ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਸਾਹਿਤਿਕ ਸਰਗਰਮੀਆਂ ਦੀ ਲੜੀ ਵਜੋਂ ਪੰਜ ਦਰਿਆ ਟੀਮ ਵੱਲੋਂ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਲਾਮ ਕਹਿਣ ਲਈ ਪੰਜ ਦਰਿਆ ਟੀਮ ਵੱਲੋਂ ਗੁਰਬਚਨ ਸਿੰਘ ਯਾਦਗਾਰੀ ਸਲਾਨਾ ਸਨਮਾਨ ਸਮਾਰੋਹ ਕਰਵਾਉਣ ਦਾ ਅਹਿਦ ਲਿਆ ਸੀ। ਜਿਸ ਤਹਿਤ ਵਿਸ਼ਵ ਪ੍ਰਸਿੱਧ ਰੰਗਕਰਮੀ ਤੇ ਰੰਗਮੰਚ ਨਿਰਦੇਸ਼ਕ ਡਾਕਟਰ ਨਿਰਮਲ ਜੌੜਾ ਨੂੰ ਗੁਰਬਚਨ ਸਿੰਘ ਖੁਰਮੀ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਸਨਮਾਨ ਸਮਾਰੋਹ ਦੀ ਸ਼ੁਰੂਆਤ ਲਾਭ ਗਿੱਲ ਦੋਦਾ ਨੇ ਕਰਦਿਆਂ ਯੂ.ਕੇ ਭਰ ਵਿੱਚੋਂ ਪਹੁੰਚੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਮੰਚ ਦੀ ਕਾਰਵਾਈ ਸਾਂਭਦਿਆਂ ਸੰਚਾਲਕ ਨੇ ਡਾਕਟਰ ਨਿਰਮਲ ਜੌੜਾ ਬਾਰੇ ਸੰਖੇਪ ਜਾਣ ਪਛਾਣ ਦਿੱਤੀ ਤੇ ਆਪਣੇ ਪਿਤਾ ਗੁਰਬਚਨ ਸਿੰਘ ਖੁਰਮੀ ਜੀ ਦੀ ਜੀਵਨੀ ਬਾਰੇ ਵਿਚਾਰ ਪੇਸ਼ ਕੀਤੇ। ਉੱੱਘੇ ਵਾਲੀਬਾਲ ਖਿਡਾਰੀ ਤੇ ਖੇਡ ਪ੍ਰਮੋਟਰ ਅਜੈਬ ਸਿੰਘ ਗਰਚਾ ਨੇ ਇਸ ਸਨਮਾਨ ਸਮਾਰੋਹ ਦੀ ਲੋੜ ਅਤੇ ਇਸ ਉਪਰਾਲੇ ਲਈ ਸ਼ਾਬਾਸ਼ ਦਿੱਤੀ। ਉਹਨਾਂ ਕਿਹਾ ਕਿ ਜੇਕਰ ਤੁਹਾਡੀ ਝੋਲੀ ਵਿੱਚ ਸਨਮਾਨ ਹੈ ਤਾਂ ਤੁਸੀਂ ਸਨਮਾਨ ਹੀ ਵੰਡੋਗੇ, ਸੋ ਪੰਜ ਦਰਿਆ ਟੀਮ ਇਸ ਗੱਲੋਂ ਵਧਾਈ ਦੀ ਪਾਤਰ ਹੈ ਜਿਹਨਾਂ ਡਾਕਟਰ ਨਿਰਮਲ ਜੌੜਾ ਦੇ ਕਾਰਜਾਂ ਨੂੰ ਪਛਾਣ ਕੇ ਉਹਨਾਂ ਨੂੰ ਸਕਾਟਲੈਂਡ ਬੁਲਾ ਕੇ ਸਨਮਾਨ ਦਿੱਤਾ। ਡਾਕਟਰ ਤਾਰਾ ਸਿੰਘ ਆਲਮ ਨੇ ਡਾਕਟਰ ਨਿਰਮਲ ਜੌੜਾ ਦੇ ਸਾਹਿਤਕ ਸਫਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਡਾਕਟਰ ਜੌੜਾ ਇੱਕ ਹੀ ਨਹੀਂ ਸਗੋਂ ਕਈ ਸੰਸਥਾਵਾਂ ਵਾਂਗ ਕੰਮ ਕਰ ਰਹੇ ਹਨ। ਉਹ ਨੌਜਵਾਨ ਵਰਗ ਲਈ ਊਰਜਾ ਵੰਡਣ ਦਾ ਵੱਡਾ ਕਾਰਜ ਕਰ ਰਹੇ ਹਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸੁਰਜੀਤ ਸਿੰਘ ਚੌਧਰੀ ਐਮਬੀਈ, ਸਰਦਾਰ ਜਸਪਾਲ ਸਿੰਘ ਖਹਿਰਾ ਨੇ ਇਸ ਉਪਰਾਲੇ ਲਈ ਜਿੱਥੇ ਪੰਜ ਦਰਿਆ ਟੀਮ ਦਾ ਮੋਢਾ ਥਾਪੜਿਆ ਉੱਥੇ ਡਾਕਟਰ ਨਿਰਮਲ ਜੌੜਾ ਨੂੰ ਸਕਾਟਲੈਂਡ ਦੀ ਸੰਗਤ ਤਰਫੋਂ ਜੀ ਆਇਆ ਵੀ ਕਿਹਾ। ਇਸ ਸਮੇਂ ਗੁਰਮੇਲ ਸਿੰਘ ਧਾਮੀ, ਪ੍ਰਭਜੋਤ ਕੌਰ ਵਿਰ੍ਹੀਆ, ਪਸ਼ੌਰਾ ਸਿੰਘ ਬਲ, ਹਰਦਿਆਲ ਸਿੰਘ ਬਾਹਰੀ, ਗੁਰਦੀਪ ਸਿੰਘ ਸਮਰਾ ਵੱਲੋਂ ਵੀ ਇਸ ਸਲਾਨਾ ਸਮਾਰੋਹ ਨੂੰ ਬਹੁਤ ਹੀ ਸ਼ੁਭ ਕਾਰਜ ਦੱਸਦਿਆਂ ਡਾਕਟਰ ਨਿਰਮਲ ਜੌੜਾ ਨੂੰ ਵਧਾਈ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਇਸ ਉਪਰਾਲੇ ਲਈ ਪੰਜ ਦਰਿਆ ਟੀਮ ਦੇ ਮੋਢੇ ਨਾਲ ਮੋਢਾ ਲਾ ਕੇ ਸੈਂਟਰਲ ਮੇਲ ਮਿਲਾਪ ਸੈਂਟਰ ਦੇ ਸਰਗਰਮ ਕਾਰਕੁੰਨ ਪਸ਼ੌਰਾ ਸਿੰਘ ਬਲ, ਸੁਰਜੀਤ ਕੌਰ, ਜਸਵੀਰ ਕੌਰ, ਨਿਰਮਲ ਸਿੰਘ, ਸਵਰਨ ਸਿੰਘ ਵੱਲੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ। ਜਿਉਂ ਹੀ ਡਾਕਟਰ ਨਿਰਮਲ ਜੌੜਾ ਨੂੰ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਆ ਗਿਆ ਤਾਂ ਸਮੁੱਚਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਨਮਾਨ ਉਪਰੰਤ ਆਪਣੇ ਵਿਲੱਖਣ ਤੇ ਸ਼ਾਇਰਾਨਾ ਅੰਦਾਜ਼ ਵਿੱਚ ਬੋਲਦਿਆਂ ਡਾਕਟਰ ਨਿਰਮਲ ਜੌੜਾ ਨੇ ਜਿੱਥੇ ਸਰਦਾਰ ਗੁਰਬਚਨ ਸਿੰਘ ਖੁਰਮੀ ਨਾਲ ਵਿਚਰਨ ਵਾਲੇ ਪਲਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ, ਉੱਥੇ ਉਹਨਾਂ ਦੀ ਸਾਹਿਤ ਅਤੇ ਸਮਾਜ ਨੂੰ ਦੇਣ ਦੀ ਵੀ ਭਰਵੀਂ ਤਾਰੀਫ ਕੀਤੀ। ਉਹਨਾਂ ਗੁਰਬਚਨ ਸਿੰਘ ਖੁਰਮੀ ਜੀ ਦੀ ਹਸਮੁਖ ਤੇ ਕਲਾਵਾਨ ਸ਼ਖਸ਼ੀਅਤ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਇਸ ਸਨਮਾਨ ਲਈ ਆਪਣੇ ਆਪ ਨੂੰ ਭਾਗਸ਼ਾਲੀ ਕਿਹਾ।
ਪੜ੍ਹੋ ਇਹ ਅਹਿਮ ਖ਼ਬਰ-...ਤਾਂ ਜ਼ਿੰਦਗੀ ਭਰ ਲਈ ਰੱਦ ਕੀਤਾ ਜਾ ਸਕਦੈ ਤੁਹਾਡਾ ਵੀਜ਼ਾ, ਚੇਤਾਵਨੀ ਜਾਰੀ
ਉਹਨਾਂ ਪੰਜ ਦਰਿਆ ਟੀਮ ਦੇ ਨਾਲ ਨਾਲ ਸੈਂਟਰਲ ਮੇਲ ਮਿਲਾਪ ਸੈਂਟਰ, ਸੈਂਟਰਲ ਗੁਰਦੁਆਰਾ ਸਿੰਘ ਸਭਾ ਅਤੇ ਸਕਾਟਲੈਂਡ ਦੀ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਅਥਾਹ ਮੁਹੱਬਤ ਉਹਨਾਂ ਦੀ ਝੋਲੀ ਪਾਈ। ਪੰਜ ਦਰਿਆ ਟੀਮ ਵੱਲੋਂ ਅਤੇ ਲਾਭ ਸਿੰਘ ਗਿੱਲ ਵੱਲੋਂ ਸਕਾਟਲੈਂਡ ਦੇ ਰਿਵਾਇਤੀ ਮਫਲਰ ਅਤੇ ਪ੍ਰਸ਼ੰਸਾ ਪੱਤਰ ਡਾਕਟਰ ਨਿਰਮਲ ਜੌੜਾ, ਡਾਕਟਰ ਤਾਰਾ ਸਿੰਘ ਆਲਮ ਤੇ ਅਜੈਬ ਸਿੰਘ ਗਰਚਾ ਨੂੰ ਵਿਸ਼ੇਸ਼ ਤੌਰ 'ਤੇ ਭੇਂਟ ਕੀਤੇ। ਸਮਾਗਮ ਇੰਨਾਂ ਸ਼ਾਨਦਾਰ ਤੇ ਰੌਚਕ ਰਿਹਾ ਕਿ ਸਾਰੇ ਸਮਾਰੋਹ ਦੌਰਾਨ ਚੁੱਪ ਵਰਤੀ ਰਹੀ। ਹਾਜ਼ਰ ਲੋਕ ਬੁਲਾਰਿਆਂ ਨੂੰ ਇੰਨੀ ਸ਼ਿੱਦਤ ਨਾਲ ਸੁਣਦੇ ਰਹੇ ਕਿ ਸੂਈ ਡਿੱਗੀ ਦਾ ਖੜਕਾ ਵੀ ਸੁਣਿਆ ਜਾ ਸਕਦਾ ਸੀ। ਅਖੀਰ ਵਿੱਚ ਸੰਚਾਲਕ ਵੱਲੋਂ ਬਹੁਤ ਹੀ ਜਲਦਬਾਜ਼ੀ ਵਿੱਚ ਸੱਦੇ 'ਤੇ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਪਾਕਿਸਤਾਨ ਗਵਰਨਰ ਹਾਊਸ ਵਿੱਚ ਸੇਵਾਵਾਂ ਨਿਭਾ ਰਹੇ ਜਨਾਬ ਰਾਣਾ ਆਬਿਦ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ। ਭਾਈਚਾਰੇ ਦੇ ਲੋਕਾਂ ਵੱਲੋਂ ਅਖੀਰ ਵਿੱਚ ਚਾਹ ਪਾਣੀ ਦੌਰਾਨ ਸਮੁੱਚੀ ਟੀਮ ਨੂੰ ਜਿੱਥੇ ਇਸ ਸਫਲ ਸਮਾਗਮ ਦੀ ਵਧਾਈ ਦਿੱਤੀ ਉੱਥੇ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਲਈ ਸਹਿਯੋਗ ਦਾ ਭਰੋਸਾ ਵੀ ਦਿੱਤਾ। ਵਰਿੰਦਰ ਖੁਰਮੀ ਦੀਆਂ ਸੇਵਾਵਾਂ ਦੀ ਪੰਜ ਦਰਿਆ ਟੀਮ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਰੂਸ ਅਤੇ ਯੂਕ੍ਰੇਨ ਵਿਚਕਾਰ ਹਵਾਈ ਹਮਲੇ, ਚਾਰ ਮੌਤਾਂ
NEXT STORY