ਵਾਸ਼ਿੰਗਟਨ (ਏ. ਐੱਨ. ਆਈ.)- ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਭਾਰਤੀ ਅਮਰੀਕੀ ਉਦਯੋਗਪਤੀ ਅਤੇ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਵਾਅਦਾ ਕਰਦੇ ਹੋਏ ਕਿਹਾ ਕਿ ਜੇਕਰ ਉਹ ਸੱਤਾ ’ਚ ਆਉਂਦੇ ਹਨ ਤਾਂ ‘ਐੱਚ-1ਬੀ ਵੀਜ਼ਾ ਪ੍ਰੋਗਰਾਮ’ ਨੂੰ ਖਤਮ ਕਰ ਦੇਣਗੇ। ਐੱਚ-1ਬੀ ਵੀਜ਼ਾ ਨੂੰ ਬੰਧੂਆ ਗੁਲਾਮੀ (indentured servitude) ਦੱਸਦੇ ਹੋਏ, ਰਾਮਾਸਵਾਮੀ ਨੇ ‘ਅਸਲ ਯੋਗਤਾ’ ਦੇ ਆਧਾਰ ’ਤੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ’ਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ‘ਚੇਨ ਆਧਾਰਤ ਪ੍ਰਵਾਸ’ ਨੂੰ ਖਤਮ ਕਰਨ ਦੀ ਲੋੜ ਹੈ। ਰਾਮਾਸਵਾਮੀ ਦੇ ਇਸ ਐਲਾਨ ਨੂੰ ਭਾਰਤੀਆਂ ਲਈ ਬੇਹੱਦ ਦੁਖਦ ਮੰਨਿਆ ਜਾ ਰਿਹਾ ਹੈ।
ਰਾਮਾਸਵਾਮੀ ਨੇ ਕਿਹਾ ਕਿ ‘ਲਾਟਰੀ ਸਿਸਟਮ’ ਬੰਧੂਆ ਗੁਲਾਮੀ ਦਾ ਇਕ ਰੂਪ ਹੈ, ਜੋ ਸਿਰਫ H-1B ਪ੍ਰਵਾਸੀਆਂ ਨੂੰ ਸਪਾਂਸਰ ਕਰਨ ਵਾਲੀ ਕੰਪਨੀ ਨੂੰ ਲਾਭ ਪਹੁੰਚਾਉਂਦਾ ਹੈ, ਜਦਕਿ ਬਾਕੀ ਸਾਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਖਤਮ ਦੇਵਾਂਗਾ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰ ਵਜੋਂ ਆਉਣ ਵਾਲੇ ਲੋਕ ਯੋਗਤਾ-ਆਧਾਰਤ ਪ੍ਰਵਾਸੀ ਨਹੀਂ ਹੁੰਦੇ, ਜਿਸ ਕਾਰਨ ਉਨ੍ਹਾਂ ਦਾ ਅਮਰੀਕਾ ਵਿਚ ਕੋਈ ਹੁਨਰ-ਆਧਾਰਤ ਯੋਗਦਾਨ ਨਹੀਂ ਹੁੰਦਾ। ਰਾਮਾਸਵਾਮੀ ਇਹ ਵੀ ਕਹਿ ਚੁੱਕੇ ਹਨ ਕਿ ਉਹ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਜਨਮੇ ਬੱਚਿਆਂ ਨੂੰ ਡਿਪੋਰਟ ਕਰ ਦੇਣਗੇ।
ਇਹ ਵੀ ਪੜ੍ਹੋ: ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮਾਲਟਾ 'ਚ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
H-1B ਇਕ ਗੈਰ-ਪ੍ਰਵਾਸੀ ਵੀਜ਼ਾ ਹੈ, ਜਿਸ ਦੀ ਭਾਰਤ ਵਿੱਚ ਬਹੁਤ ਜ਼ਿਆਦਾ ਮੰਗ ਹੈ। ਇਹ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਲਈ ਕੁਝ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਵਿੱਤੀ ਸਾਲ 2021 ਲਈ ਯੂ. ਐੱਸ. ਕਾਰੋਬਾਰੀਆਂ ਨੇ 85,000 ਉਪਲਬਧ ਸਲਾਟਾਂ ਲਈ 780,884 ਅਰਜ਼ੀਆਂ ਜਮ੍ਹਾ ਕੀਤੀਆਂ, ਜੋ 60 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ ਵਿੱਚ ਉੱਚ-ਕੁਸ਼ਲ ਕਰਮਚਾਰੀਆਂ ਦੀ ਪੂਰਤੀ ਲਈ ਤਿਆਰ ਕੀਤੇ ਗਏ H-1B ਵੀਜ਼ਾ ਪ੍ਰੋਗਰਾਮ ਵਿੱਚ ਸੁਧਾਰ ਅਤੇ ਕਮੀਆਂ ਨੂੰ ਦੂਰ ਕਰਨ ਲਈ ਅਮਰੀਕੀ ਸੈਨੇਟ ਵਿੱਚ ਦੋ-ਪੱਖੀ ਕਾਨੂੰਨ ਪੇਸ਼ ਕੀਤਾ ਗਿਆ ਸੀ।
ਇਸ ਸਾਲ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਵੀ ਇਹ ਮੁੱਦਾ ਚਰਚਾ ’ਚ ਆਇਆ ਸੀ। ਪੀ. ਐੱਮ. ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਮੁਲਾਕਾਤ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਉਹ ਬਹੁਤ ਸਾਰੇ ਭਾਰਤੀਆਂ ਲਈ ਐੱਚ-1ਬੀ ਵੀਜ਼ਾ ਨਵਿਆਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ‘ਅਮਰੀਕਾ ਦੇ ਅੰਦਰ ਨਵਿਆਉਣਯੋਗ’ ਐੱਚ-1ਬੀ ਵੀਜ਼ਾ ਪੇਸ਼ ਕਰਨਗੇ। ਪੀ. ਐੱਮ. ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਸੰਬੋਧਨ ’ਚ ਕਿਹਾ ਸੀ ਕਿ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਐੱਚ-1ਬੀ ਵੀਜ਼ਾ ਸਿਰਫ ਅਮਰੀਕਾ ’ਚ ਹੀ ਰੀਨਿਊ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜਾਹਨਵੀ ਕੰਦੂਲਾ ਦੀ ਮੌਤ 'ਤੇ ਹੱਸਣ ਵਾਲੇ ਮੁਲਾਜ਼ਮ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਪੱਤਰ
ਅਮਰੀਕਾ ਹਰ ਸਾਲ ਦਿੰਦਾ ਹੈ 65,000 H-1B ਵੀਜ਼ਾ, ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ
ਅਮਰੀਕਾ ਸਾਰਿਆਂ ਨੂੰ ਸਾਲਾਨਾ 65,000 H-1B ਵੀਜ਼ਾ ਅਤੇ ਅਮਰੀਕਾ ਵਿੱਚ ਉੱਚ ਡਿਗਰੀਆਂ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ 20,000 ਵੀਜ਼ੇ ਪ੍ਰਦਾਨ ਕਰਦਾ ਹੈ। ਅਮਰੀਕੀ ਸਰਕਾਰ ਮੁਤਾਬਕ ਐੱਚ-1ਬੀ ਵੀਜ਼ਾ ਦੇ ਸਭ ਤੋਂ ਵੱਧ ਲਾਭਪਾਤਰੀ ਭਾਰਤੀ ਹਨ, ਜਿਨ੍ਹਾਂ ਦੀ ਗਿਣਤੀ 75 ਫੀਸਦੀ ਹੈ। ਜੁਲਾਈ 2023 ਵਿੱਚ ਭਾਰਤੀ-ਅਮਰੀਕੀ ਕਾਂਗਰਸੀ ਰਾਜਾ ਕ੍ਰਿਸ਼ਨਾਮੂਰਤੀ ਨੇ H-1B ਵੀਜ਼ਾ ’ਤੇ ਵਿਦੇਸ਼ੀ ਕਾਮਿਆਂ ਦੀ ਸਾਲਾਨਾ ਗਿਣਤੀ ਨੂੰ 65,000 ਤੋਂ ਦੁੱਗਣਾ ਕਰਕੇ 1,30,000 ਕਰਨ ਦਾ ਪ੍ਰਸਤਾਵ ਪੇਸ਼ ਕੀਤਾ।
ਰਾਮਾਸਵਾਮੀ ਨੇ ਖੁਦ ਵੀ ਆਪਣੀ ਕੰਪਨੀ ਲਈ ਐੱਚ-1ਬੀ ਪ੍ਰਣਾਲੀ ਦਾ ਸਹਾਰਾ ਲਿਆ
ਰਾਮਾਸਵਾਮੀ ਨੇ ਖੁਦ ਆਪਣੀ ਫਾਰਮਾ ਕੰਪਨੀ ‘ਰਾਇਵਾਂ ਸਾਇੰਸਿਜ਼’ ਲਈ ਉੱਚ-ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਅਤੀਤ ਵਿੱਚ H-1B ਪ੍ਰਣਾਲੀ ਦਾ ਸਹਾਰਾ ਲਿਆ ਹੈ, ਜਿਸ ਨਾਲ ਉਸ ਨੇ ਬਹੁਤ ਜ਼ਿਆਦਾ ਜਾਇਦਾਦ ਬਣਾਈ। 2018 ਤੋਂ 2023 ਤੱਕ ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਰਾਮਾਸਵਾਮੀ ਦੀ ਕੰਪਨੀ ’ਚ ਐੱਚ-1ਬੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ 29 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ। ਰਾਸ਼ਟਰਪਤੀ ਦੇ ਅਹੁਦੇ ਲਈ ਬਹਿਸ ਵਿੱਚ ਰਾਮਾਸਵਾਮੀ ਨੇ ਖੁਦ ਕਿਹਾ, ‘‘ਮੇਰੇ ਮਾਤਾ-ਪਿਤਾ 40 ਸਾਲ ਪਹਿਲਾਂ ਬਿਨਾਂ ਪੈਸੇ ਦੇ ਇਸ ਦੇਸ਼ ਵਿੱਚ ਆਏ ਸਨ... ਮੈਂ ਅਰਬਾਂ ਡਾਲਰ ਦੀਆਂ ਕੰਪਨੀਆਂ ਖੜ੍ਹੀਆਂ ਕੀਤੀਆਂ।’
ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਰਾਤੋ-ਰਾਤ ਆਮ ਜਨਤਾ ਨੂੰ ਵੱਡਾ ਝਟਕਾ, 333 ਰੁਪਏ ਲਿਟਰ ਹੋਇਆ ਪੈਟਰੋਲ
ਰਾਮਾਸਵਾਮੀ ਦੇ ‘ਗੁਰੂ’ ਟਰੰਪ ਨੇ ਵੀ ਵਿਦੇਸ਼ੀ ਕਾਮਿਆਂ ਪ੍ਰਤੀ ਅਪਣਾਇਆ ਸੀ ਸਖਤ ਰੁਖ਼
ਐੱਚ-1ਬੀ ਵੀਜ਼ਾ ’ਤੇ ਰਾਮਾਸਵਾਮੀ ਦਾ ਰੁਖ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਦੀ ਯਾਦ ਦਿਵਾਉਂਦਾ ਹੈ, ਜਿਸ ਨੂੰ ਰਾਮਾਸਵਾਮੀ ‘21ਵੀਂ ਸਦੀ ਦਾ ਸਰਬੋਤਮ ਰਾਸ਼ਟਰਪਤੀ’ ਕਹਿੰਦੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਲਈ ਆਪਣੀ ਮੁਹਿੰਮ ਵਿਚ ਵਿਦੇਸ਼ੀ ਕਾਮਿਆਂ ਪ੍ਰਤੀ ਸਖਤ ਰੁਖ਼ ਅਪਣਾਇਆ ਸੀ। ਟਰੰਪ ਨੇ ਰਾਸ਼ਟਰਪਤੀ ਦੇ ਤੌਰ ’ਤੇ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਨਵੇਂ ਵਰਕ ਵੀਜ਼ੇ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਲੱਖਾਂ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਵਿਚ ਰੁਜ਼ਗਾਰ ਦੀ ਭਾਲ ਕਰਨ ਤੋਂ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਪਹਿਲੇ ਦਿਨ ਕਾਲਜ ਗਏ 19 ਸਾਲਾ ਪੰਜਾਬੀ ਗੱਭਰੂ ਨਾਲ ਵਾਪਰਿਆ ਭਾਣਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨੀ ਫ਼ੌਜ ਦੀ ਵੱਡੀ ਕਾਰਵਾਈ, ਤਹਿਰੀਕ-ਏ-ਤਾਲਿਬਾਨ ਦੇ ਸਾਬਕਾ ਕਮਾਂਡਰ ਨੂੰ ਕੀਤਾ ਢੇਰ
NEXT STORY