ਕੀਵ (ਏਜੰਸੀ) - ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਬੁੱਧਵਾਰ ਨੂੰ ਯੂਕ੍ਰੇਨ 'ਤੇ ਇੱਕ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 6 ਲੋਕ ਮਾਰੇ ਗਏ। ਇਹ ਹਮਲੇ ਅਜਿਹੇ ਸਮੇਂ ਵਿਚ ਕੀਤੇ ਗਏ ਹਨ, ਜਦੋਂ ਇਕ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਯੋਜਨਾਬੱਧ ਮੁਲਾਕਾਤ ਨੂੰ ਇਹ ਕਹਿੰਦੇ ਹੋਏ ਮੁਲਤਵੀ ਕਰ ਦਿੱਤਾ ਕਿ ਉਹ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ। ਯੂਕ੍ਰੇਨ ਦੇ ਊਰਜਾ ਮੰਤਰੀ ਨੇ ਕਿਹਾ ਕਿ ਦੇਸ਼ ਦੇ ਊਰਜਾ ਬੁਨਿਆਦੀ ਢਾਂਚੇ 'ਤੇ ਰਾਤ ਭਰ ਹਮਲੇ ਕੀਤੇ ਗਏ, ਜੋ ਬੁੱਧਵਾਰ ਤੜਕੇ ਤੱਕ ਜਾਰੀ ਰਹੇ। ਇਹ ਸਰਦੀਆਂ ਤੋਂ ਪਹਿਲਾਂ ਦੇਸ਼ ਦੇ ਊਰਜਾ ਸਿਸਟਮ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਕੀਵ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਨੇ ਕਿਹਾ ਕਿ ਹਮਲੇ ਵਿੱਚ ਘੱਟੋ-ਘੱਟ 18 ਲੋਕ ਜ਼ਖਮੀ ਹੋਏ ਹਨ। ਯੂਕ੍ਰੇਨ ਦੇ ਊਰਜਾ ਮੰਤਰਾਲਾ ਨੇ ਦੱਸਿਆ ਕਿ ਹਮਲੇ ਕਾਰਨ ਦੇਸ਼ ਭਰ ਵਿੱਚ ਬਿਜਲੀ ਬੰਦ ਹੋ ਗਈ।
ਮੰਤਰਾਲਾ ਨੇ ਕਿਹਾ ਕਿ ਜਿੱਥੇ ਵੀ ਸੰਭਵ ਹੋਵੇ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਬਿਜਲੀ "ਜਿੰਨੀ ਜਲਦੀ ਹੋ ਸਕੇ" ਬਹਾਲ ਕਰ ਦਿੱਤੀ ਜਾਵੇਗੀ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇੱਕ ਬਿਆਨ ਵਿੱਚ ਕਿਹਾ, "ਇੱਕ ਹੋਰ ਰਾਤ ਜੋ ਸਾਬਤ ਕਰਦੀ ਹੈ ਕਿ ਰੂਸ ਯੁੱਧ ਨੂੰ ਲੰਮਾ ਖਿੱਚਣ ਲਈ ਲੋੜੀਂਦਾ ਦਬਾਅ ਮਹਿਸੂਸ ਨਹੀਂ ਕਰ ਰਿਹਾ ਹੈ।" ਉਨ੍ਹਾਂ ਕਿਹਾ ਕਿ ਹਮਲਿਆਂ ਨੇ ਕੀਵ ਅਤੇ ਜ਼ਾਪੋਰਿਜ਼ੀਆ ਸ਼ਹਿਰਾਂ ਦੇ ਨਾਲ-ਨਾਲ ਓਡੇਸਾ, ਚੇਰਨੀਹਿਵ, ਕਿਰੋਵੋਹਰਾਦ, ਪੋਲਟਾਵਾ, ਵਿਨਿਤਸੀਆ, ਚੇਰਕਾਸੀ ਅਤੇ ਸੁਮੀ ਦੇ ਖੇਤਰਾਂ ਵਿੱਚ ਵਿਆਪਕ ਨੁਕਸਾਨ ਪਹੁੰਚਾਇਆ। ਜ਼ੇਲੇਂਸਕੀ ਨੇ ਯੂਰਪੀਅਨ ਯੂਨੀਅਨ, ਸੰਯੁਕਤ ਰਾਜ ਅਮਰੀਕਾ ਅਤੇ 7 ਉਦਯੋਗਿਕ ਦੇਸ਼ਾਂ ਦੇ ਸਮੂਹ (G7) ਨੂੰ ਰੂਸ 'ਤੇ ਪਾਬੰਦੀਆਂ ਲਗਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਇਹ ਬਹੁਤ ਮਹੱਤਵਪੂਰਨ ਹੈ ਕਿ ਦੁਨੀਆ ਹੁਣ ਚੁੱਪ ਨਾ ਰਹੇ ਅਤੇ ਰੂਸ ਦੇ ਧੋਖੇਬਾਜ਼ ਹਮਲਿਆਂ ਦਾ ਇੱਕਜੁੱਟ ਹੋ ਕੇ ਜਵਾਬ ਦੇਵੇ।"
ਪੇਰੂ : 30 ਦਿਨਾਂ ਦੀ ਐਮਰਜੈਂਸੀ ਦਾ ਐਲਾਨ, ਇਸ ਕਾਰਨ ਲੈ ਗਿਆ ਫੈਸਲਾ
NEXT STORY