ਦੁਬਈ (ਭਾਸ਼ਾ)- ਨੈਟਫਲਿਕਸ 'ਤੇ ਵੈਬ ਸੀਰੀਜ਼ 'ਸੈਕ੍ਰੇਡ ਗੇਮਸ' ਦੇ ਦੂਜੇ ਸੈਸ਼ਨ ਦੌਰਾਨ ਸ਼ਾਰਜਾਹ ਵਿਚ ਇਕ ਭਾਰਤੀ ਵਿਅਕਤੀ ਦਾ ਮੋਬਾਇਲ ਨੰਬਰ ਦਿਖਾਏ ਜਾਣ ਤੋਂ ਬਾਅਦ ਉਸ ਦੀ ਰਾਤਾਂ ਦੀ ਨੀਂਦ ਹਰਾਮ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੇ ਫੋਨ ਦੀ ਘੰਟੀ ਪੂਰੀ ਦੁਨੀਆ ਤੋਂ ਆ ਰਹੀਆਂ ਅਣਲੋੜੀਂਦੀਆਂ ਕਾਲਾਂ ਨਾਲ ਵੱਜਦੀ ਰਹਿੰਦੀ ਹੈ। ਇਕ ਸਥਾਨਕ ਤੇਲ ਕੰਪਨੀ ਵਿਚ ਕੰਮ ਕਰਨ ਵਾਲੇ ਕੇਰਲ ਵਾਸੀ ਕੁਨਹਾਬਦੁੱਲਾ ਸੀਐਮ (37) ਦਾ ਫੋਨ ਨੰਬਰ 15 ਅਗਸਤ ਨੂੰ ਦਿਖਾਏ ਗਏ ਨਵੇਂ ਸੈਸ਼ਨ ਦੇ ਪਹਿਲੇ ਐਪੀਸੋਡ ਵਿਚ ਕਾਲਪਨਿਕ ਗੈਂਗਸਟਰ ਸੁਲੇਮਾਨ ਈਸਾ ਦੇ ਨੰਬਰ ਵਜੋਂ ਫਲੈਸ਼ ਹੋ ਗਿਆ ਸੀ। ਕੁਨਹਾਬਦੁੱਲਾ ਨੇ ਗਲਫ ਨਿਊਜ਼ ਨੂੰ ਕਿਹਾ ਕਿ ਭਾਰਤ, ਪਾਕਿਸਤਾਨ, ਨੇਪਾਲ, ਯੂ.ਏ.ਈ. ਅਤੇ ਪੂਰੀ ਦੁਨੀਆ ਭਰ ਤੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੇਰੇ ਫੋਨ 'ਤੇ ਕਾਲਾਂ ਆ ਰਹੀਆਂ ਹਨ। ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਫੋਨ ਦੀ ਘੰਟੀ ਸੁਣ ਕੇ ਮੈਂ ਪਰੇਸ਼ਾਨ ਹੋ ਜਾਂਦਾ ਹਾਂ। ਮੈਂ ਆਪਣਾ ਨੰਬਰ ਰੱਦ ਕਰਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਸਮੱਸਿਆ ਦੂਰ ਹੋ ਜਾਵੇ।
ਕੁਨਹਾਬਦੁੱਲਾ ਨੇ ਕਦੇ ਵੀ ਨੈਟਫਲਿਕਸ 'ਤੇ ਵੈਬ ਸੀਰੀਜ਼ ਸੈਕ੍ਰੇਡ ਗੇਮਸ ਦਾ ਨਾਂ ਨਹੀਂ ਸੁਣਿਆ ਹੈ। ਇਸ ਸੀਰੀਜ਼ ਵਿਚ ਸੈਫ ਅਲੀ ਖਾਨ ਅਤੇ ਨਵਾਜ਼ੂਦੀਨ ਸਿੱਦੀਕੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਕੁਨਹਾਬਦੁੱਲਾ ਨੇ ਕਿਹਾ ਕਿ ਸੈਕ੍ਰੇਡ ਗੇਮਸ ਕੀ ਹੈ? ਵੀਡੀਓ ਗੇਮ ਹੈ? ਮੈਂ ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਕੰਮ ਕਰਦਾ ਹਾਂ। ਮੇਰੇ ਕੋਲ ਅਜਿਹੀਆਂ ਚੀਜਾਂ ਲਈ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਅੱਜ 30 ਤੋਂ ਜ਼ਿਆਦਾ ਫੋਨ ਆਏ ਅਤੇ ਇਹ ਮੇਰੇ ਫੋਨ ਦੀ ਬੈਟਰੀ ਨੂੰ ਖਤਮ ਕਰ ਰਿਹਾ ਹੈ। ਪਿਛਲੇ ਇਕ ਘੰਟੇ ਵਿਚ ਮੈਨੂੰ ਈਸਾ ਨਾਮਕ ਕਿਸੇ ਵਿਅਕਤੀ ਦੇ ਲਈ ਪੰਜ ਕਾਲ ਆਏ। ਕੌਣ ਹੈ ਈਸਾ? ਮੇਰੇ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੁਨਹਾਬਦੁੱਲਾ ਦਾ ਨੰਬਰ ਉਸ ਦ੍ਰਿਸ਼ ਵਿਚ ਜਨਤਕ ਹੋ ਗਿਆ ਸੀ, ਜਿਸ ਵਿਚ ਇਕ ਭਾਰਤੀ ਏਜੰਟ ਗਣੇਸ਼ ਗਾਏਤੋਂਡੇ (ਸਿੱਦੀਕੀ) ਨੂੰ ਇਕ ਖਤਰਨਾਕ ਗੈਂਗਸਟਰ ਈਸਾ ਦੇ ਫੋਨ ਨੰਬਰ ਵਾਲੀ ਪਰਚੀ ਦਿੰਦਾ ਹੈ। ਨੈਟਫਲਿਕਸ ਨੇ ਗਲਫ ਨਿਊਜ਼ 'ਤੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਕਿਸੇ ਵੀ ਅਸੁਵਿਧਾ ਲਈ ਸਾਨੂੰ ਖੇਦ ਹੈ। ਜਿਵੇਂ ਹੀ ਸਾਨੂੰ ਇਸ ਦੇ ਬਾਰੇ ਪਤਾ ਲੱਗਾ, ਅਸੀਂ ਸਮੱਸਿਆ ਦਾ ਹੱਲ ਕੀਤਾ ਅਤੇ ਉਪਸਿਰਲੇਖ ਤੋਂ ਫੋਨ ਨੰਬਰ ਹਟਾ ਦਿੱਤਾ।
ਰੂਸ ਤੇ ਚੀਨ ਨੇ ਅਮਰੀਕੀ ਮਿਜ਼ਾਇਲ ਪ੍ਰੀਖਣ ਦੀ ਕੀਤੀ ਨਿੰਦਾ
NEXT STORY