ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ।ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹਨਾਂ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਜਾ ਸਕਦੇ ਹਨ। ਇਹਨਾਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਵਿਖੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪ੍ਰਸ਼ਾਦਿ ਵਾਲੇ ਪੈਕੇਟ ਦੇ ਅੰਦਰ ਸਿਗਰਟਾਂ ਦਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ। ਪੈਕਟਾਂ ਦੇ ਅੰਦਰਲੇ ਪਾਸੇ ਪਾਕਿਸਤਾਨੀ ਬ੍ਰਾਂਡ ਦੇ ਸਿਗਰਟਾਂ ਦੇ ਪੈਕੇਟ ਦਾ ਇਸ਼ਤਿਹਾਰ ਪ੍ਰਕਾਸ਼ਿਤ ਹੈ। ਅਜਿਹੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ 'ਤੇ ਸੰਗਤ ਵਿਚ ਕਾਫੀ ਰੋਸ ਹੈ।
ਸ਼ਰਧਾਲੂਆਂ ਨੇ ਪੀ.ਐੱਸ.ਜੀ.ਪੀ.ਸੀ. ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪੈਕੇਟਾਂ 'ਤੇ ਇਕ ਪਾਸੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਹੈ ਦੂਜੇ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਤਸਵੀਰ ਪ੍ਰਕਾਸ਼ਿਤ ਹੋਈ ਹੈ। ਗੌਰਤਲਬ ਹੈ ਕਿ 2020 ਤੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਭਾਰਤ ਅਤੇ ਦੁਨੀਆ ਭਰ ਵਿਚ ਵੱਸਦੇ ਸਿੱਖ ਸ਼ਰਧਾਲੂ ਪਾਕਿਸਤਾਨ ਵਿਖੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਰਹੇ ਹਨ। ਇਸ ਦੌਰਾਨ ਸੰਗਤਾਂ ਨਨਕਾਣਾ ਸਾਹਿਬ ਵਿਖੇ ਵੀ ਨਤਮਸਤਕ ਹੁੰਦੀਆਂ ਹਨ। ਉੱਥੇ ਪਹੁੰਚੀਆਂ ਸੰਗਤਾਂ ਨੂੰ ਪ੍ਰਸ਼ਾਦਿ ਵੀ ਦਿੱਤਾ ਜਾਂਦਾ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਸੰਗਤਾਂ ਨੂੰ ਜਿਹੜੇ ਪੈਕੇਟ ਵਿਚ ਪ੍ਰਸ਼ਾਦਿ ਦਿੱਤਾ ਗਿਆ, ਉਹਨਾਂ ਦੇ ਅੰਦਰ ਸਿਗਰਟਾਂ ਦੇ ਲੋਗੋ ਵਾਲੇ ਕਾਗਜ਼ ਦੀ ਵਰਤੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਵਿਵਾਦਿਤ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹਨਾਂ ਵਿਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਰਿਕਰਮਾ ਵਿਚ ਸਾਈਕਲ ਚਲਾ ਕੇ ਟਿਕਟਾਕ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਕ ਹੋਰ ਮਾਮਲੇ ਵਿਚ ਮਹਿਲਾ ਮਾਡਲ ਦੁਆਰਾ ਨੰਗੇ ਸਿਰ ਫੋਟੋ ਸ਼ੂਟ ਕਰਵਾਇਆ ਗਿਆ ਸੀ।
ਰਾਸ਼ਟਰਪਤੀ ਕੋਵਿੰਦ ਨੇ ਬੰਗਲਾਦੇਸ਼ ’ਚ ਇਤਿਹਾਸਕ ਸ਼੍ਰੀ ਰਮਣਾ ਕਾਲੀ ਮੰਦਰ ਦਾ ਕੀਤਾ ਉਦਘਾਟਨ
NEXT STORY