ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ): ਭਾਵੇਂ ਹੀ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨੀਆਂ ਨੇ ਕਾਬੁਲ ’ਤੇ ਕਬਜ਼ਾ ਕਰ ਲਿਆ ਹੋਵੇ ਪਰ ਹੁਣ ਤਾਲਿਬਾਨੀ ਨੇਤਾ ਸੱਤਾ ਨੂੰ ਲੈ ਕੇ ਆਪਸ ’ਚ ਉਲਝ ਗਏ ਹਨ। ‘ਨਿਊਯਰਾਕ ਪੋਸਟ’ ਦੀ ਤਾਜ਼ਾ ਰਿਪੋਰਟ ਅਨੁਸਾਰ ਸੱਤਾ ’ਤੇ ਕਾਬਜ਼ ਹੋਣ ਨੂੰ ਲੈ ਕੇ ਤਾਲਿਬਾਨੀ ਨੇਤਾ ਧੜਿਆਂ ਵਿਚ ਵੰਡਣ ਲੱਗੇ ਹਨ। ਆਪਣੀ ਰਿਪੋਰਟ ਵਿਚ ਹੋਲੀ ਮੈਕੇ ਨੇ ਖੁਫੀਆ ਏਜੰਸੀਆਂ ਦੇ ਅਤੇ ਫੌਜੀ ਅਧਿਕਾਰੀਆਂ ਦੇ ਤਾਲਿਬਾਨੀ ਧੜਿਆਂ ਦੇ ਆਪਸ ਵਿਚ ਵੰਡੇ ਜਾਣ ਦੀ ਪੁਸ਼ਟੀ ਕੀਤੀ।
ਜਿਥੇ ਇਕ ਪਾਸੇ ਅਫਗਾਨਿਸਤਾਨ ’ਤੇ ਹੁਣ ਵੱਡੇ ਇਸਲਾਮਿਕ ਅੱਤਵਾਦੀ ਸੰਗਠਨਾਂ ਦੀ ਨਜ਼ਰ ਹੈ, ਉੱਥੇ ਹੀ ਤਾਲਿਬਾਨੀ ਨੇਤਾਵਾਂ ਦੇ ਧੜ੍ਹਿਆਂ ਵਿਚ ਵੰਡੇ ਜਾਣ ਨਾਲ ਅਫਗਾਨਿਸਤਾਨ ਦੇ ਭਵਿੱਖ ’ਤੇ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਅਮਰੀਕਾ ਦੇ ਖੁਫੀਆ ਸੂਤਰ ਦਾ ਹਵਾਲਾ ਦਿੰਦਿਆਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਤੇ ਸ਼ੁੱਕਰਵਾਰ ਦੀ ਰਾਤ ਹਵਾਈ ਅੱਡੇ ਨੇੜੇ ਤਾਲਿਬਾਨੀ ਧੜਿਆਂ ਦਰਮਿਆਨ ਗੋਲੀਬਾਰੀ ਵੀ ਹੋਈ ਸੀ।
ਏਕਤਾ ਦੀ ਕਮੀ, ਜਾਰੀ ਹੈ ਚੁੱਪ-ਚੁਪੀਤੇ ਬੈਠਕਾਂ ਦਾ ਦੌਰ
ਰਿਪੋਰਟ ਅਨੁਸਾਰ ਕਾਬੁਲ ਵਿਚ ਸਰਕਾਰ ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਜ਼ਮੀਨ ’ਤੇ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਤਾਲਿਬਾਨੀਆਂ ਦੇ ਕਈ ਧੜੇ ਸੱਤਾ ਨੂੰ ਲੈ ਕੇ ਲੌਬਿੰਗ ਕਰਨ ’ਚ ਲੱਗੇ ਹੋਏ ਹਨ। ਏਕਤਾ ਦੀ ਕਮੀ ਕਾਰਨ ਕਈ ਧੜੇ ਚੁੱਪ-ਚੁਪੀਤੇ ਬੈਠਕਾਂ ਕਰ ਰਹੇ ਹਨ। ਸੂਤਰਾਂ ਅਨੁਸਾਰ ਕਈ ਜਾਤੀਆਂ ਤੇ ਜਨਜਾਤੀਆਂ ਸੱਤਾ ਦੀ ਵਾਗਡੋਰ ਸੰਭਾਲਣ ’ਤੇ ਉਤਾਰੂ ਗਈਆਂ ਹਨ। ਕਾਬੁਲ ਦੀ ਸੁਰੱਖਿਆ ਹੱਕਾਨੀ ਨੈੱਟਵਰਕ ਦੇ ਹੱਥਾਂ ਵਿਚ ਹੈ। ਫਿਲਹਾਲ ਸਿਆਸੀ ਤੇ ਫੌਜੀ ਮਾਮਲਿਆਂ ਨੂੰ ਉਹੀ ਦੇਖ ਰਿਹਾ ਹੈ।
ਖਤਰਨਾਕ ਅੱਤਵਾਦੀ ਖਲੀਲ ਹੱਕਾਨੀ ਨੂੰ ਅਫਗਾਨਿਸਤਾਨ ਵਿਚ ਸੁਰੱਖਿਆ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ‘ਨਿਊਯਾਰਕ ਪੋਸਟ’ ਦੀ ਰਿਪੋਰਟ ਅਨੁਸਾਰ ਹੱਕਾਨੀ ਦੇ ਵਫਾਦਰ ਅਮਰੀਕਾ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਸਨ। ਉਹ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਦੇ ਅੰਦਰ ਹੀ ਸੱਤਾ ਤਬਦੀਲੀ ਨੂੰ ਲੈ ਕੇ ਯੋਜਨਾ ਤਿਆਰ ਕਰ ਰਹੇ ਹਨ। ਮੈਕੇ ਨੇ ਕਿਹਾ ਕਿ ਤਾਲਿਬਾਨ ਤੇ ਹੱਕਾਨੀ ਦਰਮਿਆਨ ਕੰਟਰੋਲ ਤੇ ਸ਼ਕਤੀ ਦਾ ਸੰਚਾਲਨ ਕਰਨ ਵਾਲੇ ਨੇਤਾਵਾਂ ’ਚ ਮਤਭੇਦ ਵਧਦੇ ਜਾ ਰਹੇ ਹਨ। ਤਾਲਿਬਾਨ ਨੇ ਕਈ ਲੋਕਾਂ ਨੂੰ ਚੰਗੇ ਅਹੁਦਿਆਂ ’ਤੇ ਨਿਯੁਕਤ ਕਰ ਕੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ -ਕਾਬੁਲ ਹਵਾਈ ਅੱਡੇ ਨੇੜੇ ਫਿਰ ਦਾਗੇ ਗਏ ਰਾਕੇਟ, ਧੂੰਆਂ-ਧੂੰਆਂ ਹੋਇਆ ਸ਼ਹਿਰ (ਵੀਡੀਓ)
ਸਹਿਮਤੀ ਨਹੀਂ ਬਣੀ ਤਾਂ ਅੱਤਵਾਦੀਆਂ ’ਤੇ ਵਰ੍ਹੇਗਾ ਕਹਿਰ
ਕਿਹਾ ਜਾ ਰਿਹਾ ਹੈ ਕਿ ਕਈ ਧੜਿਆਂ ਕੋਲ ਸੱਤਾ ਚਲਾਉਣ ਨੂੰ ਲੈ ਕੇ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਬਾਰੇ ਵੱਖ-ਵੱਖ ਵਿਚਾਰ ਹਨ, ਜਿਸ ਵਿਚ ਆਈ. ਐੱਸ. ਆਈ. ਐੱਸ. ਦੇ ਵਧਦੇ ਖਤਰੇ ਅਤੇ ਪੰਜਸ਼ੀਰ ਵਿਚ ਅਹਿਮਦ ਮਸੂਦ ਦੀ ਅਗਵਾਈ ਵਾਲੀਆਂ ਤਾਕਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਸ਼ਾਮਲ ਹੈ। ਇਹ ਸੂਬਾ ਇਕੋ-ਇਕ ਅਜਿਹਾ ਸੂਬਾ ਹੈ, ਜੋ ਤਾਲਿਬਾਨ ਦੇ ਕੰਟਰੋਲ ’ਚ ਨਹੀਂ ਆਇਆ। ਪੰਜਸ਼ੀਰ ਘਾਟੀ ਵਿਚ ਇਕ ਅਨੁਮਾਨ ਅਨੁਸਾਰ ਡੇਢ ਤੋਂ 2 ਲੱਖ ਲੋਕ ਰਹਿੰਦੇ ਹਨ।
ਇੱਥੋਂ ਦੇ ਜ਼ਿਆਦਾਤਰ ਲੋਕ ‘ਦਾਰੀ’ ਭਾਸ਼ਾ ਬੋਲਦੇ ਹਨ। ਤਾਜਿਕ ਮੂਲ ਦੀ ਇਹ ਭਾਸ਼ਾ ਅਫਗਾਨਿਸਤਾਨ ਦੀਆਂ ਮੁੱਖ ਭਾਸ਼ਾਵਾਂ ਵਿਚੋਂ ਇਕ ਹੈ।ਦੇਸ਼ ਦੀ 3.8 ਕਰੋੜ ਦੀ ਆਬਾਦੀ ਦਾ ਲਗਭਗ ਇਕ ਚੌਥਾਈ ਹਿੱਸਾ ਤਾਜਿਕਾਂ ਦਾ ਹੈ। ਤਾਲਿਬਾਨੀਆਂ ਦੀ ਧੜੇਬੰਦੀ ਅਫਗਾਨਿਸਤਾਨ ਵਿਚ ਅੱਤਵਾਦੀਆਂ ਦੇ ਹਮਲੇ ਨੂੰ ਸੱਦਾ ਦੇ ਰਹੀ ਹੈ।ਸੱਤਾ ’ਤੇ ਜੇ ਤਾਲਿਬਾਨੀ ਨੇਤਾਵਾਂ ਦੀ ਸਹਿਮਤੀ ਨਾ ਬਣੀ ਤਾਂ ਆਈ. ਐੱਸ. ਆਈ. ਐੱਸ. ਸਰਗਰਮ ਹੋ ਕੇ ਅਫਗਾਨਿਸਤਾਨ ਵਿਚ ਧਮਾਕਿਆਂ ਦੀ ਬਰਸਾਤ ਕਰਨ ਲੱਗੇਗਾ ਅਤੇ ਅਫਗਾਨੀ ਨਾਗਰਿਕਾਂ ਦੀ ਸੁਰੱਖਿਆ ਕਰਨਾ ਉਸ ਦੇ ਲਈ ਵੱਡੀ ਚੁਣੌਤੀ ਬਣ ਜਾਵੇਗਾ।
ਕਾਬੁਲ ਹਵਾਈ ਅੱਡੇ ਨੇੜੇ ਫਿਰ ਦਾਗੇ ਗਏ ਰਾਕੇਟ, ਸ਼ਹਿਰ 'ਚ ਵਿਛੀ ਧੂੰਏਂ ਦੀ ਚਾਦਰ (ਵੀਡੀਓ)
NEXT STORY