ਲੰਡਨ(ਰਾਜਵੀਰ ਸਮਰਾ)— ਲੰਡਨ ਦੇ ਇਲਾਕੇ ਹੰਸਲੋ ਵਿਖੇ ਬੀਤੇ ਸ਼ੁੱਕਰਵਾਰ ਨੂੰ ਛੁਰਾ ਮਾਰ ਕੇ 36 ਸਾਲਾ ਸੁਖਜੀਤ ਸਿੰਘ ਦਾ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ, ਜਿਸ ਦੇ ਸਬੰਧ ਵਿਚ 2 ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਜਦ ਕਿ ਇਕ ਔਰਤ ਅਤੇ ਇਕ ਮਰਦ ਨੂੰ ਅਗਲੇਰੀ ਪੁੱਛਗਿੱਛ ਤੱਕ ਜ਼ਮਾਨਤ ਦੇ ਦਿੱਤੀ ਗਈ। ਸੁਖਜੀਤ ਸਿੰਘ ਬੀਤੀ 22 ਦਸੰਬਰ ਨੂੰ ਤੜਕੇ ਆਪਣੇ ਕੰਮਕਾਰ ਦੀ ਪਾਰਟੀ ਤੋਂ ਵਾਪਸ ਘਰ ਆ ਰਿਹਾ ਸੀ ਅਤੇ ਤੜਕੇ 2 ਕੁ ਵਜੇ ਉਸ 'ਤੇ ਗ੍ਰੋਵ ਰੋਡ, ਹੰਸਲੋ ਵਿਖੇ ਹਮਲਾ ਹੋਇਆ। ਮ੍ਰਿਤਕ ਪੰਜਾਬ ਰੇਡੀਓ ਦੇ ਸੰਚਾਲਕ ਸੁਰਜੀਤ ਸਿੰਘ ਘੁੰਮਣ ਦਾ ਭਾਣਜਾ ਸੀ, ਜੋ ਆਪਣੇ ਪਿੱਛੇ ਸੁਪਤਨੀ ਅਤੇ ਇਕ ਬੇਟੀ ਛੱਡ ਗਿਆ। ਸੁਰਜੀਤ ਸਿੰਘ ਘੁੰਮਣ ਅਨੁਸਾਰ ਸੁਖਜੀਤ ਜਦੋਂ ਪਾਰਟੀ ਤੋਂ ਘਰ ਆ ਰਿਹਾ ਸੀ ਤਾਂ ਉਸ ਦੇ ਘਰ ਦੇ ਨਜ਼ਦੀਕ ਹੀ ਇਕ ਔਰਤ ਅਤੇ ਤਿੰਨ ਬੰਦਿਆਂ ਨੇ ਉਸ 'ਤੇ ਹਮਲਾ ਕੀਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਜਿਸ ਸਬੰਧੀ ਉਸ ਨੇ ਆਪਣੀ ਸੁਪਤਨੀ ਨੂੰ ਫ਼ੋਨ 'ਤੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਜਾਣ ਦੀ ਗੱਲ ਕਹੀ ਸੀ। ਘਟਨਾ ਸਬੰਧੀ ਪੁਲਸ ਨੂੰ ਉਸੇ ਦਿਨ ਸ਼ੁੱਕਰਵਾਰ ਤੜਕੇ ਹੀ ਹਾਈਬਰਨੀਆ ਰੋਡ ਨੇੜੇ ਗ੍ਰੋਵ ਰੋਡ 'ਤੇ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹਾਲਤ ਵਿਚ ਪਏ ਹੋਣ ਦੀ ਸੂਚਨਾ ਮਿਲੀ ਸੀ। ਉਸ ਦੇ ਸਰੀਰ 'ਤੇ ਇਕ ਤੇਜ਼ਧਾਰ ਹਥਿਆਰ ਦਾ ਜ਼ਖਮ ਅਤੇ ਹੋਰ ਕਈ ਸੱਟਾਂ ਦੇ ਨਿਸ਼ਾਨ ਸਨ। ਮੌਕੇ 'ਤੇ ਪੁੱਜੀ ਪੁਲਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਮੁੱਢਲੀ ਜਾਂਚ ਪੜਤਾਲ ਉਪਰੰਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ 'ਚੋਂ 2 ਸੈਬੈਸਟੀਅਨ ਸਜ਼ਾਲਕੀ (35) ਅਤੇ ਡਰੂਜ਼ ਬਾਡੇਕ (18) ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਜਦ ਕਿ ਇਕ ਔਰਤ ਅਤੇ ਇਕ ਮਰਦ (ਦੋਵੇਂ ਉਮਰ 29 ਸਾਲ) ਨੂੰ ਜਨਵਰੀ ਵਿਚ ਹੋਰ ਪੁੱਛਗਿੱਛ ਤੱਕ ਜ਼ਮਾਨਤ ਦੇ ਦਿੱਤੀ ਗਈ। ਸਜ਼ਾਲਕੀ ਅਤੇ ਬਾਡੇਕ ਨੂੰ ਪਹਿਲਾਂ 26 ਦਸੰਬਰ ਨੂੰ ਅਕਸਬ੍ਰਿਜ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿਨ੍ਹਾਂ ਦਾ ਮੁਕੱਦਮਾ ਓਲਡ ਬੇਲੀ ਦੀ ਅਦਾਲਤ ਵਿਚ ਤਬਦੀਲ ਕਰ ਦਿੱਤਾ ਗਿਆ। ਜਿੱਥੇ 28 ਦਸੰਬਰ ਨੂੰ ਉਨ੍ਹਾਂ ਦੀ ਪੇਸ਼ੀ ਹੋਈ। ਮੁਕੱਦਮੇ ਦੀ ਮੁੱਢਲੀ ਸੁਣਵਾਈ 9 ਜਨਵਰੀ 2018 ਨੂੰ ਮੁਕੱਰਰ ਕੀਤੀ ਗਈ।
ਅਮਰੀਕਾ ਦੇ ਕੈਲੀਫੋਰਨੀਆ 'ਚ ਹੋਈ ਗੋਲੀਬਾਰੀ, 2 ਦੀ ਮੌਤ
NEXT STORY