ਸਿਡਨੀ (ਸਨੀ ਚਾਂਦਪੁਰੀ):- ਐੱਨ.ਐੱਸ.ਡਬਲਯੂ. ਹੈਲਥ ਦਾ ਕਹਿਣਾ ਹੈ ਕਿ ਦੱਖਣ-ਪੱਛਮੀ ਅਤੇ ਪੱਛਮੀ ਸਿਡਨੀ ਵਿਚ ਕੋਵਿਡ-19 ਹੌਟ-ਸਪੌਟ ਵਿਚ ਰਹਿਣ ਵਾਲੇ ਲੋਕਾਂ ਲਈ ਮਾਸਕ ਦੇ ਸਖ਼ਤ ਨਿਯਮ ਥੋੜ੍ਹੇ ਬਦਲੇ ਗਏ ਹਨ। ਐੱਨ.ਐੱਸ.ਡਬਲਯੂ. ਨੇ ਕਿਹਾ ਕਿ ਜਿਹੜੇ ਲੋਕ ਕੈਂਟਰਬਰੀ-ਬੈਂਕਸਟਾਊਨ, ਫੇਅਰਫੀਲਡ, ਲਿਵਰਪੂਲ, ਬਲੈਕਟਾਊਨ, ਕਮਬਰਲੈਂਡ, ਪੈਰਾਮੈਟਾ, ਕੈਂਪਬੈਲਟਾਊਨ ਅਤੇ ਜੌਰਜਸ ਰਿਵਰ ਦੇ ਕੌਂਸਲ ਖੇਤਰਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਹੁਣ ਆਪਣੀ ਕਾਰ ਵਿਚ ਗੱਡੀ ਚਲਾਉਂਦੇ ਸਮੇਂ ਜਾਂ ਕਸਰਤ ਕਰਦੇ ਸਮੇਂ ਮਾਸਕ ਨਹੀਂ ਪਹਿਨਣਾ ਪਏਗਾ ਪਰ ਜਿਹੜੇ ਲੋਕ ਇਨ੍ਹਾਂ 8 ਸਥਾਨਕ ਸਰਕਾਰੀ ਖੇਤਰਾਂ ਤੋਂ ਬਾਹਰ ਰਹਿੰਦੇ ਹਨ, ਉਨ੍ਹਾਂ ਨੂੰ ਅਜੇ ਵੀ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੈ। ਨਹੀਂ ਤਾਂ ਉਨ੍ਹਾਂ ਨੂੰ 500 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਐੱਨ. ਐੱਸ. ਡਬਲਯੂ. ਵੱਲੋਂ ਬਿਆਨ ਵਿਚ ਕਿਹਾ ਗਿਆ ਕਿ ਪੱਛਮੀ ਅਤੇ ਦੱਖਣ-ਪੱਛਮੀ ਸਿਡਨੀ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਵਾਇਰਸ ਦੇ ਬਹੁਤ ਜ਼ਿਆਦਾ ਸੰਕ੍ਰਮਣਸ਼ੀਲ ਡੈਲਟਾ ਵੈਰੀਐਂਟ ਦੇ ਪ੍ਰਸਾਰ ਨੂੰ ਸੀਮਤ ਕਰਨ ਲਈ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਹਨ, ਨਾਲ ਹੀ ਕੁੱਝ ਨਵੇਂ ਭੱਤੇ ਸੋਧਾਂ ਅਧੀਨ ਹਨ। 31 ਜੁਲਾਈ ਤੋਂ ਨਿਰਧਾਰਤ ਕੰਮ- ਜਿਵੇਂ ਕਿ ਸਫ਼ਾਈ, ਮੁਰੰਮਤ, ਰੱਖ-ਰਖਾਅ, ਇਮਾਰਤਾਂ ਅਤੇ ਵਪਾਰਕ ਕੰਮਾਂ ਵਿਚ ਵਾਧਾ, ਬਾਗਬਾਨੀ ਅਤੇ ਲੈਂਡਸਕੇਪਿੰਗ ਇਨ੍ਹਾਂ 8 ਇਲਾਕਿਆਂ ਦੇ ਇਲਾਵਾ ਗ੍ਰੇਟਰ ਸਿਡਨੀ ਦੇ ਖੇਤਰਾਂ ਵਿਚ ਕੀਤੇ ਜਾ ਸਕਦੇ ਹਨ।
ਕੋਈ ਵੀ 2 ਤੋਂ ਵੱਧ ਕਰਮਚਾਰੀ ਇਕੋ ਸਮੇਂ ਕਿਸੇ ਰਿਹਾਇਸ਼ੀ ਘਰ ਨਹੀਂ ਜਾ ਸਕਦੇ। ਚਿੰਤਾ ਵਾਲੇ 8 ਰਿਹਾਇਸ਼ੀ ਇਲਾਕਿਆਂ ਵਿਚ ਨਿਰਧਾਰਤ ਕੰਮ ਸਿਰਫ਼ ਤਾਂ ਹੀ ਕੀਤਾ ਜਾ ਸਕਦਾ ਹੈ, ਜੇ ਸਿਹਤ, ਸੁਰੱਖਿਆ ਜਾਂ ਅਹਾਤੇ ਦੀ ਸੁਰੱਖਿਆ ਲਈ ਕੰਮ ਦੀ ਤੁਰੰਤ ਲੋੜ ਹੋਵੇ। ਐੱਨ. ਐੱਸ. ਡਬਲਯੂ. ਹੈਲਥ ਪੂਰੇ ਐੱਨ. ਐੱਸ. ਡਬਲਯੂ. ਵਿਚ ਸਾਰਿਆਂ ਨੂੰ ਤਾਕੀਦ ਕਰਦੀ ਰਹਿੰਦੀ ਹੈ, ਜੇ ਕਿਸੇ ਨੂੰ ਜ਼ੁਕਾਮ ਵਰਗੇ ਲੱਛਣ ਹਨ ਤਾਂ ਉਹ ਤੁਰੰਤ ਜਾਂਚ ਕਰਵਾਉਣ। ਐੱਨ. ਐੱਸ. ਡਬਲਯੂ. ਵਿਚ 410 ਤੋਂ ਵੱਧ ਕੋਵਿਡ-19 ਟੈਸਟਿੰਗ ਸਥਾਨ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਹਫ਼ਤੇ ਦੇ 7 ਦਿਨ ਖੁੱਲ੍ਹੇ ਹਨ।
ਕੋਰੋਨਾ ਆਫ਼ਤ: ਦੱਖਣੀ-ਪੂਰਬੀ ਕੁਈਨਜ਼ਲੈਂਡ 'ਚ 3 ਦਿਨਾਂ ਲਈ ਤਾਲਾਬੰਦੀ ਲਾਗੂ
NEXT STORY