ਲਾਹੌਰ— ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦੀ ਰੋਕੂ ਕਾਨੂੰਨ ਤਹਿਤ ਸੂਚੀਬੱਧ ਕੀਤਾ ਗਿਆ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਉਨ੍ਹਾਂ ਦੇ ਦੇਸ਼ ਲਈ ਗੰਭੀਰ ਖਤਰਾ ਸਾਬਤ ਹੋ ਸਕਦਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਸਈਦ ਸਮਾਜ ਲਈ ਇਕ ਗੰਭੀਰ ਖਤਰਾ ਹੈ ਅਤੇ ਉਸ ਨੂੰ ਰਾਸ਼ਟਰ ਹਿੱਤ ਦੇ ਮੱਦੇਨਜ਼ਰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਸਈਦ ਨੂੰ ਲਾਹੌਰ 'ਚ 30 ਜਨਵਰੀ ਨੂੰ ਅੱਤਵਾਦੀ ਰੋਕੂ ਕਾਨੂੰਨ ਦੀ ਚੌਥੀ ਸੂਚੀ ਤਹਿਤ ਘਰ 'ਚ ਨਜ਼ਰਬੰਦ ਕੀਤਾ ਗਿਆ। ਸਈਦ ਨੂੰ ਇਸ ਸੂਚੀ 'ਚ ਰੱਖਣ ਦਾ ਅਰਥ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਅੱਤਵਾਦ ਨਾਲ ਜੁੜਿਆ ਹੈ। ਸਈਦ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ 'ਐਗਜ਼ਿਟ ਕੰਟਰੋਲ ਲਿਸਟ' 'ਚ ਪਾਇਆ ਗਿਆ ਸੀ, ਜੋ ਕਿ ਉਸ ਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਦੀ ਹੈ।
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਆਸਿਫ ਨੇ ਬੀਤੇ ਐਤਵਾਰ ਨੂੰ ਮਿਊਨਿਖ ਸੁਰੱਖਿਆ ਸੰਮੇਲਨ 'ਚ ਮੌਜੂਦ ਸਰੋਤਿਆਂ ਨੂੰ ਕਿਹਾ, ''ਸਈਦ ਸਮਾਜ ਲਈ ਇਕ ਗੰਭੀਰ ਖਤਰਾ ਹੈ। ਅੱਤਵਾਦ ਨਾਲ ਨਜਿੱਠਣ ਦੇ ਮੁੱਦੇ 'ਤੇ ਹੋਈ ਚਰਚਾ ਦੌਰਾਨ ਆਸਿਫ ਨੇ ਕਿਹਾ, ''ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹੈ। ਅੱਤਵਾਦੀ ਨਾ ਤਾਂ ਈਸਾਈ ਹੈ, ਨਾ ਹੀ ਮੁਸਲਿਮ ਅਤੇ ਨਾ ਹੀ ਹਿੰਦੂ। ਉਹ ਅੱਤਵਾਦੀ ਹਨ ਅਤੇ ਅਪਰਾਧੀ ਹਨ।'' ਉਨ੍ਹਾਂ ਕਿਹਾ ਕਿ ਇਸ ਮਹੀਨੇ ਪਾਕਿਸਤਾਨ 'ਚ ਘੱਟੋ-ਘੱਟ 8 ਅੱਤਵਾਦੀ ਹਮਲੇ ਹੋਣ ਤੋਂ ਬਾਅਦ ਸਈਦ ਵਿਰੁੱਧ ਕਾਰਵਾਈ ਕੀਤੀ ਗਈ। ਇਨ੍ਹਾਂ ਹਮਲਿਆਂ 'ਚ 100 ਤੋਂ ਵਧ ਲੋਕ ਮਾਰੇ ਗਏ। ਤਾਜ਼ਾ ਹਮਲਾ ਸਿੰਧ ਸੂਬੇ ਦੀ ਇਕ ਪ੍ਰਸਿੱਧ ਸੂਫੀ ਦਰਗਾਹ 'ਚ ਹੋਇਆ, ਇਸ ਆਤਮਘਾਤੀ ਬੰਬ ਹਮਲੇ 'ਚ 100 ਤੋਂ ਲੋਕ ਮਾਰੇ ਗਏ ਅਤੇ 250 ਲੋਕ ਜ਼ਖਮੀ ਹੋਏ ਸਨ। ਦੱਸਣ ਯੋਗ ਹੈ ਕਿ ਸਈਦ ਨੂੰ 2008 'ਚ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਨਜ਼ਰਬੰਦ ਕੀਤਾ ਗਿਆ ਸੀ ਪਰ 2009 'ਚ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੁੰਬਈ ਹਮਲੇ 'ਚ 166 ਲੋਕ ਮਾਰੇ ਗਏ ਸਨ।
ਆਸਿਫ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਨਾਲ ਲੜਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੈਂ ਕੌਮਾਂਤਰੀ ਭਾਈਚਾਰੇ ਨੂੰ ਭਰੋਸਾ ਦੇਣਾ ਚਾਹਾਂਗਾ ਕਿ ਪਾਕਿਸਤਾਨ ਇਸ ਜੰਗ 'ਚ ਮੋਹਰੀ ਮੋਰਚੇ 'ਤੇ ਤਾਇਨਾਤ ਦੇਸ਼ ਹੈ ਅਤ ਉਹ ਆਪਣੀ ਜਨਤਾ ਅਤੇ ਕੌਮਾਂਤਰੀ ਭਾਈਚਾਰੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਜਾਰੀ ਰੱਖੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਇਸ ਨੂੰ ਅਲੱਗ-ਥਲੱਗ ਕਰਨ ਵਾਲੀ ਹੁੰਦੀ ਹੈ ਤਾਂ ਇਸ ਨਾਲ ਅੱਤਵਾਦ ਵਿਰੁੱਧ ਲੜਾਈ 'ਚ ਮਦਦ ਨਹੀਂ ਮਿਲੇਗੀ, ਸਗੋਂ ਕਿ ਇਸ ਨਾਲ ਅੱਤਵਾਦ ਹੋਰ ਵਧੇਗਾ।
ਨਵਦੀਪ ਬੈਂਸ ਨੇ 'ਫੈਮਿਲੀ ਡੇਅ' 'ਤੇ ਸਾਂਝੀਆਂ ਕੀਤੀਆਂ ਆਪਣੇ ਪਰਿਵਾਰ ਦੀਆਂ ਖੂਬਸੂਰਤ ਤਸਵੀਰਾਂ
NEXT STORY