ਮੈਲਬੌਰਨ (ਮਨਦੀਪ ਸਿੰਘ ਸੈਣੀ)- ਖੱਖ ਪ੍ਰੋਡਕਸ਼ਨਜ਼ ਅਤੇ ਸਹਿਯੋਗੀਆਂ ਵੱਲੋਂ 22 ਅਕਤੂਬਰ ਨੂੰ ਮੈਲਬੌਰਨ ਦੇ ਏਪਿੰਗ ਇਲਾਕੇ ਵਿੱਚ ਸਥਿਤ ਸੌਕਰ ਸਟੇਡੀਅਮ ਵਿੱਚ ਦੂਜਾ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਵਧੇਰੇ ਜਾਣਕਾਰੀ ਦੇਣ ਲਈ ਐਪਿੰਗ ਦੇ ਸਥਾਨਕ ਰੇਸਤਰਾਂ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿੱਥੇ ਸਥਾਨਕ ਮੀਡੀਆ ਅਤੇ ਇਸ ਵਰਲਡ ਕੱਪ ਲਈ ਪਹੁੰਚੀਆਂ ਹੋਈਆਂ ਟੀਮਾਂ ਨੇ ਵੀ ਸ਼ਿਰਕਤ ਕੀਤੀ।

ਮੁੱਖ ਪ੍ਰਬੰਧਕ ਲਵ ਖੱਖ,ਅਰਸ਼ ਖੱਖ,ਪਿੰਦਾ ਖਹਿਰਾ,ਪਰਵਿੰਦਰ ਸਿੰਘ ਸਾਬੀ , ਗਿੰਦੀ ਹੰਸਰਾ ਤੇ ਸਾਥੀਆਂ ਨੇ ਦੱਸਿਆਂ ਕਿ ਇਸ ਦੂਜੇ ਵਿਸ਼ਵ ਕੱਪ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆਂ ਕਿ ਇਸ ਕਬੱਡੀ ਕੱਪ ਵਿੱਚ ਭਾਰਤ, ਪਾਕਿਸਤਾਨ, ਆਸਟ੍ਰੇਲ਼ੀਆ, ਨਿਊਜ਼ੀਲੈਂਡ, ਇੰਗਲੈਂਡ,ਕੈਨੇਡਾ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।ਪਹਿਲਾ ਇਨਾਮ 21 ਹਜ਼ਾਰ ਡਾਲਰ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 15 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਤੀਜਾ ਤੇ ਚੌਥਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਕ੍ਰਮਵਾਰ 7100 ਅਤੇ 6100 ਡਾਲਰ ਮਿਲਣਗੇ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ ਕਿਸਾਨ ਟੈਕਸ ਯੋਜਨਾ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰੇ (ਤਸਵੀਰਾਂ)
ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੀ ਹਾਜ਼ਰੀ ਵਿਚਕਾਰ ਇਕ ਰੇਂਜ ਰੋਵਰ ਕਾਰ ਲੱਕੀ ਡਰਾਅ ਰਾਹੀਂ ਕੱਢੀ ਜਾਵੇਗੀ ਤੇ ਕੋਈ ਇਕ ਖੁਸ਼ਕਿਸਮਤ ਵਿਜੇਤਾ ਇਸ ਗੱਡੀ ਦਾ ਹੱਕਦਾਰ ਬਣ ਸਕੇਗਾ। ਆਸਟ੍ਰੇਲੀਆ ਦੇ ਕਬੱਡੀ ਇਤਿਹਾਸ ਵਿੱਚ ਦਰਸ਼ਕਾਂ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਮਹਿੰਗਾ ਅਤੇ ਨਿਵੇਕਲਾ ਖਿਤਾਬ ਹੋਵੇਗਾ।ਇਸ ਕਬੱਡੀ ਕੱਪ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬੁਲਟ ਮੋਟਰਸਾਈਕਲ ਇਨਾਮ ਵਜ਼ੋਂ ਦਿੱਤੇ ਜਾਣਗੇ।ਇਸ ਤੋਂ ਇਲਾਵਾ ਆਸਟ੍ਰੇਲ਼ੀਆ ਦੇ ਰਾਜਨੀਤਕ ਆਗੂ ਅਤੇ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਇਸ ਕਬੱਡੀ ਵਿਸ਼ਵ ਕੱਪ ਵਿੱਚ ਮੁੱਖ ਮਹਿਮਾਨਾਂ ਵਜ਼ੋਂ ਸ਼ਿਰਕਤ ਕਰਨਗੇ। ਗਿੱਧਾ ,ਭੰਗੜਾ, ਬੱਚਿਆਂ ਦੀਆਂ ਖੇਡਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਇਸ ਖੇਡ ਮੇਲੇ ਦਾ ਸ਼ਿੰਗਾਰ ਹੋਣਗੀਆਂ। ਪ੍ਰਬੰਧਕਾਂ ਵੱਲੋਂ ਔਰਤਾਂ ਅਤੇ ਪਰਿਵਾਰਾਂ ਦੇ ਬੈਠਣ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ।ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਕਬੱਡੀ ਮਹਾਂਕੁੰਭ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।
ਟੋਰਾਂਟੋ ਏਅਰਪੋਰਟ ਤੋਂ ਪਾਕਿ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਲਾਪਤਾ, 7 ਦਿਨਾਂ ਤੋਂ ਕੋਈ ਖ਼ਬਰ ਨਹੀਂ
NEXT STORY