ਜਕਾਰਤਾ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਨੂੰ ਲੈ ਕੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਲ ਸੰਭਾਵਿਤ ਟਕਰਾਅ ਤੋਂ ਬਚਣ ਲਈ ਅਗਲੇ ਹਫਤੇ ਇੰਡੋਨੇਸ਼ੀਆ ਵਿੱਚ ਹੋਣ ਵਾਲੇ ਜੀ-20 ਸੰਮੇਲਨ ਵਿਚ ਹਿੱਸਾ ਨਹੀਂ ਲੈਣਗੇ। ਇੰਡੋਨੇਸ਼ੀਆਈ ਸਰਕਾਰ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ 'ਚ 15 ਨਵੰਬਰ ਤੋਂ ਸ਼ੁਰੂ ਹੋ ਰਹੇ ਦੋ ਦਿਨਾਂ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਵਿਸ਼ਵ ਨੇਤਾ ਸ਼ਿਰਕਤ ਕਰਨਗੇ।
ਰੂਸ ਵੱਲੋਂ ਇਸ ਸਾਲ ਫਰਵਰੀ ਦੇ ਅਖੀਰ ਵਿਚ ਯੂਕਰੇਨ 'ਤੇ ਹਮਲਾ ਕਰਨ ਤੋਂ ਬਾਅਦ ਪਹਿਲੀ ਵਾਰ ਬਾਈਡੇਨ ਅਤੇ ਪੁਤਿਨ ਕਿਸੇ ਵਿਸ਼ਵ ਮੰਚ 'ਤੇ ਇਕੱਠੇ ਆਉਣ ਵਾਲੇ ਸਨ। ਜੀ-20 ਦੇ ਚੀਫ ਆਫ ਸਪੋਰਟ ਲੁਹੁਤ ਬਿਨਸਰ ਪੰਡਜੈਤਨ ਨੇ ਇੰਡੋਨੇਸ਼ੀਆ ਦੇ ਡੇਨਪਾਸਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਰੂਸੀ ਵਫ਼ਦ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ, 'ਇੰਡੋਨੇਸ਼ੀਆਈ ਸਰਕਾਰ ਰੂਸ ਦੇ ਫੈਸਲੇ ਦਾ ਸਨਮਾਨ ਕਰਦੀ ਹੈ। ਰਾਸ਼ਟਰਪਤੀ ਪੁਤਿਨ ਨੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਫੋਨ 'ਤੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਸੀ।'
ਇਸ ਤੋਂ ਪਹਿਲਾਂ ਬਾਈਡੇਨ ਨੇ ਸ਼ਿਖਰ ਸੰਮੇਲਨ ਦੌਰਾਨ ਪੁਤਿਨ ਨਾਲ ਬੈਠਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਰੂਸੀ ਨੇਤਾ ਨਾਲ ਸਿਰਫ਼ ਰੂਸ 'ਚ ਬੰਦ ਅਮਰੀਕੀਆਂ ਦੀ ਰਿਹਾਈ 'ਤੇ ਹੀ ਚਰਚਾ ਕਰ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਪੁਤਿਨ ਔਨਲਾਈਨ ਸੰਮੇਲਨ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਵਿਸ਼ਵ ਨੇਤਾਵਾਂ ਨੂੰ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਦੀ ਅਪੀਲ ਕਰਨਗੇ। ਉਨ੍ਹਾਂ ਦਾ ਬਾਈਕਾਟ ਕਰਨ ਜਾਂ ਫਿਰ ਨਿੰਦਾ ਕਰਨ ਦੀ ਵੀ ਚਰਚਾ ਕੀਤੀ ਹੈ।
2024 'ਚ ਮੁੜ ਰਾਸ਼ਟਰਪਤੀ ਚੋਣ ਲੜਨਾ ਚਾਹੁੰਦਾ ਹਾਂ, ਪਰ ਆਖ਼ਰੀ ਫ਼ੈਸਲਾ ਪਰਿਵਾਰ ਕਰੇਗਾ: ਬਾਈਡੇਨ
NEXT STORY