ਫਤਿਹਗੜ੍ਹ ਸਾਹਿਬ (ਜਗਦੇਵ)-ਸਰਹਿੰਦ ਸਾਨੀਪੁਰ ਭਾਖੜਾ ਨਹਿਰ 'ਤੇ ਬੀਤੀ ਰਾਤ ਆਪਣੀ ਸਕੂਟਰੀ ਖੜ੍ਹੀ ਕਰ ਕੇ ਨਹਿਰ 'ਚ ਛਾਲ ਮਾਰਨ ਦਾ ਭੁਲੇਖਾ ਪਾਉਣ ਵਾਲੀਆਂ ਲੜਕੀਆਂ ਪੁਲਸ ਦੀ ਮੁਸਤੈਦੀ ਨਾਲ ਰੋਪੜ ਦੇ ਗੁਰਦੁਆਰਾ ਸਾਹਿਬ ਤੋਂ ਬਰਾਮਦ ਕਰ ਲਈਆਂ ਗਈਆਂ। ਜ਼ਿਕਰਯੋਗ ਹੈ ਕਿ ਸਵੇਰ ਤੜਕਸਾਰ ਤੋਂ ਹੀ ਪੁਲਸ ਪ੍ਰਸ਼ਾਸਨ ਤੇ ਗੋਤਾਖੋਰਾਂ ਦੀਆਂ ਟੀਮਾਂ ਇਨ੍ਹਾਂ 2 ਲੜਕੀਆਂ ਦੀ ਭਾਲ 'ਚ ਲੱਗੇ ਰਹੇ ਤੇ ਪੂਰੇ ਇਲਾਕੇ ਭਰ 'ਚ ਇਹ ਖ਼ਬਰ ਅੱਗ ਵਾਂਗ ਫੈਲਦੀ ਰਹੀ ਤੇ ਲੋਕਾਂ ਦਾ ਸ਼ਾਮ ਤੱਕ ਨਹਿਰ 'ਤੇ ਤਾਂਤਾ ਲੱਗਿਆ ਰਿਹਾ। ਇਹ ਲੜਕੀਆਂ ਸਥਾਨਕ ਕਾਲਜ 'ਚ ਬੀ. ਐੱਸ. ਸੀ. ਮੈਡੀਕਲ ਦੇ ਫਾਈਨਲ ਯੀਅਰ ਦੀਆਂ ਵਿਦਿਆਰਥਣਾਂ ਹਨ।
ਕੀ ਕਹਿਣਾ ਸੀ ਗੋਤਾਖੋਰਾਂ ਦਾ
ਸਵੇਰ ਤੜਕਸਾਰ ਤੋਂ ਹੀ ਨਹਿਰ 'ਚ ਛਾਲ ਮਾਰਨ ਦਾ ਭੁਲੇਖਾ ਪਾਉਣ ਵਾਲੀਆਂ ਲੜਕੀਆਂ ਦੀ ਭਾਲ ਸਬੰਧੀ ਸ਼ੰਕਰ ਭਾਰਦਵਾਜ ਪੰਜਾਬ ਪ੍ਰਧਾਨ ਗੋਤਾਖੋਰ ਟੀਮ ਨੇ ਪੱਤਰਕਾਰਾਂ ਨੂੰ ਪਹਿਲਾਂ ਹੀ ਸ਼ਪੱਸ਼ਟ ਕਰ ਦਿੱਤਾ ਸੀ ਕਿ ਮਾਮਲਾ ਨਹਿਰ 'ਚ ਛਾਲ ਮਾਰਨ ਦਾ ਨਹੀਂ ਲੱਗਦਾ, ਕਿਉਂਕਿ ਜਿਸ ਤਰੀਕੇ ਨਾਲ ਸਕੂਟਰੀ ਨਹਿਰ ਦੇ ਕੱਚੇ ਪਹੇ ਦੇ ਕਿਨਾਰੇ ਖੜ੍ਹੀ ਮਿਲੀ ਹੈ, ਇਸ ਤੋਂ ਅੰਦਾਜ਼ਾ ਕੁਝ ਹੋਰ ਹੀ ਲਾਇਆ ਜਾ ਸਕਦਾ ਹੈ ਪਰ ਫਿਰ ਵੀ ਗੋਤਾਖੋਰਾਂ ਦੀਆਂ ਟੀਮਾਂ ਨਹਿਰ 'ਚ ਇਨ੍ਹਾਂ ਲੜਕੀਆਂ ਦੀ ਭਾਲ 'ਚ ਪਾਣੀਪਤ, ਗੰਢਿਆਖੇੜੀ ਤੇ ਹੋਰ ਮੁੱਖ ਨਹਿਰ ਪੁਲਾਂ ਤੱਕ ਨਿਰੰਤਰ ਲੱਗੀਆਂ ਰਹੀਆਂ।
ਵਿਦਿਆਰਥਣਾਂ ਤੇ ਅਧਿਆਪਕਾਂ ਵਿਚਾਲੇ ਨਹੀਂ ਹੋਈ ਕਿਸੇ ਪ੍ਰਕਾਰ ਦੀ ਤਕਰਾਰਬਾਜ਼ੀ : ਪ੍ਰਿੰਸੀਪਲ
ਜਦੋਂ ਸਥਾਨਕ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸੋਸ਼ਲ ਮੀਡੀਆ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦਰਮਿਆਨ ਤਕਰਾਰਬਾਜ਼ੀ ਹੋਣ ਦੀ ਨਿੰਦਾ ਕਰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਕਿਸੇ ਪ੍ਰਕਾਰ ਦਾ ਡਰ ਨਹੀਂ ਪਾਇਆ ਗਿਆ ਸਗੋਂ ਇਨ੍ਹਾਂ ਪੇਪਰ ਦੇਣ ਆਈਆਂ ਵਿਦਿਆਰਥਣਾਂ ਤੋਂ ਪਰਚੀਆਂ ਫੜੇ ਜਾਣ ਕਾਰਨ ਐਗਜ਼ਾਮੀਨਰ ਵੱਲੋਂ ਯੂ. ਐੱਮ. ਸੀ. ਬਣਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲੜਕੀ ਦੀ ਮਾਤਾ ਤੇ ਭਰਾ ਵੀ ਕਾਲਜ 'ਚ ਆਏ ਸਨ ਤੇ ਉਨ੍ਹਾਂ ਨੂੰ ਸਮਝਾਇਆ ਕਿ ਲੜਕੀਆਂ ਨੂੰ ਅਜਿਹਾ ਨਾ ਕਰਨ ਦੀ ਨਸੀਹਤ ਦਿੱਤੀ ਤੇ ਲੜਕੀਆਂ ਨੂੰ ਦੁਬਾਰਾ ਪੇਪਰ ਦੇਣ ਬਾਰੇ ਵੀ ਕਿਹਾ ਗਿਆ ਸੀ ਪਰ ਲੜਕੀਆਂ ਪੇਪਰ ਦੇਣ ਦੀ ਬਜਾਏ ਚਲੀਆਂ ਗਈਆਂ।
ਕੀ ਕਹਿਣਾ ਹੈ ਥਾਣਾ ਮੁਖੀ ਗਗਨਦੀਪ ਸਿੰਘ ਦਾ
ਕੇਸ ਦੀ ਤਫਤੀਸ਼ ਕਰ ਰਹੇ ਥਾਣਾ ਬਡਾਲੀ ਆਲਾ ਸਿੰਘ ਦੇ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰਾਤ 1 ਵਜੇ ਦੇ ਲੱਗਭਗ ਦਾ ਹੈ, ਜਦੋਂ ਦੋਵੇਂ ਲੜਕੀਆਂ ਗੁਰੀ ਤੇ ਦੀਪ (ਨਕਲੀ ਨਾਮ) ਜੋ ਕਿ ਬਡਾਲੀ ਆਲਾ ਸਿੰਘ ਤੋਂ ਆਪਣੀ ਸਕੂਟਰੀ 'ਤੇ ਸਰਹਿੰਦ ਸਾਨੀਪੁਰ ਭਾਖੜਾ ਨਹਿਰ 'ਤੇ ਆ ਗਈਆਂ ਤੇ ਜਦੋਂ ਇਨ੍ਹਾਂ ਨੇ ਆਪਣੀ ਸਕੂਟਰੀ ਖੜ੍ਹੀ ਕੀਤੀ ਤਾਂ ਪਾਣੀ ਦੇ ਵਹਾਅ ਨੂੰ ਦੇਖਦਿਆਂ ਇਹ ਡਰ ਗਈਆਂ ਤੇ ਆਪਣੀ ਸਕੂਟਰੀ ਨਹਿਰ 'ਤੇ ਹੀ ਖੜ੍ਹੀ ਕਰ ਕੇ ਪੈਦਲ ਜੀ. ਟੀ. ਰੋਡ ਸਰਹਿੰਦ ਆਈਆਂ। ਉਨ੍ਹਾਂ ਦੱਸਿਆ ਕਿ ਦੋ ਤਿੰਨ ਘੰਟੇ ਜੀ. ਟੀ. ਰੋਡ ਬੱਸ ਸਟੈਂਡ 'ਤੇ ਹੀ ਖੜ੍ਹੇ ਰਹਿਣ ਉਪਰੰਤ ਜਦੋਂ ਬੱਸ ਆਈ ਤਾਂ ਇਹ ਰੋਪੜ ਵਾਲੀ ਬੱਸ 'ਤੇ ਚੜ੍ਹ ਗਈਆਂ ਤੇ ਉਹ ਗੁਰਦੁਆਰਾ ਟਿੱਬੀ ਸਾਹਿਬ ਪੁਹੰਚ ਗਈਆਂ। ਉਥੋਂ ਇਨ੍ਹਾਂ ਲੜਕੀਆਂ ਨੇ ਤਕਰੀਬਨ 12:30 ਵਜੇ ਕਿਸੇ ਰੇਹੜੀ ਵਾਲੇ ਦੇ ਫੋਨ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕੀਤਾ, ਜਿਸ ਦੀ ਸੂਚਨਾ ਰਿਸ਼ਤੇਦਾਰਾਂ ਨੇ ਪੁਲਸ ਨੂੰ ਦਿੱਤੀ ਤੇ ਪੁਲਸ ਨੇ ਅਗਲੀ ਕਾਰਵਾਈ ਕਰਦਿਆਂ ਫੋਨ ਕਾਲ ਦੀ ਲੋਕੇਸ਼ਨ ਕਢਵਾ ਕੇ ਸਹੀ ਸਥਾਨ ਦਾ ਪਤਾ ਕੀਤਾ ਕਿ ਫੋਨ ਕਿੱਥੋਂ ਆਇਆ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਲੜਕੀਆਂ ਦੇ ਘਰਦਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸ੍ਰੀ ਸਾਹਿਬ ਟਿੱਬੀ ਸਾਹਿਬ ਪਹੁੰਚ ਕੀਤੀ, ਜਿੱਥੇ ਲੜਕੀਆਂ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਤੇ ਪੂਰੀ ਲਿਖਾ ਪੜ੍ਹੀ ਕਰਵਾ ਕੇ ਲੜਕੀਆਂ ਘਰਦਿਆਂ ਦੇ ਹਵਾਲੇ ਕਰ ਦਿੱਤੀਆਂ। ਉਨ੍ਹਾਂ ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀਆਂ ਇਕ ਸਥਾਨਕ ਕਾਲਜ 'ਚ ਬੀ. ਐੱਸ. ਸੀ. ਮੈਡੀਕਲ ਦੇ ਫਾਈਨਲ ਯੀਅਰ ਦੀਆਂ ਵਿਦਿਆਰਥਣਾਂ ਹਨ ਤੇ ਪੇਪਰ 'ਚ ਕਿਸੇ ਪਰਚੀ ਦੇ ਫੜੇ ਜਾਣ ਕਾਰਨ ਘਰਦਿਆਂ ਦੇ ਡਰ ਵਜੋਂ ਇਹ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀਆਂ ਦਾ ਕਹਿਣਾ ਹੈ ਕਿ ਕਾਲਜ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਡਰਾ ਕੇ ਪੇਪਰ ਦੇਣੋਂ ਰੋਕਿਆ ਗਿਆ, ਜਿਸ ਕਾਰਨ ਉਨ੍ਹਾਂ ਡਰ ਵਜੋਂ ਇਹ ਕਦਮ ਚੁੱਕਿਆ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਲੜਕੀਆਂ ਵੱਖ-ਵੱਖ ਪਿੰਡਾਂ ਦੀਆਂ ਹਨ ਤੇ ਰਾਤ ਸਮੇਂ ਇਕ ਹੀ ਪਿੰਡ ਇਕੱਠੀਆਂ ਰੁਕੀਆਂ ਸਨ।
ਸਾਵਧਾਨ! ਕਿਤੇ ਤੁਹਾਨੂੰ ਤਾਂ ਨਹੀਂ ਮਿਲ ਰਿਹਾ ਇਸ ਤਰ੍ਹਾਂ ਦਾ ਪਾਣੀ (ਵੀਡੀਓ)
NEXT STORY