ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰੈਗਜ਼ਿਟ ਸਮਝੌਤੇ ਤੋਂ ਬਾਅਦ ਯੂਕੇ ਦਾ ਯੂਰਪੀਅਨ ਯੂਨੀਅਨ ਨਾਲ ਸਮੁੰਦਰੀ ਭੋਜਨ ਦੇ ਨਿਰਯਾਤ ਦਾ ਕਾਰੋਬਾਰ ਨਵੇਂ ਨਿਯਮਾਂ ਤਹਿਤ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ। ਇਸ ਤਬਦੀਲੀ ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰਨ ਵਾਲੇ ਸਮੁੰਦਰੀ ਭੋਜਨ ਦੇ ਨਿਰਯਾਤ ਕਾਰੋਬਾਰੀ 100,000 ਪੌਂਡ ਦਾ ਦਾਅਵਾ ਕਰਨ ਦੇ ਯੋਗ ਹੋਣਗੇ। ਇਸ ਮੰਤਵ ਲਈ ਵਾਤਾਵਰਣ, ਖੁਰਾਕ ਅਤੇ ਪੇਂਡੂ ਮਾਮਲੇ ਵਿਭਾਗ (ਡਿਫਰਾ) ਨੇ ਯੂਰਪੀਅਨ ਯੂਨੀਅਨ ਨੂੰ ਮੱਛੀ ਅਤੇ ਸ਼ੈੱਲਫਿਸ਼ ਦੀ ਸਪਲਾਈ ਕਰਨ ਵਾਲੀਆਂ ਫਰਮਾਂ ਲਈ 23 ਮਿਲੀਅਨ ਪੌਂਡ ਸਹਾਇਤਾ ਰਾਸ਼ੀ ਦੀ ਘੋਸ਼ਣਾ ਕੀਤੀ ਹੈ।
ਇਸ ਮਾਮਲੇ ਸੰਬੰਧੀ ਸੋਮਵਾਰ ਨੂੰ ਮੱਛੀ ਬਰਾਮਦਕਾਰਾਂ ਨੇ ਲੰਡਨ ਵਿੱਚ ਸਰਕਾਰੀ ਵਿਭਾਗਾਂ ਦੇ ਬਾਹਰ ਮੁਜ਼ਾਹਰੇ ਕਰਦਿਆਂ, ਉਹਨਾਂ ਦੇ ਕਾਰੋਬਾਰ ਖਤਮ ਹੋਣ ਦੀ ਚਿਤਾਵਨੀ ਦਿੱਤੀ ਸੀ। ਜ਼ਿਕਰਯੋਗ ਹੈ ਕਿ 31 ਦਸੰਬਰ ਨੂੰ ਬ੍ਰੈਗਜ਼ਿਟ ਤਬਦੀਲੀ ਦੀ ਮਿਆਦ ਦੇ ਅੰਤ ਤੋਂ ਬਾਅਦ ਨਵੇਂ ਨਿਯਮਾਂ ਤਹਿਤ ਜਾਂਚ ਅਤੇ ਕਾਗਜ਼ੀ ਕਾਰਵਾਈਆਂ ਦੀ ਸ਼ੁਰੂਆਤ ਹੋਣ ਨਾਲ ਯੂਰਪੀਅਨ ਯੂਨੀਅਨ ਨੂੰ ਤਾਜ਼ੀ ਮੱਛੀ ਅਤੇ ਹੋਰ ਸਮੁੰਦਰੀ ਭੋਜਨ ਭੇਜਣ ਦੀ ਪ੍ਰਕਿਰਿਆ ਵਿੱਚ ਭਾਰੀ ਰੁਕਾਵਟ ਪੈਣ ਅਤੇ ਸਰਕਾਰੀ ਕਾਰਵਾਈ ਦੀ ਘਾਟ ਕਾਰਨ ਸੰਬੰਧਿਤ ਕਾਰੋਬਾਰੀ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਰ ਹੁਣ ਡਿਫਰਾ ਅਨੁਸਾਰ ਇਹ ਸਹਾਇਤਾ ਯੋਜਨਾ ਛੋਟੇ ਅਤੇ ਦਰਮਿਆਨੇ ਵਰਗ ਦੇ ਕਾਰੋਬਾਰਾਂ ਨੂੰ 1 ਜਨਵਰੀ ਤੋਂ ਹੋਏ ਨੁਕਸਾਨ ਦੀ ਪੂਰਤੀ ਲਈ ਮੱਦਦ ਕਰੇਗੀ। ਇਸ ਦੇ ਇਲਾਵਾ ਸਕਾਟਲੈਂਡ ਦੇ ਮੱਛੀ ਪਾਲਣ ਸਕੱਤਰ ਫਰਗਸ ਈਵਿੰਗ ਅਨੁਸਾਰ ਯੂਕੇ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਮੁਆਵਜ਼ਾ ਉਨ੍ਹਾਂ ਸਾਰਿਆਂ ਲਈ ਹੈ ਜਿਨ੍ਹਾਂ ਦੇ ਕਾਰੋਬਾਰ ਨਵੇਂ ਨਿਯਮਾਂ ਨਾਲ ਪ੍ਰਭਾਵਿਤ ਹੋਏ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਯੂਕੇ: ਸਿਹਤ ਸਕੱਤਰ ਮੈਟ ਹੈਨਕਾਕ ਪਾਰਕ 'ਚ ਰਗਬੀ ਖੇਡਣ ਤੋਂ ਬਾਅਦ ਹੋਏ ਘਰ 'ਚ ਇਕਾਂਤਵਾਸ
NEXT STORY