ਨੀਦਰਲੈਂਡ,(ਬਿਊਰੋ)— ਜਹਾਜ਼ ਦਾ ਸਫਰ ਕਰਨ ਦੌਰਾਨ ਬਹੁਤ ਸਾਰੇ ਲੋਕ ਘਬਰਾਏ ਹੁੰਦੇ ਹਨ। ਕਈ ਵਾਰ ਹਵਾਈ ਜਹਾਜ਼ਾਂ ਨਾਲ ਅਜਿਹੇ ਹਾਦਸੇ ਹੋ ਚੁੱਕੇ ਹਨ ਕਿ ਲੋਕਾਂ ਦਾ ਡਰਨਾ ਕਿਤੇ ਨਾ ਕਿਤੇ ਜਾਇਜ਼ ਵੀ ਲੱਗਦਾ ਹੈ ਪਰ ਕਹਿੰਦੇ ਹਨ ਕਿ ਜਦ ਪ੍ਰਮਾਤਮਾ ਦਾ ਹੱਥ ਹੋਵੇ ਤਾਂ ਫਿਰ ਡਰਨ ਦੀ ਕੋਈ ਲੋੜ ਨਹੀਂ ਹੁੰਦੀ। ਨੀਦਰਲੈਂਡ 'ਚ ਇਕ ਜਹਾਜ਼ 'ਤੇ ਆਸਮਾਨੀ ਬਿਜਲੀ ਪਈ ਪਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਧਮਾਲ ਮਚਾਈ ਹੋਈ ਹੈ, ਇਸ 'ਚ ਅਜਿਹਾ ਦ੍ਰਿਸ਼ ਕੈਦ ਹੋਇਆ ਹੈ ਕਿ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇ।
ਪਿਛਲੇ ਦਿਨੀਂ ਕਈ ਸਵਾਰੀਆਂ ਸਮੇਤ ਨੀਦਰਲੈਂਡ ਦੇ ਐਮਸਟਰਡਮ ਸ਼ਿਪੋਲ ਦੇ ਹਵਾਈ ਅੱਡੇ ਤੋਂ ਜਹਾਜ਼ ਨੇ ਸਫਲ ਉਡਾਣ ਭਰੀ ਪਰ ਰਸਤੇ 'ਚ ਮੌਸਮ ਖਰਾਬ ਹੋ ਗਿਆ ਅਤੇ ਬਿਜਲੀ ਚਮਕਣੀ ਸ਼ੁਰੂ ਹੋ ਗਈ। ਇਸ ਜਹਾਜ਼ 'ਤੇ ਵੀ ਬਿਜਲੀ ਪਈ ਅਤੇ ਜਹਾਜ਼ ਨੂੰ ਚੀਰਦੀ ਹੋਈ ਬਿਜਲੀ ਲੰਘੀ। ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਰੇ ਲੋਕ ਸੁਰੱਖਿਅਤ ਹਨ ਅਤੇ ਜਹਾਜ਼ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ। ਲੋਕਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਚਾ ਲਿਆ। ਕੇ.ਐੱਮ.ਐੱਲ. ਬੋਇੰਗ 777 ਜਹਾਜ਼ ਨੇ ਇਸ ਮਗਰੋਂ ਵੀ ਆਪਣੀ ਯਾਤਰਾ ਜਾਰੀ ਰੱਖੀ ਅਤੇ ਬਦਲਦੇ ਮੌਸਮ ਦਾ ਇਸ 'ਤੇ ਕੋਈ ਪ੍ਰਭਾਵ ਨਾ ਪਿਆ। ਇਸ ਦੀ ਵੀਡੀਓ ਨੂੰ ਇਕ ਦਿਨ 'ਚ 140,000 ਲੋਕਾਂ ਨੇ ਦੇਖਿਆ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦਸੰਬਰ 1963 'ਚ ਅਜਿਹੀ ਹੀ ਘਟਨਾ ਅਮਰੀਕਾ ਦੇ ਮੈਰੀਲੈਂਡ 'ਚ ਵਾਪਰੀ ਸੀ। ਜਿਸ ਕਾਰਨ 81 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਲਈ ਲੋਕ ਇਸ ਤਾਜ਼ੀ ਘਟਨਾ 'ਚ ਸੁਰੱਖਿਅਤ ਬਚ ਜਾਣ ਨੂੰ ਚਮਤਕਾਰ ਕਹਿ ਰਹੇ ਹਨ।
ਭਾਰਤੀ ਮੂਲ ਦੀ ਮਹਿਲਾ ਕਾਰੋਬਾਰੀ ਬ੍ਰਿਟੇਨ ਪੁਲਸ ਇਕਾਈ ਦੀ ਮੁਖੀ ਨਿਯੁਕਤ
NEXT STORY