ਆਇਓਵਾ (ਏਐਨਆਈ): ਅਮਰੀਕਾ ਦੇ ਆਇਓਵਾ ਸੂਬੇ ਦੇ ਮਸਕਟਾਈਨ ਸ਼ਹਿਰ ਵਿੱਚ ਇੱਕ ਦਿਲ ਕੰਬਾਊ ਘਟਨਾ ਵਾਪਰੀ ਹੈ । ਇੱਥੇ ਇੱਕ 52 ਸਾਲਾ ਵਿਅਕਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਹੀ ਪਰਿਵਾਰ ਦੇ 6 ਮੈਂਬਰਾਂ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਖ਼ੂਨੀ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਪੁਲਿਸ ਅਨੁਸਾਰ ਇਹ ਖ਼ੂਨੀ ਘਟਨਾ ਸੋਮਵਾਰ ਦੁਪਹਿਰ ਵੇਲੇ ਸ਼ੁਰੂ ਹੋਈ। ਹਮਲਾਵਰ ਦੀ ਪਛਾਣ ਰਿਆਨ ਵਿਲਿਸ ਮੈਕਫਾਰਲੈਂਡ ਵਜੋਂ ਹੋਈ ਹੈ। ਮੈਕਫਾਰਲੈਂਡ ਨੇ ਸ਼ਹਿਰ ਵਿੱਚ ਤਿੰਨ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਕੀਤੀ। ਪੁਲਿਸ ਨੂੰ ਸਭ ਤੋਂ ਪਹਿਲਾਂ ਇੱਕ ਘਰ ਵਿੱਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਜਾਂਚ ਜਾਰੀ ਰਹਿਣ ਦੌਰਾਨ ਅਧਿਕਾਰੀਆਂ ਨੂੰ ਇੱਕ ਹੋਰ ਰਿਹਾਇਸ਼ੀ ਘਰ ਵਿੱਚੋਂ ਇੱਕ ਬਾਲਗ ਵਿਅਕਤੀ ਅਤੇ ਇੱਕ ਕਾਰੋਬਾਰੀ ਅਦਾਰੇ ਤੋਂ ਇੱਕ ਹੋਰ ਵਿਅਕਤੀ ਦੀ ਲਾਸ਼ ਬਰਾਮਦ ਹੋਈ।
ਪਰਿਵਾਰਕ ਮੈਂਬਰ ਬਣੇ ਸ਼ਿਕਾਰ
ਮਸਕਟਾਈਨ ਪੁਲਿਸ ਵਿਭਾਗ ਦੀ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਇਹ ਸਾਰਾ ਮਾਮਲਾ ਘਰੇਲੂ ਵਿਵਾਦ ਨਾਲ ਜੁੜਿਆ ਹੋਇਆ ਸੀ। ਪੁਲਿਸ ਦਾ ਮੰਨਣਾ ਹੈ ਕਿ ਮਾਰੇ ਗਏ ਸਾਰੇ ਛੇ ਵਿਅਕਤੀ ਹਮਲਾਵਰ ਮੈਕਫਾਰਲੈਂਡ ਦੇ ਪਰਿਵਾਰਕ ਮੈਂਬਰ ਹੀ ਸਨ। ਫਿਲਹਾਲ ਮ੍ਰਿਤਕਾਂ ਦੇ ਨਾਮ ਅਤੇ ਉਮਰ ਦਾ ਰਸਮੀ ਖੁਲਾਸਾ ਨਹੀਂ ਕੀਤਾ ਗਿਆ ਹੈ। ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਮੈਕਫਾਰਲੈਂਡ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਕੁਝ ਸਮੇਂ ਬਾਅਦ ਉਸ ਨੂੰ 'ਰਿਵਰਫਰੰਟ ਟ੍ਰੇਲ' ਨੇੜੇ ਇੱਕ ਪੈਦਲ ਪੁਲ ਕੋਲ ਲੱਭ ਲਿਆ, ਜਿੱਥੇ ਉਹ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲਿਆ। ਮੈਕਫਾਰਲੈਂਡ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਮਸਕਟਾਈਨ ਪੁਲਿਸ ਚੀਫ਼ ਐਂਥਨੀ ਕੀਜ਼ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਸੀ। ਹਾਲਾਂਕਿ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਹੁਣ ਸਮਾਜ ਨੂੰ ਕੋਈ ਹੋਰ ਖ਼ਤਰਾ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਤੋਂ ਫ਼ਿਰ ਡਿਪੋਰਟ ਹੋਣਗੇ ਭਾਰਤੀ ! ਟਰੱਕ ਡਰਾਈਵਰਾਂ 'ਤੇ ਡਿੱਗੀ ਗਾਜ
NEXT STORY