ਵੂਹਾਨ— ਕੋਰੋਨਾ ਵਾਇਰਸ ਕਾਰਨ ਚੀਨ 'ਚ ਹੁਣ ਤਕ 2,981 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਕਾਰਨ 80,270 ਲੋਕ ਇਨਫੈਕਟਡ ਹੋ ਚੁੱਕੇ ਹਨ। ਚੀਨ 'ਚ ਇਕ ਹੋਰ ਡਾਕਟਰ ਦੀ ਮੌਤ ਹੋਣ ਦੀ ਖਬਰ ਹੈ ਜੋ ਕਿ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਮ੍ਰਿਤਕ ਡਾਕਟਰ ਦੀ ਪਛਾਣ 57 ਸਾਲਾ ਮੀ ਜ਼ੋਨਗਮਿੰਗ ਵਜੋਂ ਹੋਈ ਹੈ। ਇਹ ਡਾਕਟਰ ਲੀ ਵੈਨਲਿਆਂਗ ਨਾਲ ਕੰਮ ਕਰਦੇ ਰਹੇ ਸਨ ਜਿਸ ਨੇ ਚੀਨ 'ਚ ਇਸ ਮਹਾਮਾਰੀ ਦੇ ਫੈਲਣ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਸੀ ਤੇ ਉਨ੍ਹਾਂ ਦੀ ਵੀ 7 ਫਰਵਰੀ ਨੂੰ ਮੌਤ ਹੋ ਗਈ ਸੀ।
ਜਾਣਕਾਰੀ ਮੁਤਾਬਕ ਡਾਕਟਰ ਮੀ ਵੂਹਾਨ ਸੈਂਟਰਲ ਹਸਪਤਾਲ 'ਚ ਕੰਮ ਕਰ ਰਹੇ ਸਨ ਤੇ 3 ਮਾਰਚ ਦਿਨ ਮੰਗਲਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਹਸਪਤਾਲ ਵਲੋਂ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਗਿਆ ਤੇ ਦੱਸਿਆ ਗਿਆ ਕਿ ਉਨ੍ਹਾਂ ਨੇ 30 ਸਾਲ ਨੌਕਰੀ ਕੀਤੀ। ਹਸਪਤਾਲ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਡਾਕਟਰ ਮੀ ਇਸ ਵਾਇਰਸ ਦੀ ਲਪੇਟ 'ਚ ਕਿਵੇਂ ਆਏ। ਉਂਝ ਇਹ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ 18 ਫਰਵਰੀ ਨੂੰ ਉਹ ਹਸਪਤਾਲ 'ਚ ਵਾਇਰਸ ਦੀ ਲਪੇਟ 'ਚ ਆਏ ਸਨ। ਦੋ ਦਿਨ ਪਹਿਲਾਂ ਹੀ ਜਿਆਂਗ ਸ਼ੁਕਿੰਗ ਨਾਂ ਦੇ ਡਾਕਟਰ ਦੀ ਵੀ ਮੌਤ ਹੋਣ ਦੀ ਖਬਰ ਮਿਲੀ ਸੀ। ਅਧਿਕਾਰੀਆਂ ਮੁਤਾਬਕ ਹੁਣ ਤਕ 13 ਡਾਕਟਰਾਂ ਤੇ ਨਰਸਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਵਧੇਰੇ ਉਹ ਡਾਕਟਰ ਸਨ ਜੋ ਲੰਬੇ ਸਮੇਂ ਤਕ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ ਰਹੇ ਸਨ।
ਚੀਨ 'ਚ ਮ੍ਰਿਤਕਾਂ ਦੀ ਗਿਣਤੀ 2,981 ਹੋਈ, 80,270 ਮਾਮਲੇ ਆਏ ਸਾਹਮਣੇ
NEXT STORY