ਮੈਲਬੌਰਨ (ਨੇਹਾ ਮਨਹਾਸ) – ਪੰਜਾਬੀ ਫਿਲਮ ‘ਮਿਸਟਰ ਸ਼ੁਦਾਈ’ ਦਾ 18 ਜੂਨ ਨੂੰ ਮੈਲਬੌਰਨ, ਆਸਟ੍ਰੇਲੀਆ ਵਿਖੇ ਗਰੈਂਡ ਪ੍ਰੀਮੀਅਰ ਰੱਖਿਆ ਗਿਆ, ਜਿਸ ਨੂੰ ‘ਜਗ ਬਾਣੀ’ ਵਲੋਂ ਉਚੇਚੇ ਤੌਰ ’ਤੇ ਕਵਰ ਕੀਤਾ ਗਿਆ। ਇਸ ਦੌਰਾਨ ਫਿਲਮ ਦੀ ਪੂਰੀ ਸਟਾਰ ਕਾਸਟ ਮੌਜੂਦ ਰਹੀ। ਪੰਜਾਬੀ ਸਿਨੇਮਾ ’ਚ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਜਦੋਂ ਕਿਸੇ ਫਿਲਮ ਦਾ ਪ੍ਰੀਮੀਅਰ ਵਿਦੇਸ਼ ’ਚ ਰੱਖਿਆ ਜਾਂਦਾ ਹੈ। ਇਹ ਆਸਟ੍ਰੇਲੀਆ ਰਹਿੰਦੇ ਪੰਜਾਬੀਆਂ ਲਈ ਇਕੱਠੇ ਹੋਣ ਦਾ ਇਕ ਖ਼ਾਸ ਮੌਕਾ ਸੀ ਤੇ ਇਸ ਦੌਰਾਨ ਪੰਜਾਬੀਆਂ ਨੇ ਵੱਧ-ਚੜ੍ਹ ਕੇ ਪ੍ਰੀਮੀਅਰ ’ਚ ਸ਼ਿਰਕਤ ਕੀਤੀ।
ਫਿਲਮ ਨੂੰ ਦੇਖਣ ਮਗਰੋਂ ਜਿਥੇ ਦਰਸ਼ਕ ਖ਼ੁਸ਼ ਸਨ, ਉਥੇ ਕੁਝ ਲੋਕਾਂ ਦੀਆਂ ਅੱਖਾਂ ’ਚ ਹੰਝੂ ਦੇਖਣ ਨੂੰ ਮਿਲੇ। ਅਜਿਹਾ ਇਸ ਲਈ ਸੀ ਕਿਉਂਕਿ ਇਹ ਫਿਲਮ ਹਸਾਉਣ ਦੇ ਨਾਲ-ਨਾਲ ਆਪਣੇ ਭਾਵੁਕ ਪੱਖ ਕਾਰਨ ਰੁਲਾਉਂਦੀ ਵੀ ਬਹੁਤ ਹੈ। ਖ਼ਾਸ ਕਰ ਕੇ ਫਿਲਮ ਦਾ ਕਲਾਈਮੈਕਸ ਅਜਿਹਾ ਹੈ, ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ।
ਫਿਲਮ ਦੇ ਮੁੱਖ ਕਿਰਦਾਰਾਂ ਹਰਸਿਮਰਨ ਤੇ ਮੈਂਡੀ ਤੱਖੜ ਦੇ ਕੰਮ ਨੇ ਲੋਕਾਂ ਦਾ ਦਿਲ ਖ਼ੁਸ਼ ਕਰ ਦਿੱਤਾ। ਹਰਸਿਮਰਨ ‘ਜੋੜੀ’ ਵਰਗੀ ਸੁਪਰ ਡੁਪਰ ਹਿੱਟ ਫਿਲਮ ’ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਪਹਿਲਾਂ ਹੀ ਤਾਰੀਫ਼ਾਂ ਹਾਸਲ ਕਰ ਚੁੱਕੇ ਹਨ ਪਰ ‘ਮਿਸਟਰ ਸ਼ੁਦਾਈ’ ਉਨ੍ਹਾਂ ਦੀ ਮੁੱਖ ਭੂਮਿਕਾ ਵਾਲੀ ਪਹਿਲੀ ਫਿਲਮ ਹੈ, ਜਿਸ ’ਚ ਉਨ੍ਹਾਂ ਨੇ ਆਪਣਾ ਕਿਰਦਾਰ ਨਿਭਾਉਣ ਦੇ ਨਾਲ-ਨਾਲ 4 ਹੋਰ ਕਿਰਦਾਰ ਨਿਭਾਏ ਹਨ, ਜੋ ਫਿਲਮ ’ਚ ਕਾਮੇਡੀ ਦਾ ਤੜਕਾ ਲਗਾਉਂਦੇ ਹਨ।
ਦੋਵਾਂ ਤੋਂ ਇਲਾਵਾ ਸੁਖਵਿੰਦਰ ਚਾਹਲ, ਨਿਸ਼ਾ ਬਾਨੋ, ਨਵ ਲਹਿਲ, ਮਲਕੀਤ ਰੌਣੀ, ਹਾਰਬੀ ਸੰਘਾ, ਆਰਵ ਭੁੱਲਰ, ਯੋਹਾਨ ਬਰਾੜ ਤੇ ਅਸ਼ਮਨ ਸਿੱਧੂ ਦੀ ਅਦਾਕਾਰੀ ਦੀ ਵੀ ਤਾਰੀਫ਼ ਹੋਈ, ਜੋ ਫਿਲਮ ’ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਰਹੇ ਹਨ। ਫਿਲਮ ਹਰਜੋਤ ਸਿੰਘ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਨੂੰ ਉਨ੍ਹਾਂ ਨੇ ਕੁਰਾਨ ਢਿੱਲੋਂ ਦੇ ਨਾਲ ਮਿਲ ਕੇ ਲਿਖਿਆ ਵੀ ਹੈ।
ਦੱਸ ਦੇਈਏ ਕਿ ‘ਮਿਸਟਰ ਸ਼ੁਦਾਈ’ ਫ਼ਿਲਮ ਬਲ ਪ੍ਰੋਡਕਸ਼ਨ ਤੇ ਫ਼ਿਲਮੀਲੋਕ ਦੀ ਪੇਸ਼ਕਸ਼ ਹੈ, ਜਿਸ ਨੂੰ ਮੋਹਨਬੀਰ ਸਿੰਘ ਬਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਜਸਕਰਨ ਵਾਲੀਆ ਤੇ ਅੰਮ੍ਰਿਤਪਾਲ ਖਿੰਡਾ ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਦੁਨੀਆ ਭਰ ’ਚ ਇਹ ਫ਼ਿਲਮ 21 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਮਾਲਕ ਦੀ ਬੇਰਹਿਮੀ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ!
NEXT STORY