ਵਾਸ਼ਿੰਗਟਨ— ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ 'ਚੋਂ ਬਾਹਰ ਹੋਣ ਦਾ ਐਲਾਨ ਕਰਨ 'ਤੇ ਸੰਯੁਕਤ ਰਾਸ਼ਟਰ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਅਮਰੀਕਾ ਨੂੰ ਬਾਹਰ ਹੋਣ ਦੀ ਥਾਂ ਦੁਨੀਆ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਦੇਖਦੇ ਹੋਏ ਹੋਰ ਮਜ਼ਬੂਤੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਮਰੀਕੀ ਰਾਜਦੂਤ ਨਿੱਕੀ ਹੈਲੀ ਦੀ ਘੋਸ਼ਣਾ ਨੂੰ ਨਿਰਾਸ਼ਾਜਨਕ ਦੱਸਿਆ ਹੈ, ਜਿਸ 'ਚ ਨਿੱਕੀ ਨੇ ਕਿਹਾ ਸੀ ਕਿ ਅਮਰੀਕਾ ਮਨੁੱਖੀ ਅਧਿਕਾਰ ਪ੍ਰੀਸ਼ਦ 'ਚੋਂ ਬਾਹਰ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ ਜੈਦ ਰਾਦ ਅਲ ਹੁਸੈਨ ਨੇ ਟਵੀਟ ਕਰ ਕੇ ਕਿਹਾ,''ਦੁਨੀਆ 'ਚ ਹੋ ਰਹੇ ਮਨੁੱਖੀ ਅਧਿਕਾਰ ਉਲੰਘਣ ਨੂੰ ਦੇਖਦੇ ਹੋਏ ਅਮਰੀਕਾ ਨੂੰ ਬਾਹਰ ਹੋਣ ਦੀ ਥਾਂ ਆਪਣਾ ਸਹਿਯੋਗ ਹੋਰ ਵਧਾਉਣਾ ਚਾਹੀਦਾ ਹੈ। ਜੈਦ ਨੇ ਸੋਮਵਾਰ ਨੂੰ 47 ਮੈਂਬਰੀ ਪ੍ਰੀਸ਼ਦ ਨੂੰ ਦਿੱਤੇ ਗਏ ਆਪਣੇ ਭਾਸ਼ਣ 'ਚ ਕਿਹਾ ਕਿ ਅਮਰੀਕਾ ਦੀ ਮੈਕਸੀਕੋ ਸਰਹੱਦ 'ਤੇ ਦਸਤਾਵੇਜ਼ਾਂ ਦੀ ਕਮੀ ਕਾਰਨ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਤੋਂ ਵੱਖ ਕੀਤਾ ਜਾ ਰਿਹਾ ਹੈ, ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਇਸ ਨੀਤੀ ਨੂੰ ਖਤਮ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਅਮਰੀਕਾ, ਮਨੁੱਖੀ ਅਧਿਕਾਰ ਪ੍ਰੀਸ਼ਦ 'ਚ ਸੁਧਾਰ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਬਾਹਰ ਹੋਣ ਦੀ ਧਮਕੀ ਦਿੰਦਾ ਆਇਆ ਹੈ। ਅਮਰੀਕਾ ਦਾ ਦੋਸ਼ ਹੈ ਕਿ 47 ਮੈਂਬਰਾਂ ਵਾਲੀ ਇਹ ਪ੍ਰੀਸ਼ਦ ਇਜ਼ਰਾਇਲ ਵਿਰੋਧੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਸੀ। ਇਕ ਸਾਂਝੀ ਕਾਨਫਰੰਸ 'ਚ ਨਿੱਕੀ ਨੇ ਕਿਹਾ ਕਿ ਅਮਰੀਕਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਬਾਹਰ ਹੋ ਰਿਹਾ ਹੈ। ਨਿੱਕੀ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਨੇ ਸੰਯੁਕਤ ਰਾਸ਼ਟਰ 'ਚ ਸੁਧਾਰ ਵਾਲੀ ਸਾਡੀ ਮੁਹਿੰਮ ਨਾਲ ਜੁੜਨ ਦੀ ਹਿੰਮਤ ਨਹੀਂ ਦਿਖਾਈ, ਇਸ ਲਈ ਅਮਰੀਕਾ ਇਸ ਤੋਂ ਬਾਹਰ ਹੋਣ ਦੀ ਘੋਸ਼ਣਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਦੇ ਸਮੇਂ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਅਮਰੀਕਾ ਦਾ ਇਹ ਕਦਮ ਮਨੁੱਖੀ ਅਧਿਕਾਰ ਵਚਨਬੱਧਤਾ ਤੋਂ ਪਿੱਛੇ ਹਟਣਾ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਅਮਰੀਕਾ 3 ਸਾਲਾਂ ਤੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਮੈਂਬਰ ਹੈ। ਇਸ ਪ੍ਰੀਸ਼ਦ 'ਚ ਅਮਰੀਕਾ ਦਾ ਅਜੇ ਡੇਢ ਸਾਲ ਪੂਰਾ ਹੋਇਆ ਹੈ। ਬੀਤੇ ਦਿਨੀਂ ਇਹ ਖਬਰ ਆਈ ਸੀ ਕਿ ਪ੍ਰੀਸ਼ਦ 'ਚ ਸੁਧਾਰਾਂ 'ਤੇ ਸਹਿਮਤੀ ਨਹੀਂ ਬਣੀ ਸੀ ਅਤੇ ਅਮਰੀਕਾ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਸੀ। ਅਮਰੀਕਾ ਨੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਸ਼ਾਸਨ ਕਾਲ 'ਚ ਵੀ 3 ਸਾਲ ਤਕ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਬਾਈਕਾਟ ਕੀਤਾ ਗਿਆ ਸੀ ਪਰ ਓਬਾਮਾ ਦੇ ਰਾਸ਼ਟਰਪਤੀ ਬਣਨ ਮਗਰੋਂ 2009 'ਚ ਉਹ ਇਸ ਪ੍ਰੀਸ਼ਦ 'ਚ ਫਿਰ ਤੋਂ ਸ਼ਾਮਲ ਹੋ ਗਿਆ ਸੀ।
ਅਮਰੀਕੀ ਜੋੜੇ ਨੇ ਪ੍ਰਵਾਸੀ ਪਰਿਵਾਰਾਂ ਦੀ ਮਦਦ ਕਰਨ ਲਈ 3 ਦਿਨਾਂ 'ਚ ਇਕੱਠੇ ਕੀਤੇ ਕਰੋੜਾਂ ਰੁਪਏ
NEXT STORY