ਬੀਜਿੰਗ (ਇੰਟ.) - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਿਸ਼ਵ ਵਿਚ ਵਧਦੇ ਸੰਘਰਸ਼ਾਂ ਨੂੰ ਰੋਕਣ ਲਈ ਭਾਰਤ ਦੇ ‘ਪੰਚਸ਼ੀਲ ਸਿਧਾਂਤ’ ਦਾ ਜ਼ਿਕਰ ਕੀਤਾ ਹੈ। ਸ਼ੁੱਕਰਵਾਰ ਪੰਚਸ਼ੀਲ ਦੇ ਸਿਧਾਂਤਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਸੀ।
ਇਸ ਮੌਕੇ ਸ਼ੀ ਜਿਨਪਿੰਗ ਨੇ ਸ਼ਾਂਤੀਪੂਰਨ ਸਹਿ-ਹੋਂਦ (ਪੰਚਸ਼ੀਲ) ਦੇ 5 ਸਿਧਾਂਤਾਂ ਦਾ ਜ਼ਿਕਰ ਕੀਤਾ। ਭਾਰਤ ਨੇ ਸ਼ਾਂਤੀਪੂਰਨ ਸਹਿ-ਹੋਂਦ ਦੇ ਪੰਜ ਸਿਧਾਂਤਾਂ ਨੂੰ ‘ਪੰਚਸ਼ੀਲ’ ਦਾ ਨਾਂ ਦਿੱਤਾ ਹੈ।
ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਪੰਚਸ਼ੀਲ ਦੇ ਪੰਜ ਸਿਧਾਂਤ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹਨ। ਪਿਛਲੇ 70 ਸਾਲਾਂ ਵਿਚ ਇਹ ਵਾਰ-ਵਾਰ ਸਾਬਤ ਹੋਇਆ ਹੈ ਕਿ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਬਿਹਤਰ ਭਵਿੱਖ ਬਣਾਉਣ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਏਕਤਾ, ਸਹਿਯੋਗ, ਸੰਚਾਰ ਅਤੇ ਆਪਸੀ ਸਮਝ ਹੈ।
ਜਿਨਪਿੰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਾਂਤੀਪੂਰਨ ਸਹਿ-ਹੋਂਦ ਦੇ ਪੰਜ ਸਿਧਾਂਤ ਏਸ਼ੀਆ ਵਿਚ ਪੈਦਾ ਹੋਏ ਸਨ ਪਰ ਜਲਦੀ ਹੀ ਵਿਸ਼ਵ ਪੱਧਰ ’ਤੇ ਫੈਲ ਗਏ। ਪੰਚਸ਼ੀਲ ਨੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਅਤੇ ਇਸ ਦੀ ਸ਼ੁਰੂਆਤ ਇਕ ਇਤਿਹਾਸਕ ਘਟਨਾ ਸੀ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਪੰਚਸ਼ੀਲ ਸਿਧਾਂਤ ਅੱਜ ਅੰਤਰਰਾਸ਼ਟਰੀ ਭਾਈਚਾਰੇ ਦੀ ਸਾਂਝੀ ਜਾਇਦਾਦ ਬਣ ਗਏ ਹਨ।
ਪੰਚਸ਼ੀਲ ਸਮਝੌਤੇ ਦੀ ਵਰ੍ਹੇਗੰਢ ਮੌਕੇ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ, ਗੁਆਨਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਰ ਅਤੇ ਚੀਨ ਦੇ ਨੇੜਲੇ ਦੇਸ਼ਾਂ ਦੇ ਅਾਗੂਆਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਕੁਝ ਰਿਪੋਰਟਾਂ ਮੁਤਾਬਕ ਭਾਰਤ ਨੂੰ ਵੀ ਇਸ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਸੀ ਪਰ ਕਿਸੇ ਅਧਿਕਾਰੀ ਨੇ ਇਸ ਵਿਚ ਹਿੱਸਾ ਨਹੀਂ ਲਿਆ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਸ਼ੋਰ ਅੱਤਵਾਦੀਆਂ ਤੋਂ ਖਤਰੇ ਦਾ ਕੀਤਾ ਖੁਲਾਸਾ
NEXT STORY