ਬੀਜਿੰਗ- ਚੀਨ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਤੇ ਬਹੁਤ ਹੱਦ ਤੱਕ ਕਾਬੂ ਕਰ ਲਿਆ ਹੈ। ਚੀਨ ਵਿਚ ਹਰ ਦਿਨ ਅਜੇ ਵੀ ਕੋਰੋਨਾਵਾਇਰਸ ਦੇ ਔਸਤਨ 40 ਮਰੀਜ਼ਾ ਸਾਹਮਣੇ ਆ ਰਹੇ ਹਨ ਜਦਕਿ ਤਕਰੀਬਨ 5 ਹਜ਼ਾਰ ਲੋਕਾਂ ਦਾ ਇਲਾਜ ਹਸਪਤਾਲ ਵਿਚ ਜਾਰੀ ਹੈ। ਕੋਰੋਨਾਵਾਇਰਸ ਇਨਫੈਕਸ਼ਨ ਦਾ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਡਾਕਟਰਾਂ ਨੇ ਇਕ ਨਵੀਂ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਠੀਕ ਹੋਏ ਮਰੀਜ਼ਾਂ ਵਿਚੋਂ 10 ਫੀਸਦੀ ਮੁੜ ਇਨਫੈਕਟ ਹੋ ਗਏ ਹਨ। ਅਜਿਹਾ ਕਿਵੇਂ ਹੋਇਆ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖਬਰ ਮੁਤਾਬਕ ਵੁਹਾਨ ਦੇ ਵਿਗਿਆਨੀਆਂ ਤੇ ਡਾਕਟਰਾਂ ਨੇ ਦੱਸਿਆ ਕਿ ਅਜੇ ਪਤਾ ਲਾਇਆ ਜਾ ਰਿਹਾ ਹੈ ਕਿ ਠੀਕ ਹੋਣ ਤੋਂ ਬਾਅਦ ਆਖਿਰ ਇਹਨਾਂ ਲੋਕਾਂ ਨੂੰ ਮੁੜ ਕੋਰੋਨਾ ਇਨਫੈਕਸ਼ਨ ਕਿਵੇਂ ਹੋ ਗਿਆ। ਡਾਕਟਰ ਸਮਝ ਨਹੀਂ ਪਾ ਰਹੇ ਹਨ ਕਿ ਰਿਕਵਰ ਹੋਣ ਤੋਂ ਬਾਅਦ ਮਰੀਜ਼ਾਂ ਦੇ ਸਰੀਰ ਵਿਚ ਐਂਟੀਬਾਡੀਜ਼ ਵਿਕਸਿਤ ਹੋ ਜਾਣੇ ਚਾਹੀਦੇ ਹਨ, ਅਜਿਹੇ ਵਿਚ ਇਮਿਊਨ ਹੋ ਗਏ ਲੋਕਾਂ ਦਾ ਮੁੜ ਇਨਫੈਕਟਡ ਹੋਣਾ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਵਿਸ਼ਾ ਹੈ।
ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ
ਚੀਨ ਦੇ ਸਰਕਾਰੀ ਮੀਡੀਆ ਸੀਸੀਟੀਵੀ ਨਾਲ ਗੱਲ ਕਰਦਿਆਂ ਵੁਹਾਨ ਦੇ ਤੋਂਗਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਇਹੀ ਉਹ ਹਸਪਤਾਲ ਹੈ ਜਿਥੇ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸੇ ਹਸਪਤਾਲ ਵਿਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਥੇ ਠੀਕ ਹੋਣ ਤੋਂ ਕੁਝ ਹੀ ਦਿਨ ਬਾਅਦ ਕੁਝ ਮਰੀਜ਼ ਮੁੜ ਇਨਫੈਕਟਡ ਹੋ ਗਏ। ਡਾਕਟਰਾਂ ਦੇ ਮੁਤਾਬਕ ਅਜੇ ਨਵੇਂ ਇਨਫੈਕਸ਼ਨ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਤੇ ਇਨਫੈਕਟਡ ਲੋਕਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਸਿਰਫ ਇਥੇ ਹੀ ਨਹੀਂ ਦੇਸ਼ ਭਰ ਵਿਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਹਨਾਂ ਵਿਚ ਲੋਕ ਮੁੜ ਇਨਫੈਕਟਡ ਹੋ ਗਏ ਹਨ ਪਰ ਇਹ ਕਿਵੇਂ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਟੈਸਟ 'ਤੇ ਉਠੇ ਸਵਾਲ
ਕਈ ਜਾਣਕਾਰਾਂ ਨੇ ਇਹਨਾਂ ਖਬਰਾਂ ਤੋਂ ਬਾਅਦ ਕੋਰੋਨਾਵਾਇਰਸ ਦੇ ਲਈ ਕੀਤੇ ਜਾ ਰਹੇ ਟੈਸਟ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵਾਲ ਉਠ ਰਹੇ ਹਨ ਕਿ ਕਿਤੇ ਕੁਝ ਲੋਕਾਂ ਦੇ ਸਰੀਰ ਵਿਚ ਮੌਜੂਦ ਕੋਰੋਨਾਵਾਇਰਸ ਨਿਊਕਲਿਕ ਐਸਿਡ ਟੈਸਟ ਨੂੰ ਮਾਤ ਦੇਣ ਵਿਚ ਸਮਰਥ ਤਾਂ ਨਹੀਂ? ਸੀਸੀਟੀਵੀ ਦੇ ਇਸ ਸ਼ੋਅ ਵਿਚ ਅਜਿਹੇ ਪੰਜ ਲੋਕ ਵੀ ਮੌਜੂਦ ਰਹੇ, ਜਿਹਨਾਂ ਨੂੰ ਠੀਕ ਹੋਣ ਤੋਂ ਬਾਅਦ ਮੁੜ ਕੋਰੋਨਾਵਾਇਰਸ ਹੋ ਗਿਆ ਸੀ। ਉਹਨਾਂ ਦਾ ਦਾਅਵਾ ਸੀ ਕਿ ਠੀਕ ਹੋਣ ਤੋਂ ਬਾਅਦ ਉਹ ਕਿਸੇ ਵੀ ਇਨਫੈਕਟਡ ਵਿਅਕਤੀ ਦੇ ਸੰਪਰਕ ਵਿਚ ਨਹੀਂ ਆਏ ਸਨ। ਫਿਲਹਾਲ ਅਜਿਹੇ ਮਾਮਲਿਆਂ ਵਿਚ ਵੁਹਾਨ ਦੇ ਹਸਪਤਾਲ ਤੋਂ ਇਲਾਵਾ ਚੀਨ ਦੇ ਕਈ ਹੋਰ ਹਸਪਤਾਲਾਂ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੌਰਾਨ ਸਭ ਤੋਂ ਪਹਿਲਾਂ ਸਾਹਮਣੇ ਆਉਂਦੈ ਇਹ ਸ਼ੁਰੂਆਤੀ ਲੱਛਣ
NEXT STORY