ਟੋਰਾਂਟੋ— ਓਂਟਾਰੀਓ 'ਚ ਬਲਿਊਟੁੱਥ ਪਾਵਰਡ ਕੋਵਿਡ-19 ਟ੍ਰੇਸਿੰਗ ਐਪ 2 ਜੁਲਾਈ ਤੋਂ ਸਮਾਰਟ ਫੋਨ 'ਤੇ ਡਾਊਨਲੋਡ ਕੀਤੀ ਜਾ ਸਕੇਗੀ। ਸੂਬੇ ਦੇ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਕੋਈ ਖਤਰਾ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਕਿਸੇ ਦੀ ਵੀ ਨਿੱਜੀ ਜਾਣਕਾਰੀ ਨਹੀਂ ਇਕੱਠੀ ਕੀਤੀ ਜਾਵੇਗੀ ਤੇ ਹੋਰ ਦੂਜੀ ਸਾਰੀ ਜਾਣਕਾਰੀ ਵੀ ਦੋ ਹਫਤਿਆਂ ਬਾਅਦ ਸਿਸਟਮ 'ਚੋਂ ਡਲੀਟ ਹੋ ਜਾਇਆ ਕਰੇਗੀ।
ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੇ ਉਪਲਬਧ ਹੋ ਜਾਣ 'ਤੇ ਇਸ ਨੂੰ ਜ਼ਰੂਰ ਡਾਊਨਲੋਡ ਕਰਕੇ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਜੇਕਰ ਓਂਟਾਰੀਓ ਦੇ ਲੋਕ ਸਹਿਯੋਗ ਨਹੀਂ ਕਰਨਗੇ ਤਾਂ ਇਹ ਜ਼ਿਆਦਾ ਜ਼ੋਖਮ ਹੋਵੇਗਾ।
ਫੋਰਡ ਨੇ ਕਿਹਾ ਕਿ ਇਹ 100 ਫੀਸਦੀ ਸੁਰੱਖਿਅਤ ਹੈ। ਉਨ੍ਹਾਂ ਕਿਹਾ, ''ਸਾਨੂੰ ਸਭ ਲੋਕਾਂ ਨੂੰ ਇਸ ਐਪ ਨੂੰ ਡਾਊਨਲੋਡ ਕਰਨ 'ਚ ਸਹਿਯੋਗ ਕਰਨ ਦੀ ਜ਼ਰੂਰਤ ਹੈ। ਇਹ ਸਾਡੀ ਸੁਰੱਖਿਆ ਕਰਨ ਵਾਲੀ ਹੈ, ਇਹ ਸਾਡੇ ਪਰਿਵਾਰਾਂ ਦੀ ਰੱਖਿਆ ਕਰਨ ਵਾਲੀ ਹੈ।''
ਉੱਥੇ ਹੀ, ਅਧਿਕਾਰੀਆਂ ਨੇ ਉਮੀਦ ਜਤਾਈ ਕਿ ਵੱਡੇ ਪੱਧਰ 'ਤੇ ਇਸ ਐਪ ਨੂੰ ਲੈ ਕੇ ਮਾਰਕੀਟਿੰਗ ਮੁਹਿੰਮ ਚਲਾਉਣ ਨਾਲ ਓਂਟਾਰੀਓ ਦੇ 50 ਫੀਸਦੀ ਲੋਕਾਂ ਨੂੰ ਇਸ ਐਪ ਨੂੰ ਡਾਊਨਲੋਡ ਕਰਨ ਲਈ ਸਹਿਮਤ ਕੀਤਾ ਜਾ ਸਕਦਾ ਹੈ। ਲੋਕਾਂ ਲਈ ਇਸ ਐਪ ਨੂੰ ਜ਼ਰੂਰੀ ਨਹੀਂ ਕੀਤਾ ਜਾਵੇਗਾ, ਉਹ ਜਦੋਂ ਚਾਹੁਣ ਫੋਨ 'ਚੋਂ ਇਸ ਨੂੰ ਪੂਰੀ ਤਰ੍ਹਾਂ ਹਟਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਓਂਟਾਰੀਓ 'ਚ ਟੈਸਟਿੰਗ ਤੋਂ ਬਾਅਦ ਇਸ ਐਪ ਨੂੰ ਰਾਸ਼ਟਰੀ ਪੱਧਰ 'ਤੇ ਲਾਂਚ ਕੀਤਾ ਜਾਵੇਗਾ।
'ਪੀਰ ਬਾਬਾ' ਬਣ ਪਾਕਿ ਵਿਦੇਸ਼ ਮੰਤਰੀ ਨੇ ਕੱਟੇ ਬੀਬੀਆਂ ਦੇ ਵਾਲ (ਵੀਡੀਓ)
NEXT STORY