ਅਲਬਰਟਾ— ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਲੈੱਥਬ੍ਰਿਜ 'ਚ ਐਤਵਾਰ ਦੀ ਰਾਤ ਪੁਲਸ ਨੂੰ ਕਿਸੇ ਖਤਰੇ ਦੀ ਜਾਣਕਾਰੀ ਮਿਲੀ। ਲੀਥਬ੍ਰਿਜ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਲੈੱਥਬ੍ਰਿਜ 'ਚ ਹੈਰੀਟੇਜ ਬਲਵਡ ਦੇ 100 ਬਲਾਕ ਇਲਾਕੇ 'ਚ ਖਤਰਾ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਿੰਨਾ ਹੋ ਸਕਣ ਇਸ ਇਲਾਕੇ ਤੋਂ ਦੂਰ ਰਹਿਣ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਰਾਤ 10.25 ਵਜੇ ਇਕ ਟਵੀਟ ਸਾਂਝਾ ਕੀਤਾ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਪਾਏ ਸਨ ਕਿ ਇੱਥੇ ਕੋਈ 'ਐਕਟਿਵ ਸ਼ੂਟਰ' ਹੈ ਪਰ ਪੁਲਸ ਨੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ।
ਇਸ ਦੇ 30 ਕੁ ਮਿੰਟਾਂ ਬਾਅਦ ਹੀ ਪੁਲਸ ਨੇ ਇਕ ਵਾਰ ਹੋਰ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਲੋਕ ਆਪਣਾ ਧਿਆਨ ਰੱਖਣ ਅਤੇ ਝੂਠੀਆਂ ਅਫਵਾਹਾਂ ਤੋਂ ਬਚਣ । ਉਨ੍ਹਾਂ ਕਿਹਾ ਕਿ ਲੋਕ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਕਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ,''ਐਕਟਿਵ ਸ਼ੂਟਰ ਵਾਲੀ ਜਾਣਕਾਰੀ ਗਲਤ ਸੀ।'' ਇਸ ਤੋਂ ਇਲਾਵਾ ਪੁਲਸ ਵੱਲੋਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਫਿਲਹਾਲ ਇਸ ਇਲਾਕੇ 'ਚ ਅਜੇ ਵੀ ਪੁਲਸ ਘੁੰਮ ਰਹੀ ਹੈ। ਇੱਥੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਲੈੱਥਬ੍ਰਿਜ ਦੇ ਨੇੜਲੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਗੋਲੀਆਂ ਵੱਜਣ ਦੀਆਂ ਆਵਾਜ਼ਾਂ ਸੁਣੀਆਂ। ਇਲਾਕੇ 'ਚ ਪੁਲਸ ਦੀਆਂ ਗੱਡੀਆਂ ਖੜ੍ਹੀਆਂ ਹਨ ਅਤੇ ਕਈ ਪੁਲਸ ਅਧਿਕਾਰੀ ਕਈ ਥਾਵਾਂ 'ਤੇ ਤਾਇਨਾਤ ਹਨ। ਅਜੇ ਵੀ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਹੀ ਸਲਾਹ ਦਿੱਤੀ ਗਈ ਹੈ।
ਸਿੱਖ ਯਾਤਰੀਆਂ ਨੂੰ ਰੋਕਣ ਦੇ ਦੋਸ਼ਾਂ ਨੂੰ ਪਾਕਿ ਨੇ ਦੱਸਿਆ ਬੇਬੁਨਿਆਦ, ਦਿੱਤਾ ਇਹ ਜਵਾਬ
NEXT STORY