ਜੋਹਾਨਸਬਰਗ (ਬਿਊਰੋ)— ਇਹ ਗੱਲ ਠੀਕ ਹੈ ਕਿ ਜਿਵੇਂ-ਜਿਵੇਂ ਇਨਸਾਨ ਦੀ ਉਮਰ ਹੁੰਦੀ ਹੈ ਉਸ ਦੀ ਸਿਹਤ 'ਤੇ ਅਸਰ ਪੈਣ ਲੱਗਦਾ ਹੈ। ਹਰੇਕ ਦੇਸ਼ ਵਿਚ ਬਜ਼ੁਰਗਾਂ ਦੀ ਸਿਹਤਯਾਬੀ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਅਜਿਹਾ ਹੀ ਖਾਸ ਉਪਰਾਲਾ ਦੱਖਣੀ ਅਫਰੀਕਾ ਵਿਚ ਕੀਤਾ ਗਿਆ ਹੈ। ਇੱਥੇ 80 ਸਾਲ ਦੀਆਂ ਬਜ਼ੁਰਗ ਔਰਤਾਂ ਸਿਹਤਮੰਦ ਰਹਿਣ ਲਈ ਬਾਕਸਿੰਗ ਕਰਦੀਆਂ ਹਨ। ਇੰਨਾ ਹੀ ਨਹੀਂ ਉਹ ਡਾਂਸ ਕਰਦੀਆਂ ਅਤੇ ਗਾਣਾ ਗਾਉਂਦੀਆਂ ਹਨ ਅਤੇ ਹਫਤੇ ਵਿਚ ਦੋ ਵਾਰ ਜਿਮ ਜਾਂਦੀਆਂ ਹਨ। ਇਨ੍ਹਾਂ ਔਰਤਾਂ ਨੂੰ 'ਬਾਕਸਿੰਗ ਗ੍ਰੇਨੀ' ਕਿਹਾ ਜਾਂਦਾ ਹੈ।
ਇਕ ਬਜ਼ੁਰਗ ਮਹਿਲਾ ਕੌਨਸਟੇਂਸ ਨਗੁਬੇਨ ਦਾ ਕਹਿਣਾ ਹੈ,''ਮੇਰੀ ਜ਼ਿੰਦਗੀ ਚਲਦੇ-ਚਲਦੇ ਅਚਾਨਕ ਰੁੱਕ ਜਾਂਦੀ ਹੈ। ਜ਼ਿੰਦਗੀ ਵਿਚ ਕਦੇ ਚੰਗਾ ਹੁੰਦਾ ਹੈ ਤੇ ਕਦੇ ਮਾੜਾ। ਜਦੋਂ ਤੋਂ ਮੈਂ ਬਾਕਸਿੰਗ ਸ਼ੁਰੂ ਕੀਤੀ ਉਦੋਂ ਤੋਂ ਮੈਂ ਖੁਦ ਨੂੰ 16 ਸਾਲਾ ਕੁੜੀ ਵਾਂਗ ਮਹਿਸੂਸ ਕਰਨ ਲੱਗੀ ਹਾਂ। ਪਰ ਸੱਚ ਇਹ ਹੈ ਕਿ ਮੈਂ 16 ਸਾਲ ਦੀ ਨਹੀਂ ਸਗੋਂ 80 ਸਾਲ ਦੀ ਹਾਂ। ਮੈਨੂੰ ਆਪਣੀ ਉਮਰ ਦੀਆਂ ਔਰਤਾਂ ਨਾਲ ਮਿਲਣਾ ਚੰਗਾ ਲੱਗਦਾ ਹੈ। ਉਹ ਪਰਿਵਾਰ ਵਾਂਗ ਹੀ ਹਨ।''
ਇੱਥੇ ਦੱਸ ਦਈਏ ਕਿ ਦੇਸ਼ ਵਿਚ ਸਾਲ 2014 ਵਿਚ ਔਰਤਾਂ ਲਈ ਬਾਕਸਿੰਗ ਗੋਗੋਜ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਦੱਖਣੀ ਅਫਰੀਕਾ ਵਿਚ ਬਜ਼ੁਰਗ ਔਰਤਾਂ ਨੂੰ 'ਗੋਗੋਜ਼' ਵੀ ਕਿਹਾ ਜਾਂਦਾ ਹੈ। ਇਨ੍ਹਾਂ ਬਜ਼ੁਰਗ ਔਰਤਾਂ ਲਈ ਬਾਕਸਿੰਗ ਖੇਡਣਾ ਸਰੀਰਕ ਕਸਰਤ ਕਰਨ ਨਾਲੋਂ ਜ਼ਿਆਦਾ ਸਮਾਜਿਕ ਗਤੀਵਿਧੀ ਹੈ। ਮੇਓ ਕਲੀਨਿਕ ਦੀ ਇਕ ਸ਼ੋਧ ਵਿਚ ਪਾਇਆ ਗਿਆ ਹੈ ਕਿ ਲੋਕਾਂ ਨਾਲ ਮਿਲਦੇ ਰਹਿਣ ਦੇ ਨਾਲ-ਨਾਲ ਕਸਰਤ ਕਰਨਾ ਉਮਰ ਨੂੰ ਵਧਾਉਂਦਾ ਹੈ।
ਪ੍ਰੋਗਰਾਮ ਦੀ ਇਕ ਹੋਰ ਮੈਂਬਰ 70 ਸਾਲਾ ਮੇਬਲ ਮਖੋਸ਼ੀ ਦਾ ਕਹਿਣਾ ਹੈ,''4 ਸਾਲ ਪਹਿਲਾਂ ਮੈਂ ਬਾਕਸਿੰਗ ਕੀਤੀ ਅਤੇ ਜਿਮ ਜਾਣਾ ਸ਼ੁਰੂ ਕੀਤਾ ਸੀ। ਇਸ ਕਾਰਨ ਸਿਹਤ ਵਿਚ ਕਾਫੀ ਸਕਾਰਾਤਮਕ ਤਬਦੀਲੀ ਮਹਿਸੂਸ ਕੀਤੀ। ਮੇਰਾ ਬਲੱਡ ਪ੍ਰੈਸ਼ਰ ਅਤੇ ਡਾਇਬੀਟੀਜ਼ ਵੀ ਕੰਟਰੋਲ ਵਿਚ ਹੈ। ਜਦੋਂ ਚੈਕਅੱਪ ਕਰਵਾਇਆ ਤਾਂ ਡਾਕਟਰ ਨੇ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ। ਮੈਂ ਉਨ੍ਹਾਂ ਨੂੰ ਕਸਰਤ ਕਰਨ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੈਂ ਬਿਹਤਰ ਕਰ ਰਹੀ ਹਾਂ।''
ਬਾਕਸਿੰਗ ਪ੍ਰਾਜੈਕਟ ਨਾਲ ਜੁੜੇ ਕਲੌਡ ਮਫੋਸਾ ਦੱਸਦੇ ਹਨ ਕਿ ਕਸਰਤ-ਬਾਕਸਿੰਗ ਨਾਲ ਜੁੜਨ ਦੇ ਬਾਅਦ ਔਰਤਾਂ ਦਾ ਆਤਮਵਿਸ਼ਵਾਸ ਵਧਿਆ ਹੈ। ਇਹ ਚੰਗੀ ਗੱਲ ਹੈ ਕਿ ਜਿਹੜੀਆਂ ਔਰਤਾਂ ਆਸ ਗਵਾ ਚੁੱਕੀਆਂ ਸਨ ਅੱਜ ਉਹ ਮਜ਼ਬੂਤ ਨਜ਼ਰ ਆਉਂਦੀਆਂ ਹਨ। ਆਕਸਫੋਰਡ ਇੰਸਟੀਚਿਊਟ ਆਫ ਪਾਪੁਲੇਸ਼ਨ ਏਜਿੰਗ ਵਿਚ ਪ੍ਰੋਫੈਸਰ ਸਾਰਾ ਹਾਰਪਰ ਮੁਤਾਬਕ,''ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਭੋਜਨ ਅਤੇ ਕਸਰਤ ਹੀ ਜ਼ਰੂਰੀ ਨਹੀਂ ਹੁੰਦੀ, ਸਮਾਜਿਕ ਹੋਣਾ ਵੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਕਈ ਸ਼ੋਧਾਂ ਵਿਚ ਸਾਬਤ ਹੋ ਚੁੱਕਾ ਹੈ ਕਿ ਸੋਸ਼ਲ ਨੈੱਟਵਰਕਿੰਗ ਨਾਲ ਵਿਅਕਤੀ ਲੰਬੀ ਜ਼ਿੰਦਗੀ ਜਿਉਂਦਾ ਹੈ।
ਭੁੱਖ ਨਾਲ ਮਰੀ ਵ੍ਹੇਲ, ਢਿੱਡ ’ਚੋਂ ਨਿਕਲਿਆ 40 ਕਿਲੋ ਪਲਾਸਟਿਕ
NEXT STORY