ਇੰਟਰਨੈਸ਼ਨਲ ਡੈਸਕ- ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿੱਚ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਗਿਰੋਹ ਦੇ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ, ਜਿਸ ਦੌਰਾਨ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 4 ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਮੁਹਿੰਮ ਦੌਰਾਨ, ਪੁਲਸ ਨੇ 81 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਲਗਭਗ 2,500 ਪੁਲਸ ਮੁਲਾਜ਼ਮ ਅਤੇ ਸੈਨਿਕਾਂ ਨੇ ਹਿੱਸਾ ਲਿਆ। ਸਰਕਾਰ ਦਾ ਕਹਿਣਾ ਹੈ ਕਿ ਇਸ ਵੱਡੇ ਪੱਧਰ 'ਤੇ ਕਾਰਵਾਈ ਦੀ ਯੋਜਨਾ ਕਰੀਬ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਬਣਾਈ ਜਾ ਰਹੀ ਸੀ। ਇਸ ਦੌਰਾਨ ਰੇਡ ਕਰਨ ਗਈ ਪੁਲਸ ਟੀਮ ਤੇ ਤਸਕਰ ਗਿਰੋਹ ਦੇ ਮੈਂਬਰਾਂ ਵਿਚਕਾਰ ਗੋਲੀਬਾਰੀ ਹੋ ਗਈ ਤੇ 64 ਲੋਕਾਂ ਦੀ ਮੌਤ ਹੋ ਗਈ।
ਪੁਲਸ ਨੇ ਗਿਰੋਹ ਦੇ ਕੰਟਰੋਲ ਵਾਲੇ ਕਈ ਇਲਾਕਿਆਂ ਨੂੰ ਘੇਰਿਆ ਅਤੇ ਜਦੋਂ ਸੁਰੱਖਿਆ ਬਲ ਅੰਦਰ ਦਾਖਲ ਹੋਏ ਤਾਂ ਗੋਲੀਬਾਰੀ ਸ਼ੁਰੂ ਹੋ ਗਈ। ਪੁਲਸ ਨੇ ਇਸ ਕਾਰਵਾਈ ਦੌਰਾਨ ਘੱਟੋ-ਘੱਟ 42 ਰਾਈਫਲਾਂ ਜ਼ਬਤ ਕੀਤੀਆਂ। ਜਵਾਬ ਵਿੱਚ ਗਿਰੋਹ ਦੇ ਮੈਂਬਰਾਂ ਨੇ ਕਥਿਤ ਤੌਰ 'ਤੇ ਡਰੋਨਾਂ ਦੀ ਵਰਤੋਂ ਕਰ ਕੇ ਪੇਨਹਾ ਕੰਪਲੈਕਸ ਵਿੱਚ ਪੁਲਸ ਅਧਿਕਾਰੀਆਂ 'ਤੇ ਹਮਲਾ ਕੀਤਾ। ਪੁਲਸ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਵੇਂ-ਜਿਵੇਂ ਆਪਰੇਸ਼ਨ ਜਾਰੀ ਰਹੇਗਾ, ਤਸਕਰਾਂ ਨੂੰ ਹੋਰ ਜ਼ਿਆਦਾ ਨੁਕਸਾਨ ਝੱਲਣਾ ਪਵੇਗਾ।
ਇਹ ਵੀ ਪੜ੍ਹੋ- ਭਾਰਤ ਤੇ ਰੂਸ ਨੇ ਇਕ ਵਾਰ ਫ਼ਿਰ ਮਿਲਾਇਆ 'ਹੱਥ ' ! ਮਾਸਕੋ 'ਚ ਇਤਿਹਾਸਕ ਡੀਲ 'ਤੇ ਹੋਏ ਦਸਤਖ਼ਤ
ਬ੍ਰਾਜ਼ੀਲ 'ਚ ਹੋਈ ਇਸ ਕਾਰਵਾਈ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਵੱਲ ਧਿਆਨ ਖਿੱਚਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ (UN Human Rights Office) ਨੇ ਰੀਓ ਡੀ ਜੇਨੇਰੀਓ ਵਿੱਚ ਹੋਈ ਇਸ ਪੁਲਸ ਕਾਰਵਾਈ ਨੂੰ "ਡਰਾਉਣਾ" ਦੱਸਿਆ ਹੈ। ਦਫ਼ਤਰ ਨੇ ਕਿਹਾ ਕਿ ਉਹ 60 ਤੋਂ ਵੱਧ ਲੋਕਾਂ ਦੀ ਮੌਤ ਵਾਲੀ ਇਸ ਘਟਨਾ ਤੋਂ ਡਰੇ ਹੋਏ ਹਨ।
ਰੀਓ ਡੀ ਜੇਨੇਰੀਓ ਦੇ ਗਵਰਨਰ ਕਲਾਉਡੀਓ ਕਾਸਤਰੋ ਨੇ ਇਸ ਨੂੰ ਇੱਕ "ਭਿਆਨਕ ਚੁਣੌਤੀ" ਕਿਹਾ। ਉਨ੍ਹਾਂ ਦੱਸਿਆ ਕਿ ਇਹ ਸੰਗਠਨ, ਜੋ ਮੂਲ ਰੂਪ ਵਿੱਚ "ਖੱਬੇ-ਪੱਖੀ ਕੈਦੀਆਂ ਦੇ ਇੱਕ ਸਮੂਹ" ਵਜੋਂ ਗਠਿਤ ਹੋਇਆ ਸੀ, ਹੁਣ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜ਼ਬਰਦਸਤੀ ਵਸੂਲੀ ਵਿੱਚ ਸ਼ਾਮਲ ਇੱਕ ਅੰਤਰਰਾਸ਼ਟਰੀ ਗਿਰੋਹ ਦੇ ਰੂਪ ਵਿੱਚ ਵਿਕਸਤ ਹੋ ਚੁੱਕਾ ਹੈ, ਜੋ ਅਕਸਰ ਵਿਰੋਧੀ ਧੜਿਆਂ ਅਤੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਕਰਦਾ ਰਹਿੰਦਾ ਹੈ।
ਟੁੱਟ ਗਈ ਜੰਗਬੰਦੀ: ਹਮਾਸ 'ਤੇ ਭੜਕੇ ਇਜ਼ਰਾਈਲ ਨੇ ਗਾਜ਼ਾ 'ਚ ਵਰ੍ਹਾਏ ਬੰਬ, 26 ਲੋਕਾਂ ਦੀ ਮੌਤ
NEXT STORY