ਦੁਬਈ- ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਏ ਭਿਆਨਕ ਤੂਫ਼ਾਨ, ਗਰਜ ਅਤੇ ਭਾਰੀ ਮੀਂਹ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਕੁਦਰਤੀ ਆਫ਼ਤ ਦੌਰਾਨ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ, ਬੁਰਜ ਖਲੀਫਾ 'ਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਪਏ ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਦੁਬਈ ਅਤੇ ਹੋਰ ਕਈ ਸ਼ਹਿਰਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸੜਕਾਂ 'ਤੇ ਪਾਣੀ ਜਮ੍ਹਾਂ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਾਹਨ ਫਸ ਗਏ ਹਨ। ਮੌਸਮ ਵਿਭਾਗ ਅਨੁਸਾਰ, ਤੇਜ਼ ਹਵਾਵਾਂ ਅਤੇ ਧੂੜ ਕਾਰਨ ਵਿਜ਼ੀਬਿਲਟੀ ਵਿੱਚ ਵੀ ਭਾਰੀ ਕਮੀ ਆਈ ਹੈ।
ਹਵਾਈ ਸੇਵਾਵਾਂ ਪ੍ਰਭਾਵਿਤ
ਖ਼ਰਾਬ ਮੌਸਮ ਦਾ ਅਸਰ ਹਵਾਈ ਸੇਵਾਵਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਾਰਜਾਹ ਹਵਾਈ ਅੱਡੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਵਾਈ ਅੱਡੇ ਲਈ ਨਿਕਲਣ ਤੋਂ ਪਹਿਲਾਂ ਆਪਣੀਆਂ ਸਬੰਧਤ ਏਅਰਲਾਈਨਾਂ ਤੋਂ ਉਡਾਣਾਂ ਦੀ ਤਾਜ਼ਾ ਸਥਿਤੀ ਜ਼ਰੂਰ ਜਾਣ ਲੈਣ।
ਸਥਿਤੀ ਨੂੰ ਸੰਭਾਲਣ ਲਈ ਯੂਏਈ ਦੇ ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਐਮਰਜੈਂਸੀ ਉਪਾਅ ਲਾਗੂ ਕੀਤੇ ਹਨ ਅਤੇ ਸੁਰੱਖਿਆ ਅਲਰਟ ਜਾਰੀ ਕੀਤੇ ਹਨ। ਦੁਬਈ ਪੁਲਿਸ ਅਤੇ ਨਗਰ ਨਿਗਮ ਦੀਆਂ ਟੀਮਾਂ ਸਵੇਰ ਹੋਣ ਤੋਂ ਪਹਿਲਾਂ ਹੀ ਸੜਕਾਂ ਤੋਂ ਪਾਣੀ ਕੱਢਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਜੁਟੀਆਂ ਹੋਈਆਂ ਹਨ।
ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਅਧਿਕਾਰੀਆਂ ਵੱਲੋਂ ਇਸ ਮੌਸਮ ਕਾਰਨ ਕਿਸੇ ਵੀ ਜਾਨੀ ਨੁਕਸਾਨ ਜਾਂ ਵੱਡੀ ਤਬਾਹੀ ਦੀ ਕੋਈ ਰਿਪੋਰਟ ਸਾਂਝੀ ਨਹੀਂ ਕੀਤੀ ਗਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰ ਤੱਕ ਅਸਥਿਰ ਸਥਿਤੀ ਬਣੀ ਰਹਿਣ ਦੀ ਚੇਤਾਵਨੀ ਦਿੱਤੀ ਸੀ।
ਜਿਬੂਤੀ ਤੱਟ 'ਤੇ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਡੁੱਬੀ: 9 ਦੀ ਮੌਤ, 45 ਲਾਪਤਾ
NEXT STORY