ਇੰਟਰਨੈਸ਼ਨਲ ਡੈਸਕ (ਭਾਸ਼ਾ): ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (JeM)ਅਤੇ ਜੈਸ਼-ਏ-ਮੁਹੰਮਦ (LeT), ਜਿਨ੍ਹਾਂ ਨੂੰ ਭਾਰਤ ਵਿਚ ਜ਼ਿਆਦਾਤਰ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਨੇ ਅਫਗਾਨਿਸਤਾਨ ਵਿਚ ਵੀ ਜੜ੍ਹਾਂ ਫੜ ਲਈਆਂ ਹਨ। ਇਹ ਦੋਵੇਂ ਅੱਤਵਾਦੀ ਸੰਗਠਨ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ 'ਚ ਨਾ ਸਿਰਫ ਕਈ ਸਿਖਲਾਈ ਕੈਂਪ ਚਲਾ ਰਹੇ ਹਨ, ਸਗੋਂ ਸੱਤਾਧਾਰੀ ਤਾਲਿਬਾਨ ਨਾਲ ਵੀ ਇਨ੍ਹਾਂ ਦੇ ਨਜ਼ਦੀਕੀ ਸਬੰਧ ਹਨ। ਅਫਗਾਨਿਸਤਾਨ 'ਤੇ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ 'ਚ ਇਹ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਇਸ਼ਾਰੇ 'ਤੇ ਅੱਤਵਾਦ ਫੈਲਾਉਣ ਵਾਲੇ ਲਸ਼ਕਰ ਅਤੇ ਜੈਸ਼ ਦੇ ਨੇਤਾ ਤਾਲਿਬਾਨ ਦੇ ਚੋਟੀ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਦੇ ਹਨ।
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਇੱਕ ਮੈਂਬਰ ਦੇਸ਼ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਅਫਗਾਨਿਸਤਾਨ ਦੇ ਨੰਗਰਹਾਰ ਵਿੱਚ ਅੱਠ ਸਿਖਲਾਈ ਕੈਂਪ ਚਲਾਉਂਦਾ ਹੈ। ਇਨ੍ਹਾਂ ਵਿੱਚੋਂ ਤਿੰਨ ਸਿੱਧੇ ਤਾਲਿਬਾਨ ਦੇ ਕੰਟਰੋਲ ਵਿੱਚ ਹਨ। ਲਸ਼ਕਰ ਨੇ ਕੁਨਾਰ ਅਤੇ ਨੰਗਰਹਾਰ ਵਿੱਚ ਤਿੰਨ ਕੈਂਪ ਬਣਾਏ ਹਨ। ਤਾਲਿਬਾਨ ਨੇਤਾਵਾਂ ਦੇ ਨਾਲ ਆਪਣੇ ਗਠਜੋੜ ਦਾ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਸਾਲ ਜਨਵਰੀ ਵਿੱਚ ਤਾਲਿਬਾਨ ਦੇ ਇੱਕ ਸਮੂਹ ਨੇ ਨੰਗਰਹਾਰ ਦੇ ਹਸਕਾ ਮੇਨਾ ਜ਼ਿਲ੍ਹੇ ਵਿੱਚ ਲਸ਼ਕਰ ਦੇ ਇੱਕ ਸਿਖਲਾਈ ਕੈਂਪ ਦਾ ਦੌਰਾ ਵੀ ਕੀਤਾ ਸੀ। ਇਸ ਤੋਂ ਪਹਿਲਾਂ ਅਕਤੂਬਰ 2021 ਵਿੱਚ ਲਸ਼ਕਰ ਦੇ ਨੇਤਾ ਮੌਲਵੀ ਅਸਦੁੱਲਾ ਨੇ ਤਾਲਿਬਾਨ ਦੇ ਉਪ ਗ੍ਰਹਿ ਮੰਤਰੀ ਨੂਰ ਜਲੀਲ ਨਾਲ ਮੁਲਾਕਾਤ ਕੀਤੀ ਸੀ।
ਰਿਪੋਰਟ ਮੁਤਾਬਕ ਜੈਸ਼ ਵਿਚਾਰਧਾਰਕ ਤੌਰ 'ਤੇ ਤਾਲਿਬਾਨ ਦੇ ਕਰੀਬ ਹੈ। ਮਸੂਦ ਅਜ਼ਹਰ ਦੀ ਅਗਵਾਈ ਵਾਲੇ ਸੰਗਠਨ ਨੇ ਅਫਗਾਨਿਸਤਾਨ ਵਿਚ ਕਾਰੀ ਰਮਜ਼ਾਨ ਨੂੰ ਨਵਾਂ ਨੇਤਾ ਬਣਾਇਆ ਹੈ, ਜਦੋਂ ਕਿ ਉਥੇ ਲਸ਼ਕਰ ਦਾ ਨੇਤਾ ਮੌਲਵੀ ਯੂਸਫ ਹੈ।ਐਕਸਪ੍ਰੈਸ ਨੇ ਸੰਯੁਕਤ ਰਾਸ਼ਟਰ ਨਿਗਰਾਨੀ ਕਮੇਟੀ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਉਪ ਮਹਾਂਦੀਪ (AQIS) ਵਿੱਚ ਕੰਮ ਕਰ ਰਹੇ ਅਲਕਾਇਦਾ ਸਮੂਹ ਵਿੱਚ 180 ਤੋਂ 400 ਲੜਾਕੇ ਹਨ। ਇਨ੍ਹਾਂ ਵਿੱਚ ਬੰਗਲਾਦੇਸ਼, ਭਾਰਤ, ਮਿਆਂਮਾਰ ਅਤੇ ਪਾਕਿਸਤਾਨ ਦੇ ਨਾਗਰਿਕ ਸ਼ਾਮਲ ਹਨ। ਇਹ ਅਫਗਾਨਿਸਤਾਨ ਦੇ ਗਜ਼ਨੀ, ਹੇਲਮੰਡ, ਕੰਧਾਰ, ਨਿਮਰੂਜ਼, ਪਕਤਿਕਾ ਅਤੇ ਜ਼ਾਬੁਲ ਪ੍ਰਾਂਤਾਂ ਵਿੱਚ ਮੌਜੂਦ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਂ ਅਫਗਾਨ ਸ਼ਾਸਨ 'ਚ ਅਲ-ਕਾਇਦਾ ਨੂੰ ਜ਼ਿਆਦਾ ਆਜ਼ਾਦੀ ਹੈ ਪਰ ਅਗਲੇ ਇਕ-ਦੋ ਸਾਲ ਤੱਕ ਅਫਗਾਨਿਸਤਾਨ ਤੋਂ ਬਾਹਰ ਸਿੱਧੇ ਹਮਲੇ ਕਰਨ ਦੀ ਸੰਭਾਵਨਾ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਿਹਾ 'ਮੰਕੀਪਾਕਸ', WHO ਨੇ ਦਿੱਤੀ ਇਹ ਚਿਤਾਵਨੀ
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸਲਾਮਿਕ ਸਟੇਟ (ਖੁਰਾਸਾਨ ਗਰੁੱਪ) ਆਈਐਸਆਈਐਲ-ਕੇ ਵਰਗੇ ਸਮੂਹਾਂ ਦੀ ਤਾਕਤ ਹਾਲ ਹੀ ਵਿੱਚ ਘੱਟ ਗਈ ਹੈ ਅਤੇ 2023 ਤੱਕ ਦੇਸ਼ ਤੋਂ ਬਾਹਰ ਹਮਲਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ।ਪਿਛਲੇ ਸਾਲ ਅਗਸਤ 2021 'ਚ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸੰਯੁਕਤ ਰਾਸ਼ਟਰ ਨਿਗਰਾਨੀ ਸਮੂਹ ਦੀ ਇਹ ਪਹਿਲੀ ਰਿਪੋਰਟ ਹੈ। ਇਹ ਸਮੂਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀ ਰਿਪੋਰਟ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਨੂੰ ਸੌਂਪੀ ਜਾਂਦੀ ਹੈ, ਜੋ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੀ ਭਵਿੱਖੀ ਰਣਨੀਤੀ ਤੈਅ ਕਰਨ ਵਿੱਚ ਮਦਦ ਕਰਦੀ ਹੈ।ਇਹ ਰਿਪੋਰਟ ਪਹਿਲੀ ਵਾਰ ਤਾਲਿਬਾਨ ਅੰਦਰ ਚੱਲ ਰਹੇ ਸੱਤਾ ਸੰਘਰਸ਼ ਬਾਰੇ ਵੀ ਜਾਣਕਾਰੀ ਦਿੰਦੀ ਹੈ।
ਐਕਸਪ੍ਰੈਸ ਦੇ ਅਨੁਸਾਰ, 22-24 ਮਾਰਚ ਨੂੰ ਕੰਧਾਰ ਵਿੱਚ ਤਾਲਿਬਾਨ ਦੇ ਨੇਤਾ ਹਿਬਤੁੱਲਾ ਅਖੁੰਦਜ਼ਾਦਾ ਨਾਲ ਲਗਭਗ 180 ਸੀਨੀਅਰ ਤਾਲਿਬਾਨ ਨੇਤਾਵਾਂ ਨੇ ਇੱਕ ਬੈਠਕ (ਜਿਰਗਾ) ਕੀਤੀ ਸੀ। ਇਸ ਵਿਚ ਤਾਲਿਬਾਨ ਦੇ ਅੰਦਰ ਕਈ ਧੜਿਆਂ ਵਿਚ ਮਤਭੇਦ ਦੇਖਣ ਨੂੰ ਮਿਲੇ। ਜ਼ਿਆਦਾਤਰ ਅੰਤਰ ਰੈਡੀਕਲ ਅਤੇ ਉਦਾਰਵਾਦੀ ਸਮੂਹਾਂ ਵਿਚਕਾਰ ਹਨ। ਮੱਧਮ ਸਮੂਹ ਵਿੱਚ ਮੁੱਲਾ ਬਰਾਦਰ, ਸ਼ੇਰ ਮੁਹੰਮਦ ਅੱਬਾਸ ਸਟੈਂਕਜ਼ਈ ਆਦਿ ਸ਼ਾਮਲ ਹਨ, ਜੋ ਮੰਨਦੇ ਹਨ ਕਿ ਤਾਲਿਬਾਨ ਨੂੰ ਵਿਦੇਸ਼ੀ ਭਾਈਵਾਲਾਂ ਨਾਲ ਕੰਮਕਾਜੀ ਸਬੰਧ ਬਣਾਉਣੇ ਚਾਹੀਦੇ ਹਨ ਪਰ ਤਾਲਿਬਾਨ ਦੇ ਕੱਟੜਪੰਥੀ ਸਮੂਹ ਜਿਵੇਂ ਹਿਬਤੁੱਲਾ ਅਖੁੰਦਜ਼ਾਦਾ, ਮੁਹੰਮਦ ਹਸਨ ਅਖੁੰਦ ਇਸ ਨਾਲ ਸਹਿਮਤ ਨਹੀਂ ਹਨ। ਹੱਕਾਨੀ ਨੈੱਟਵਰਕ ਇਨ੍ਹਾਂ ਦੋਵਾਂ ਤੋਂ ਵੱਖਰਾ ਰਸਤਾ ਅਪਣਾ ਰਿਹਾ ਹੈ। ਉਸ ਦਾ ਜ਼ਿਆਦਾਤਰ ਧਿਆਨ ਸਰਕਾਰ ਵਿਚ ਗ੍ਰਹਿ, ਖੁਫੀਆ, ਪਾਸਪੋਰਟ ਵਰਗੇ ਮਹੱਤਵਪੂਰਨ ਮੰਤਰਾਲਿਆਂ 'ਤੇ ਕਬਜ਼ਾ ਕਰਨ 'ਤੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਭਾਰਤ UNSC ਦੀ ਪਾਬੰਦੀ ਕਮੇਟੀ ਦਾ ਚੇਅਰਮੈਨ ਹੈ। ਰੂਸ ਅਤੇ ਯੂ.ਏ.ਈ. ਇਸ ਦੇ ਉਪ-ਰਾਸ਼ਟਰਪਤੀ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਾਰੇ 15 ਮੈਂਬਰ ਕਮੇਟੀ ਵਿੱਚ ਸ਼ਾਮਲ ਹਨ।ਇਹਨਾਂ ਤੋਂ ਇਲਾਵਾ ਅਫਗਾਨਿਸਤਾਨ ਵਿਚ ETIM, IMU, ਜੈਸ਼ ,ਜਮਾਤ ਅੰਸਰਉੱਲਾਹ ਅਤੇ ਲਸ਼ਕਰ ਵੀ ਸਰਗਰਮ ਹੈ ਇਹਨਾਂ ਦੇ ਸੈਂਕੜੇ ਅੱਤਵਾਦੀ ਅਫਗਾਨਿਸਤਾਨ ਵਿਚ ਹਨ।
ਗੁਰੂ ਅਮਰ ਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਿਨਸਿਨਾਟੀ ਵਿਖੇ ਸਜੇ ਵਿਸ਼ੇਸ਼ ਦੀਵਾਨ (ਤਸਵੀਰਾਂ)
NEXT STORY