ਸਟਾਕਟਨ/ਕੈਲੀਫੋਰਨੀਆ (ਰਾਜ ਗੋਗਨਾ)— ਯੂਬਾ ਬ੍ਰਦਰਜ਼ ਹਾਕੀ ਕਲੱਬ ਵੱਲੋਂ ਕਰਵਾਏ ਜਾਂਦੇ ਸਾਲਾਨਾ ਹਾਕੀ ਟੂਰਨਾਮੈਂਟ ਵਿਚ ਇਸ ਵਾਰ ਸਾਬਕਾ ਓਲੰਪੀਅਨ ਸ. ਸੁਰਿੰਦਰ ਸਿੰਘ ਸੋਢੀ ਨੂੰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ। 17 ਤੋਂ 19 ਮਈ 2018 ਤੱਕ ਕਰਵਾਏ ਜਾਣ ਵਾਲੇ ਇਸ ਤਿੰਨ ਦਿਨਾਂ ਟੂਰਨਾਮੈਂਟ ਦੇ ਪ੍ਰਬੰਧਾਂ ਸਬੰਧੀ ਇਕ ਮੀਟਿੰਗ ਡਾਇਮੰਡ ਟਰਾਂਸਪੋਰਟ ਦੇ ਦਫ਼ਤਰ ਵਿਚ ਆਯੋਜਿਤ ਕੀਤੀ ਗਈ, ਜਿਸ ਵਿਚ ਯੂਨਾਈਟਡ ਸਪੋਰਟਸ ਕਲੱਬ ਦੇ ਸ. ਅਮੋਲਕ ਸਿੰਘ ਗਾਖਲ ਅਤੇ ਸੁਰਿੰਦਰ ਸਿੰਘ ਸੋਢੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਯੂਬਾ ਬ੍ਰਦਰਜ਼ ਹਾਕੀ ਕਲੱਬ ਦੇ ਗੁਰਵਿੰਦਰ ਸਿੰਘ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਾਂ ਖੇਡ ਕਬੱਡੀ ਲਈ ਹੀ ਅੱਗੇ ਹੋ ਕੇ ਯਤਨ ਨਹੀਂ ਕੀਤੇ ਸਗੋਂ ਹਾਕੀ ਵੀ ਪੰਜਾਬੀਆਂ ਦੀ ਮਾਣ ਵਾਲੀ ਖੇਡ ਰਹੀ ਹੈ। ਕੋਈ ਸਮਾਂ ਸੀ ਜਦੋਂ ਭਾਰਤ ਦੀ ਹਾਕੀ ਟੀਮ ਵਿਚ ਪੰਜਾਬ ਦੇ ਜਲੰਧਰ ਜ਼ਿਲੇ ਦੇ ਪਿੰਡ ਸੰਸਾਰਪੁਰ ਦੇ 11 ਖਿਡਾਰੀ ਸ਼ਾਮਿਲ ਸਨ। ਇਸ ਤਿੰਨ ਰੋਜ਼ਾ ਟੂਰਨਾਮੈਂਟ ਵਿਚ ਅਮਰੀਕਨ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਨ ਦਾ ਵੀ ਇਕ ਸਫਲ ਯਤਨ ਕੀਤਾ ਜਾ ਰਿਹਾ ਹੈ। ਸ. ਗਾਖਲ ਨੇ ਕਿਹਾ ਕਿ ਉਹ ਆਪਣੇ ਪਿਤਾ ਸ. ਨਸੀਬ ਸਿੰਘ ਦੀ ਯਾਦ ਵਿਚ ਇਸ ਹਾਕੀ ਟੂਰਨਾਮੈਂਟ ਲਈ ਪਹਿਲਾ ਇਨਾਮ ਦਿੰਦੇ ਆ ਰਹੇ ਹਨ ਅਤੇ ਇਸ ਕਲੱਬ ਨਾਲ ਭਵਿੱਖ ਵਿਚ ਵੀ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਰਹਿਣਗੇ। ਸ. ਸੋਢੀ ਨੇ ਕਿਹਾ ਕਿ ਅਮਰੀਕਾ ਵਿਚ ਪੰਜਾਬੀਆਂ ਦੇ ਕਈ ਖੇਡ ਕਲੱਬ ਬਹੁਤ ਸਰਗਰਮੀ ਨਾਲ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੰਮ ਕਰ ਰਹੇ ਹਨ ਤੇ ਉਹ ਇਸ ਕਲੱਬ ਦੇ ਮਈ ਮਹੀਨੇ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਆਪਣੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਸ਼ਾਮਿਲ ਹੋਣਾ ਮਾਣ ਸਮਝਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਸ਼ਿਆਰਪੁਰ ਵਿਚ ਨੌਜਵਾਨ ਪੀੜ੍ਹੀ ਨੂੰ ਹਾਕੀ ਨਾਲ ਮੁੜ ਤੋਂ ਸਰਗਰਮੀ ਨਾਲ ਜੋੜਨ ਲਈ ਇਕ ਅਕੈਡਮੀ ਅਤੇ ਐਸਟੋਟਰਫ ਮੈਦਾਨ ਬਣਾਉਣ ਦੀ ਤਿਆਰੀ ਵਿਚ ਲੱਗੇ ਹੋਏ ਹਨ। ਜਲਦੀ ਹੀ ਇਸ ਦੇ ਚੰਗੇ ਨਤੀਜੇ ਪੰਜਾਬੀਆਂ ਨੂੰ ਦੇਖਣ ਲਈ ਮਿਲਣਗੇ। ਇਸ ਮੀਟਿੰਗ ਵਿਚ ਨਰਿੰਦਰ ਸਿੰਘ ਸਹੋਤਾ, ਨੱਥਾ ਸਿੰਘ ਗਾਖਲ, ਸਾਧੂ ਸਿੰਘ ਖਲੌਰ, ਜੁਗਰਾਜ ਸਿੰਘ ਸਹੋਤਾ, ਮਾਈਕ ਬੋਪਾਰਾਏ, ਮਿੱਕੀ ਅਟਵਾਲ, ਪਿੰਕੀ ਅਟਵਾਲ, ਗੁਰਵਿੰਦਰ ਸਿੰਘ ਗਾਖਲ, ਐੱਸ ਅਸ਼ੋਕ ਭੌਰਾ ਸਮੇਤ ਹਾਕੀ ਅਤੇ ਖੇਡਾਂ ਨੂੰ ਪ੍ਰੇਮ ਕਰਨ ਵਾਲੀਆਂ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
ਅਲਾਸਕਾ 'ਚ 6 . 6 ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ : ਯੂ. ਐੱਸ. ਜੀ. ਐੱਸ.
NEXT STORY