ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਪੰਜਾਬ ਸੂਬੇ ’ਚ ਨਹਿਰ ਵਿਚ ਇਕ ਵਾਹਨ ਡਿੱਗਣ ਨਾਲ 3 ਔਰਤਾਂ ਤੇ 7 ਬੱਚਿਆਂ ਸਮੇਤ ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ। ‘ਏ. ਆਰ. ਵਾਈ. ਨਿਊਜ਼’ ਦੇ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਸ਼ੇਖੂਪੁਰਾ ਜ਼ਿਲ੍ਹੇ ’ਚ ਉਸ ਵੇਲੇ ਵਾਪਰੀ, ਜਦੋਂ ਕਿਲ੍ਹਾ ਦੀਦਾਰ ਸਿੰਘ ਵੱਲੋਂ ਆ ਰਿਹਾ ਇਕ ਵਾਹਨ ਸੜਕ ਤੋਂ ਖਿਸਕ ਗਿਆ ਤੇ ਨਹਿਰ ’ਚ ਜਾ ਡਿੱਗਾ। ਇਹ ਵਾਹਨ ਖਾਨਕਾਹ ਡੋਗਰਾਂ ਵੱਲ ਜਾ ਰਿਹਾ ਸੀ। ਪੁਲਸ ਅਤੇ ਬਚਾਅ ਕਰਮਚਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਲਾਸ਼ਾਂ ਨਹਿਰ ’ਚੋਂ ਬਰਾਮਦ ਕੀਤੀਆਂ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰਨ ਵਾਹਨ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਨਹਿਰ ਵਿੱਚ ਜਾ ਡਿੱਗਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਮਰਨ ਵਾਲਿਆਂ ’ਚ 7 ਬੱਚੇ, 3 ਔਰਤਾਂ ਅਤੇ 1 ਵਿਅਕਤੀ ਸ਼ਾਮਲ ਹਨ। ਸਾਰੇ ਲੋਕ ਇਕੋ ਪਰਿਵਾਰ ਨਾਲ ਸਬੰਧਤ ਸਨ।” ਪਾਕਿਸਤਾਨ ’ਚ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਹਰ ਸਾਲ ਹਜ਼ਾਰਾਂ ਲੋਕ ਇਨ੍ਹਾਂ ’ਚ ਮਰਦੇ ਹਨ।
ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਆਉਣ ਕਾਰਨ ਲੈਵਲ ਤਿੰਨ ’ਚ ਰਹੇਗਾ ਗਲਾਸਗੋ
NEXT STORY