ਜਿਨੇਵਾ : ਅਫਰੀਕੀ ਦੇਸ਼ ਜਿਬੂਤੀ ਦੇ ਤੱਟ ਨੇੜੇ ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਡੁੱਬਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਸੰਯੁਕਤ ਰਾਸ਼ਟਰ ਦੀ ਪ੍ਰਵਾਸ ਏਜੰਸੀ (IOM) ਅਨੁਸਾਰ, ਇਸ ਦੁਖਦਾਈ ਹਾਦਸੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 45 ਹੋਰ ਲਾਪਤਾ ਹਨ।
ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (IOM) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ, ਇਹ ਕਿਸ਼ਤੀ ਜਿਬੂਤੀ ਦੇ ਬੰਦਰਗਾਹ ਸ਼ਹਿਰ ਓਬੌਕ (Obock) ਤੋਂ 300 ਤੋਂ ਵੱਧ ਲੋਕਾਂ ਨੂੰ ਲੈ ਕੇ ਰਵਾਨਾ ਹੋਈ ਸੀ। ਇਹ ਸ਼ਰਨਾਰਥੀ ਯਮਨ ਜਾ ਰਹੇ ਸਨ ਅਤੇ ਜਦੋਂ ਉਹ ਬਾਬ ਅਲ-ਮੰਦੇਬ ਜਲਡਮਰੂ (Bab al-Mandeb Strait) ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਮੰਗਲਵਾਰ ਨੂੰ ਇਹ ਕਿਸ਼ਤੀ ਹਾਦਸਾਗ੍ਰਸਤ ਹੋ ਗਈ।
ਜਿਬੂਤੀ ਵਿੱਚ IOM ਦੀ ਮੁਖੀ ਤਨਜਾ ਪੈਸੀਫਿਕੋ ਨੇ ਦੱਸਿਆ ਕਿ ਹਾਦਸੇ ਵਿੱਚ ਬਚੇ ਹੋਏ ਲੋਕਾਂ ਦੇ ਬਿਆਨਾਂ ਅਨੁਸਾਰ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਸਮੁੰਦਰ ਵਿੱਚ ਮੌਸਮ ਬਹੁਤ ਖ਼ਰਾਬ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਇਹ ਰਸਤਾ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ। ਲਾਪਤਾ ਲੋਕਾਂ ਦੀ ਭਾਲ ਲਈ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ।
ਪਿਛਲੇ ਕੁਝ ਸਾਲਾਂ ਵਿੱਚ ਅਫਰੀਕਾ ਦੇ ਇਸ ਖੇਤਰ ਅਤੇ ਅਰਬ ਪ੍ਰਾਇਦੀਪ ਦੇ ਵਿਚਕਾਰ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਅਫਰੀਕੀ ਪ੍ਰਵਾਸੀਆਂ ਨੇ ਆਪਣੀ ਜਾਨ ਗੁਆਈ ਹੈ। ਇਹ ਲੋਕ ਆਪਣੇ ਦੇਸ਼ਾਂ ਵਿੱਚ ਜਾਰੀ ਸੰਘਰਸ਼ ਅਤੇ ਗਰੀਬੀ ਤੋਂ ਛੁਟਕਾਰਾ ਪਾਉਣ ਅਤੇ ਖਾੜੀ ਦੇਸ਼ਾਂ ਵਿੱਚ ਰੁਜ਼ਗਾਰ ਦੀ ਉਮੀਦ ਵਿੱਚ ਇਹ ਜਾਨਲੇਵਾ ਸਫ਼ਰ ਕਰਦੇ ਹਨ।
ਵੱਡੀ ਖਬਰ : ਕਾਉਈ ਟਾਪੂ 'ਤੇ ਸੈਲਾਨੀ ਹੈਲੀਕਾਪਟਰ ਹਾਦਸਾਗ੍ਰਸਤ, 3 ਦੀ ਮੌਤ
NEXT STORY