ਲੰਡਨ (ਰਾਜਬੀਰ ਸਿੰਘ ਸਮਰਾ) -ਪੰਜਾਬੀ ਆਰਟਸ ਐਂਡ ਲਿਟਰੇਰੀ ਅਕਾਦਮੀ ਯੂ. ਕੇ. ਵਲੋਂ ਸਥਾਨਕ ਬਰਾਊਨਸਟੋਨ ਸਿਵਿਕ ਕਮਿਊਨਿਟੀ ਸੈਂਟਰ ਵਿਖੇ ਸੈਮੀਨਾਰ ਅਤੇ ਕਵੀ ਦਰਬਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿਚ ਯੂ. ਕੇ. ਤੋਂ ਸਾਹਿਤਕਾਰਾਂ ਨੇ ਹੁੰਮ-ਹੁਮਾ ਕੇ ਸ਼ਿਰਕਤ ਕੀਤੀ।
ਅਕਾਦਮੀ ਦੇ ਚੇਅਰਮੈਨ ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਇਸ ਦੇ ਨਾਲ ਹੀ ਅਕਾਦਮੀ ਦੀਆਂ ਸਰਗਰਮੀਆਂ ਉੱਤੇ ਸੰਖੇਪ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਯੂ. ਕੇ. ਦੀ ਪਹਿਲੀ ਅਜਿਹੀ ਪੰਜਾਬੀ ਆਰਗੇਨਾਈਜ਼ੇਸ਼ਨ ਹੈ, ਜਿਸ ਨੇ ਸਾਲ 2017 ਵਿਚ ਤਿੰਨ ਬਹੁਤ ਹੀ ਸਫਲ ਸਮਾਗਮ ਕੀਤੇ ਹਨ, ਜਿਨ੍ਹਾਂ 'ਚੋਂ 2 ਸਮਾਗਮ ਸਥਾਨਕ ਸਿਟੀ ਕੌਂਸਲ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ। ਸਮਾਗਮ ਦੇ ਸ਼ੁਰੂ ਵਿਚ ਪੱਤਰਕਾਰ ਗੌਰੀ ਲੰਕੇਸ਼ ਅਤੇ ਮਰਹੂਮ ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮਤਾ ਪਾਇਆ ਗਿਆ ਤੇ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਤੋਂ ਬਾਅਦ ਹਾਜ਼ਰ ਕਵੀਆਂ ਨੇ ਆਪੋ-ਆਪਣੀਆਂ ਤਾਜ਼ੀਆਂ ਨਜ਼ਮਾਂ ਪੇਸ਼ ਕਰਕੇ ਪੂਰੇ ਤਿੰਨ ਘੰਟੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਪੂਰੇ ਯੂ. ਕੇ. ਭਰ ਤੋਂ ਪਹੁੰਚੇ ਨਾਮਵਰ ਲੇਖਕਾਂ ਅਤੇ ਕਵੀਆਂ ਦੀਆਂ ਨਵੀਆਂ ਪੁਸਤਕਾਂ ਦਾ ਲੋਕ-ਅਰਪਣ ਵੀ ਕੀਤਾ ਗਿਆ, ਜਿਨ੍ਹਾਂ 'ਚੋਂ ਨਾਮਵਰ ਸਾਹਿਤਕਾਰ ਭੁਪਿੰਦਰ ਸਿੰਘ ਸੱਗੂ ਦੀ 'ਵਗਦੀ ਰਹੇ ਝਨਾ', ਸਤਪਾਲ ਸਿੰਘ ਡੁਲਕੂ ਦੀ 'ਮੈਂ ਪੱਥਰ ਦੀ ਸਿੱਲ ਹਾਂ', ਸੁਖਦੇਵ ਸਿੰਘ ਬਾਂਸਲ ਦੀ 'ਮੁਕਟ ਮਾਰਗ' ਅਤੇ 'ਅੱਖਰ' ਮੈਗਜ਼ੀਨ ਦਾ ਅਕਤੂਬਰ-ਨਵੰਬਰ ਅੰਕ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ।
ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਨੇ ਵੀ ਆਪਣੀ ਹੁਣੇ ਜਿਹੇ ਲੋਕ-ਅਰਪਿਤ ਹੋਈ ਅੰਗਰੇਜ਼ੀ ਪੁਸਤਕ 66 ਯੀਅਰਜ਼ ਆਫ ਪੰਜਾਬੀਜ਼ ਇਨ ਲੈਸਟਰ—ਏ ਸ਼ੋਸ਼ਿਓ ਅਨਾਲਿਟੀਕਲ ਸਟੱਡੀ ਬਾਰੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਇਹ ਪੁਸਤਕ ਸਮੁੱਚੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਵਿਚ ਆਪਣੀ ਕਿਸਮ ਦਾ ਪਹਿਲਾ ਉਪਰਾਲਾ ਹੈ, ਜਿਸ ਦੀ ਲੈਸਟਰ ਦੇ ਸਮੁੱਚੇ ਭਾਈਚਾਰੇ ਸਮੇਤ ਯੂ. ਕੇ. ਦੀਆਂ ਕਈ ਨਾਮਵਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਵੀ ਭਰਪੂਰ ਸ਼ਲਾਘਾ ਕੀਤੀ ਹੈ।
ਇਸ ਮੌਕੇ 'ਤੇ ਪੰਜਾਬੀ ਆਰਟ ਐਂਡ ਲਿਟਰੇਰੀ ਅਕਾਦਮੀ ਵਲੋਂ ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ ਵਲੋਂ ਸਮਾਜਿਕ, ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਚਿੱਤਰਕਾਰ ਸਰੂਪ ਸਿੰਘ ਦੀ ਇਕ ਅਤਿ ਖੂਬਸੂਰਤ ਕਲਾ-ਕਿਰਤ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿਚ ਸ਼ਿਰਕਤ ਕਰਨ ਵਾਲੀਆਂ ਨਾਮਵਰ ਹਸਤੀਆਂ ਵਿਚ ਸਰਵਸ਼੍ਰੀ ਹਰਜੀਤ ਅਟਵਾਲ, ਮਨਮੋਹਨ ਮਹੇੜੂ, ਸਤਪਾਲ ਡੁਲਕੂ, ਹਰਦੇਸ ਬਸਰਾ, ਜਸਵੰਤ ਕੌਰ ਬੈਂਸ, ਅਵਤਾਰ ਸਿੰਘ ਸਾਦਿਕ, ਕਿਰਪਾਲ ਪੂਨੀ, ਭੁਪਿੰਦਰ ਸਿੰਘ ਸੱਗੂ, ਸੁਰਿੰਦਰ ਸੀਹਰਾ, ਨਿਰਮਲ ਕੰਧਾਲਵੀ, ਰਵਿੰਦਰ ਸਿੰਘ ਕੁੰਦਰਾ, ਹਿੰਦਪਾਲ ਸਿੰਘ ਕੁੰਦਰਾ, ਸਰੂਪ ਸਿੰਘ ਚਿੱਤਰਕਾਰ ਤੋਂ ਇਲਾਵਾ ਸਾਢੇ ਕੁ ਤਿੰਨ ਦਰਜਨ ਸਾਹਿਤਕ ਅਦੀਬਾਂ ਨੇ ਹਿੱਸਾ ਲਿਆ। ਕੁਲ ਮਿਲਾ ਕੇ ਅਕਾਦਮੀ ਦਾ ਇਹ ਸਮਾਗਮ ਬਹੁਤ ਹੀ ਸਫਲ ਅਤੇ ਯਾਦਗਾਰੀ ਰਿਹਾ।
ਚੱਲਦੀ ਕਾਰ 'ਚ ਨਿਊਡ ਹੋ ਕੇ ਕਰ ਰਹੀ ਮਸਤੀ, ਹੋਈ ਮੌਤ (ਵੀਡੀਓ)
NEXT STORY