਿੱਤੀ ਗਈ ਹੈ।
ਪਾਕਿਸਤਾਨ ਦੀ ਭਾਰਤ ਨੂੰ ਅਪੀਲ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਲਾਂਘਾ
NEXT STORY