ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਸਰਕਾਰ ਨੇ ਕੋਰੋਨਾ ਮਹਾਮਾਰੀ ਵਿਰੁੱਧ ਵਿੱਢੀ ਹੋਈ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਫਾਈਜ਼ਰ/ਬਾਇਓਐਨਟੈਕ ਦੇ ਕੋਵਿਡ ਟੀਕੇ ਦੀਆਂ ਹੋਰ 60 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤਾ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਡਾਉਨਿੰਗ ਸਟ੍ਰੀਟ ਦੀ ਪ੍ਰੈਸ ਕਾਨਫਰੰਸ ਵਿਚ ਐਲਾਨ ਕਰਦਿਆਂ ਕਿਹਾ ਕਿ ਇਹ ਵਾਧੂ ਖੁਰਾਕਾਂ ਹੋਰ ਪ੍ਰਵਾਨਿਤ ਟੀਕਿਆਂ ਦੇ ਨਾਲ ਟੀਕਾਕਰਨ ਵਿਚ ਵਰਤੀਆਂ ਜਾਣਗੀਆਂ।
ਇਸ ਸਬੰਧੀ ਇੰਗਲੈਂਡ ਦੇ ਡਿਪਟੀ ਚੀਫ ਮੈਡੀਕਲ ਅਫ਼ਸਰ ਜੋਨਾਥਨ ਵੈਨ-ਟਾਮ ਨੇ ਜਾਣਕਾਰੀ ਦਿੱਤੀ ਕਿ ਸਤੰਬਰ ਦੀ ਸਥਿਤੀ ਦੇ ਮੁਕਾਬਲੇ ਵਾਇਰਸ ਦੇ ਮਾਮਲੇ ਬਹੁਤ ਹੇਠਲੇ ਪੱਧਰ 'ਤੇ ਆ ਗਏ ਹਨ। ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਯੂਕੇ ਵਿਚ 2,166 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ ਅਤੇ ਸਕਾਰਾਤਮਕ ਟੈਸਟ ਤੋਂ 28 ਦਿਨਾਂ ਦੇ ਅੰਦਰ 29 ਮੌਤਾਂ ਹੋਈਆਂ ਹਨ। ਵੈਨ-ਟਾਮ ਨੇ ਦੱਸਿਆ ਕਿ ਵਾਇਰਸ ਦੇ ਮਾਮਲਿਆਂ ਦੀ ਗਿਰਾਵਟ ਦੇ ਪਿੱਛੇ ਤਾਲਾਬੰਦੀ ਇਕ ਮੁੱਖ ਕਾਰਨ ਸੀ ਅਤੇ ਟੀਕਿਆਂ ਨੇ ਬਾਅਦ ਦੇ ਪੜਾਵਾਂ ਵਿਚ ਸਹਾਇਤਾ ਕੀਤੀ ਹੈ, ਖਾਸ ਕਰਕੇ ਬਜ਼ੁਰਗਾਂ ਵਿਚ ਮੌਤ ਦਰ ਨੂੰ ਘਟਾਇਆ ਹੈ।
ਯੂਕੇ ਵਿਚ ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦਾਂ ਰੈਗੂਲੇਟਰੀ ਏਜੰਸੀ (ਐਮ ਐਚ ਆਰ ਏ ) ਦੁਆਰਾ ਫਾਈਜ਼ਰ/ ਬਾਇਓਐਨਟੈਕ, ਆਕਸਫੋਰਡ/ ਐਸਟਰਾਜ਼ੇਨੇਕਾ ਅਤੇ ਮੋਡਰਨਾ ਕੰਪਨੀਆਂ ਦੇ ਤਿੰਨ ਕੋਵਿਡ ਟੀਕੇ ਮਨਜ਼ੂਰ ਕੀਤੇ ਗਏ ਹਨ, ਜਦਕਿ ਐਮ. ਐਚ. ਆਰ. ਏ. ਜੌਹਨਸਨ ਅਤੇ ਨੋਵਾਵੈਕਸ ਟੀਕਿਆਂ ਦਾ ਮੁਲਾਂਕਣ ਕਰਨ ਲਈ ਸਮੀਖਿਆ ਕਰ ਰਿਹਾ ਹੈ। ਟੀਕਾਕਰਨ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਦਾ ਟੀਕਾਕਰਨ ਪ੍ਰੋਗਰਾਮ 8 ਦਸੰਬਰ ਨੂੰ ਆਰੰਭ ਹੋਇਆ ਹੈ ਅਤੇ ਕੁੱਲ 33,959,908 ਲੋਕ ਜੋ ਕਿ ਸਾਰੇ ਬਾਲਗਾਂ ਵਿਚੋਂ ਲਗਭਗ 64.5% ਹਨ, ਨੂੰ ਕੋਵਿਡ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਮਿਲੀ ਹੈ, ਅਤੇ ਤਕਰੀਬਨ 13,581,076 ਵਿਅਕਤੀ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾ ਚੁੱਕੇ ਹਨ।
ਅਧਿਐਨ 'ਚ ਖੁਲਾਸਾ, ਭਾਰਤੀ ਸ਼ਹਿਰਾਂ 'ਚ ਵੱਧ ਰਿਹੈ ਹਵਾ ਪ੍ਰਦੂਸ਼ਕਾਂ ਦਾ ਪੱਧਰ
NEXT STORY