ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਸਫ਼ਲਤਾ ਪੂਰਵਕ ਜਾਰੀ ਹੈ, ਪਰ ਇਸ ਸਬੰਧੀ ਨਵੇਂ ਅੰਕੜਿਆਂ ਅਨੁਸਾਰ ਯੂਕੇ ਵਿਚ ਇਕ ਚੌਥਾਈ ਕਾਲੇ ਮੂਲ ਦੇ ਬਜ਼ੁਰਗ ਲੋਕਾਂ ਨੂੰ ਕੋਰੋਨਾ ਟੀਕਾ ਨਹੀਂ ਲੱਗਿਆ ਹੈ। ਯੂਕੇ ਸਰਕਾਰ ਵੱਲੋਂ ਤਕਰੀਬਨ 6 ਮਹੀਨੇ ਪਹਿਲਾਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ 26 ਮਈ ਤੱਕ ਕਾਲੇ ਮੂਲ ਦੇ 70 ਸਾਲ ਦੀ ਉਮਰ ਦੇ 4 ਵਿੱਚੋਂ ਇਕ ਬਜ਼ੁਰਗ ਵਿਅਕਤੀ ਨੂੰ ਕੋਰੋਨਾ ਵੈਕਸੀਨ ਨਹੀਂ ਮਿਲੀ ਹੈ। ਜਦਕਿ ਇਸੇ ਹੀ ਉਮਰ ਦੇ 97% ਗੋਰੇ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ।
ਇਹਨਾਂ ਅੰਕੜਿਆਂ ਅਨੁਸਾਰ ਘੱਟ ਟੀਕਾਕਰਨ ਦੀਆਂ ਦਰਾਂ ਖ਼ਾਸ ਕਰਕੇ ਅਫ਼ਰੀਕੀ ਅਤੇ ਕੈਰੇਬੀਅਨ ਪਿਛੋਕੜ ਵਾਲੇ ਲੋਕਾਂ ਵਿਚ ਜ਼ਿਆਦਾ ਹਨ। ਇਸ ਦੇ ਨਾਲ ਹੀ ਦੱਖਣੀ ਏਸ਼ੀਆਈ ਪਿਛੋਕੜ ਵਾਲੇ ਲੋਕ ਵੀ ਗੋਰੇ ਲੋਕਾਂ ਨਾਲੋਂ ਟੀਕਾ ਲਗਵਾਏ ਜਾਣ ਵਿਚ ਘੱਟ ਹਨ। ਹਾਲਾਂਕਿ ਚੀਨੀ, ਪਾਕਿਸਤਾਨੀ ਅਤੇ ਭਾਰਤੀ ਪਿਛੋਕੜ ਦੇ 16 ਸਾਲ ਤੋਂ 49 ਸਾਲ ਦੀ ਉਮਰ ਦੇ ਲੋਕਾਂ ਵਿਚ ਟੀਕਾਕਰਨ ਦੀ ਦਰ ਉੱਚ ਪੱਧਰ ਦੀ ਹੈ। ਇਸ ਦੇ ਨਾਲ ਹੀ ਸਮੁੱਚੇ ਪੱਧਰ 'ਤੇ ਯੂਕੇ ਵਿਚ ਟੀਕਾ ਲਗਵਾਉਣ ਸਬੰਧੀ ਝਿਜਕ ਘੱਟ ਗਈ ਹੈ, ਜਿਸ ਤਹਿਤ 18-24 ਸਾਲ ਦੀ ਉਮਰ ਦੇ 63% ਲੋਕਾਂ ਨੇ ਟੀਕੇ ਦੀ ਪੇਸ਼ਕਸ਼ ਹੋਣ 'ਤੇ ਇਸ ਨੂੰ ਲਗਵਾਉਣ ਦੀ ਇੱਛਾ ਜ਼ਾਹਰ ਕੀਤੀ ਹੈ ਜੋ ਕਿ ਅਕਤੂਬਰ 2020 ਦੇ 41% ਤੋਂ ਵੱਧ ਹੈ।
ਵਾਤਾਵਰਣ ਨੂੰ ਬਚਾਉਣ ਲਈ ਦੁਨੀਆ ਦੇ ਇਹ ਦੇਸ਼ ਅਨੋਖੇ ਢੰਗ-ਤਰੀਕਿਆਂ ਨਾਲ ਚਲਾ ਰਹੇ ਮੁਹਿੰਮਾਂ
NEXT STORY