ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਅਤੇ ਵ੍ਹਾਈਟ ਹਾਊਸ ਦੇ ਵਪਾਰ ਅਤੇ ਨਿਰਮਾਣ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਨੂੰ ਲੈ ਕੇ ਇਕ ਵਾਰ ਮੁੜ ਤਿੱਖੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਾਰਤ ਇਕ ‘ਗੁਪਤ ਸ਼ਿਪਮੈਂਟ ਨੈੱਟਵਰਕ’ ਦਾ ਹਿੱਸਾ ਹੈ, ਜਿਸ ਰਾਹੀਂ ਚੀਨੀ ਸਾਮਾਨ ਨੂੰ ਭਾਰੀ ਅਮਰੀਕੀ ਟੈਰਿਫ ਤੋਂ ਬਚਾਇਆ ਜਾ ਰਿਹਾ ਹੈ। ਪੀਟਰ ਨਵਾਰੋ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ, ਅਮਰੀਕਾ ਨੂੰ ਹਰ ਸਾਲ 19 ਅਰਬ ਡਾਲਰ ਤੋਂ ਲੈ ਕੇ 26 ਅਰਬ ਡਾਲਰ ਦੇ ਵਿਚਾਲੇ ਟੈਰਿਫ ਮਾਲੀਏ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਚੀਨ ਤੋਂ ਆਉਣ ਵਾਲਾ ਉਹ ਮਾਲ ਹੈ ਜਿਸ ਨੂੰ ਤੀਜੇ ਦੇਸ਼ਾਂ ਰਾਹੀਂ ਅਮਰੀਕੀ ਦਰਾਮਦ ਡਿਊਟੀ ਤੋਂ ਬਚਾਉਣ ਲਈ ਭੇਜਿਆ ਜਾਂਦਾ ਹੈ।
40 ਤੋਂ ਵੱਧ ਦੇਸ਼ਾਂ ਦਾ ਨੈੱਟਵਰਕ
ਰਿਪੋਰਟ ਦੇ ਮੁਤਾਬਕ, 2018 ਤੋਂ ਬਾਅਦ ਇਹ ਘਪਲਾ ਕਮਿਊਨਿਸਟ ਚੀਨ ਨੂੰ 40 ਤੋਂ ਵੱਧ ਦੇਸ਼ਾਂ ਰਾਹੀਂ ਆਪਣੀ ਬਰਾਮਦ ਨੂੰ ਜਾਇਜ਼ (ਲਾਂਡਰ) ਬਣਾਉਣ ਦੀ ਸਹੂਲਤ ਦੇ ਰਿਹਾ ਹੈ। ਇਸ ਗੁਪਤ ਨੈੱਟਵਰਕ ਵਿਚ ਅਮਰੀਕਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਸ਼ਾਮਲ ਹਨ, ਜਿਨ੍ਹਾਂ ਵਿਚ ਭਾਰਤ, ਮੈਕਸੀਕੋ, ਕੈਨੇਡਾ, ਯੂਰੋਪੀਅਨ ਯੂਨੀਅਨ, ਜਾਪਾਨ ਅਤੇ ਦੱਖਣੀ ਕੋਰੀਆ ਦਾ ਨਾਂ ਮੁੱਖ ਹੈ। ਅਮਰੀਕੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਇਨ੍ਹਾਂ ਦੇਸ਼ਾਂ ਵਿਚ ਮਾਮੂਲੀ ਪ੍ਰੋਸੈਸਿੰਗ, ਰੀ-ਲੇਬਲਿੰਗ ਜਾਂ ਰੀ-ਪੈਕੇਜਿੰਗ ਰਾਹੀਂ ਆਪਣੇ ਸਾਮਾਨ ਦਾ ਓਰੀਜਿਨ (ਮੂਲ ਦੇਸ਼) ਬਦਲ ਦਿੰਦਾ ਹੈ, ਜਿਸ ਨਾਲ ਉਹ ਨਵਾਂ ਲੱਗਦਾ ਹੈ ਜਦੋਂ ਕਿ ਉਸ ਦਾ ਅਸਲੀ ਕੰਟੈਂਟ ਚੀਨੀ ਹੀ ਰਹਿੰਦਾ ਹੈ।
ਰੂਸੀ ਤੇਲ ਖਰੀਦ ’ਤੇ ਵੀ ਲਗਾਏ ਦੋਸ਼
ਨਵਾਰੋ ਨੇ ਇਹ ਵੀ ਦੋਸ਼ ਲਗਾਇਆ ਕਿ ਭਾਰਤ ਅਤੇ ਕੁਝ ਹੋਰ ਦੇਸ਼ ਅਮਰੀਕੀ ਪ੍ਰਸ਼ਾਸਨ ਵੱਲੋਂ ਲਗਾਏ ਗਏ ਨਵੇਂ ਟੈਰਿਫ ਤੋਂ ਬਚਣ ਲਈ ਵੀ ਇਸ ‘ਸ਼ੈਡੋ ਨੈੱਟਵਰਕ’ ਦੀ ਵਰਤੋਂ ਕਰ ਸਕਦੇ ਹਨ। ਰੂਸ ’ਤੇ ਲਗਾਏ ਗਏ ਪਾਬੰਦੀ ਬਿਲ ਦੇ ਤਹਿਤ, ਲਗਾਤਾਰ ਰੂਸੀ ਤੇਲ ਖਰੀਦਣ ਦੇ ਕਾਰਨ ਭਾਰਤ, ਚੀਨ, ਸਲੋਵਾਕੀਆ, ਹੰਗਰੀ ਅਤੇ ਅਜ਼ਰਬਾਈਜਾਨ ਨੂੰ 100% ਤੱਕ ਦੇ ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵਾਰੋ ਦਾ ਦਾਅਵਾ ਹੈ ਕਿ 2022 ਵਿਚ ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੀ ਰੂਸੀ ਤੇਲ ਵਪਾਰ ਵਿਚ ਭਾਗੀਦਾਰੀ ਤੇਜ਼ੀ ਨਾਲ ਵਧੀ ਹੈ। ਵਪਾਰ ਨੂੰ ਲੈ ਕੇ ਨਵਾਰੋ ਪਹਿਲਾਂ ਵੀ ਭਾਰਤ ਦੀ ਸਖਤ ਆਲੋਚਨਾ ਕਰ ਚੁੱਕੇ ਹਨ ਅਤੇ ਉਸ ਨੂੰ ‘ਟੈਰਿਫ ਦਾ ਮਹਾਰਾਜਾ’ ਕਹਿ ਚੁੱਕੇ ਹਨ।
ਬੰਗਲਾਦੇਸ਼ 'ਚ ਸ਼ਿਪਬ੍ਰੇਕਿੰਗ ਯਾਰਡ 'ਚ ਵੱਡਾ ਹਾਦਸਾ, ਜ਼ਹਿਰੀਲੀ ਗੈਸ ਲੀਕ ਹੋਣ ਨਾਲ 8 ਮਜ਼ਦੂਰਾਂ ਦੀ ਮੌਤ
NEXT STORY