ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਸੜਕਾਂ ਉੱਪਰ ਕਿਸੇ ਵੀ ਵਾਹਨ ’ਚ ਡਰਾਈਵਿੰਗ ਕਰਦੇ ਸਮੇਂ ਬਣਾਏ ਗਏ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਕਈ ਵਾਰ ਡਰਾਈਵਰ ਸੜਕ ਉੱਪਰ ਤੇਜ਼ੀ, ਅਣਗਹਿਲੀ ਜਾਂ ਕਿਸੇ ਹੋਰ ਕਾਰਨ ਕਰਕੇ ਇਨ੍ਹਾਂ ਨਿਯਮਾਂ ਨੂੰ ਤੋੜਦੇ ਹਨ, ਜੋ ਕਈ ਵਾਰ ਜਾਨਲੇਵਾ ਸਿੱਧ ਹੁੰਦੇ ਹਨ। ਅਜਿਹਾ ਹੀ ਇੱਕ ਰੂਲ ਤੋੜਨ ਕਰਕੇ ਜਾਨਲੇਵਾ ਹਾਦਸਾ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ’ਚ ਬੁੱਧਵਾਰ ਨੂੰ ਵਾਪਰਿਆ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਰਿਜ਼ਨੋ ਦੇ ਦੱਖਣ-ਪੂਰਬ ’ਚ ਬੁੱਧਵਾਰ ਦੁਪਹਿਰ ਨੂੰ ਦੋ ਵਾਹਨਾਂ ਦੀ ਹੋਈ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੂੰ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਹੜ੍ਹ ਨੇ ਮਚਾਈ ਤਬਾਹੀ, 150 ਲੋਕਾਂ ਦੀ ਹੋਈ ਮੌਤ
ਕੈਲੀਫੋਰਨੀਆ ਹਾਈਵੇ ਪੈਟਰੋਲ ਅਨੁਸਾਰ ਇਹ ਹਾਦਸਾ ਸ਼ਾਮ 4 ਵਜੇ ਦੇ ਕਰੀਬ ਸਾਊਥ ਟੈਂਪੇਰੈਂਸ ਅਤੇ ਪੂਰਬੀ ਜੇਨਸਨ ਮਾਰਗ ’ਤੇ ਵਾਪਰਿਆ। ਇਸ ਦੌਰਾਨ ਇੱਕ ਤਕਰੀਬਨ 26 ਸਾਲਾ ਵਿਅਕਤੀ, ਜੋ ਕੀਆ ਕੰਪਨੀ ਦੀ ਕਾਰ ’ਤੇ ਪੱਛਮ ਵੱਲ ਜਾ ਰਿਹਾ ਸੀ, ਨੇ ਤੇਜ਼ੀ ਨਾਲ ਇੱਕ ਲਾਲ ਬੱਤੀ ਪਾਰ ਕਰਕੇ ਦੂਜੀ ਸਾਈਡ ਤੋਂ ਆ ਰਹੀ ਇੱਕ ਟੋਯੋਟਾ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨੂੰ ਇੱਕ 63 ਸਾਲਾ ਔਰਤ ਚਲਾ ਰਹੀ ਸੀ। ਇਸ ਟੱਕਰ ’ਚ ਦੋਵਾਂ ਗੱਡੀਆਂ ਦੇ ਡਰਾਈਵਰਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਸ ਦੌਰਾਨ ਕੀਆ ਕਾਰ ਵਿਚਲੇ ਡਰਾਈਵਰ ਦੀ ਹਸਪਤਾਲ ’ਚ ਮੌਤ ਹੋ ਗਈ, ਜਦਕਿ ਬਜ਼ੁਰਗ ਔਰਤ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਅਨੁਸਾਰ ਇਸ ਵਿਅਕਤੀ ਨੇ ਡਰਾਈਵਿੰਗ ਦੌਰਾਨ ਸੀਟ ਬੈਲੇਟ ਵੀ ਨਹੀਂ ਪਹਿਨੀ ਸੀ। ਇਸ ਲਈ ਜੋ ਨਿਯਮ ਸੜਕ ਸੁਰੱਖਿਆ ਲਈ ਬਣਾਏ ਗਏ ਹਨ, ਉਨ੍ਹਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
ਅਮਰੀਕਾ: ਡਿਜ਼ਨੀ ਵਰਲਡ 'ਚ ਫਿਰ ਤੋਂ ਹੋਵੇਗੀ ਇਨਡੋਰ ਮਾਸਕ ਦੀ ਜ਼ਰੂਰਤ
NEXT STORY