ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਪਿਛਲੇ ਦਿਨੀਂ ਪਿੰਡ ਚੱਕ ਸ਼ੇਰੇਵਾਲਾ ਵਿਖੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਪਰਿਵਾਰ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਸਮੂਹ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਮਾਮਲੇ ਸੰਬੰਧੀ ਸੰਵਿਧਾਨ ਬਚਾਓ ਮੰਚ ਦਾ ਇਕ ਵਫ਼ਦ ਨੈਸ਼ਨਲ ਅਨੁਸੂਚਿਤ ਜਾਤੀ/ਜਨ ਜਾਤੀ ਆਯੋਗ ਦੇ ਰਿਸਰਚ ਅਧਿਕਾਰੀ ਰਾਕੇਸ਼ ਕੁਮਾਰ ਸ਼ਰਮਾ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਮੰਚ ਵੱਲੋਂ ਰਿਸਰਚ ਅਧਿਕਾਰੀ ਨੂੰ ਪੂਰੇ ਮਾਮਲੇ ਸੰਬੰਧੀ ਵਿਸਤਾਰ ਪੂਰਵਕ ਜਾਣੂ ਕਰਵਾਉਂਦਿਆਂ ਆਖਿਆ ਕਿ ਬੀਤੀ 11 ਮਈ ਨੂੰ ਪਿੰਡ ਚੱਕ ਸ਼ੇਰੇਵਾਲਾ ਨਿਵਾਸੀ ਬਗੀਚਾ ਸਿੰਘ ਦੇ ਘਰ ਪਾਲਤੂ ਕੁੱਤਾ ਬੰਨ੍ਹਿਆ ਸੀ। ਇਸ ਤੋਂ ਇਲਾਵਾ ਨੇੜੇ ਹੀ ਇਕ ਜ਼ਿੰਮੀਵਾਰ ਦੇ ਘਰ ਪਾਕਿਸਤਾਨੀ ਬੁਲੀ ਕੁੱਤੇ ਵੱਲੋਂ ਉਨ੍ਹਾਂ ਦੇ ਘਰ ਆ ਕੇ ਬੰਨੇ ਕੁੱਤੇ 'ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਮੁਕਾਇਆ।
ਇਸ ਗੱਲ ਦਾ ਉਲਾਂਭਾ ਦੇਣ ਲਈ ਬਗੀਚਾ ਸਿੰਘ ਤੇ ਉਸਦੀ ਮਾਤਾ ਗੁਰਦੇਵ ਕੌਰ ਪਾਕਿਸਤਾਨੀ ਬੁਲੀ ਕੁੱਤੇ ਦੇ ਮਾਲਕ ਦੇ ਘਰ ਗਏ ਤਾਂ ਅੱਗੋਂ ਉਸ ਪਰਿਵਾਰ ਨੇ ਕਥਿਤ ਰੂਪ 'ਚ ਉਨ੍ਹਾਂ ਨੂੰ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਰਦੇਵ ਕੌਰ ਨੂੰ ਧੱਕਾ ਲੱਗਣ ਨਾਲ ਉਹ ਹੇਠਾਂ ਡਿੱਗ ਗਈ ਤੇ ਜ਼ਖਮੀ ਹੋ ਗਈ। ਜ਼ਖਮੀ ਹਾਲਤ 'ਚ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਲੱਖੇਵਾਲੀ ਥਾਣਾ ਪੁਲਸ ਨੂੰ ਉਕਤ ਘਟਨਾ ਸੰਬੰਧੀ ਜਾਣੂੰ ਕਰਵਾਇਆ ਪਰ ਕਰੀਬ 12 ਦਿਨ ਲੰਘਣ ਦੇ ਬਾਵਜੂਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਉਹ ਮੰਚ ਕੋਲ ਆਏ ਅਤੇ ਇਨਸਾਫ ਦੀ ਮੰਗ ਕੀਤੀ।
ਸੰਵਿਧਾਨ ਬਚਾਓ ਮੰਚ ਨੇ ਉਕਤ ਪੂਰੇ ਮਾਮਲੇ ਨੂੰ ਲੈ ਕੇ ਨੈਸ਼ਨਲ ਅਨੁਸੂਚਿਤ ਜਾਤੀ ਜਨ ਜਾਤੀ ਆਯੋਗ ਦੇ ਰਿਸਰਚ ਅਧਿਕਾਰੀ ਰਾਕੇਸ਼ ਕੁਮਾਰ ਸ਼ਰਮਾ ਚੰਡੀਗੜ੍ਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਿਸਰਚ ਅਧਿਕਾਰੀ ਨੇ ਮੰਚ ਨੂੰ ਵਿਸ਼ਵਾਸ ਦਿਆਇਆ ਕਿ ਕਮੀਸ਼ਨ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੰਚ ਨੇ ਪਿੰਡ ਨਿਵਾਸੀਆਂ ਨੂੰ ਨਾਲ ਲੈ ਕੇ ਐਸ.ਐਸ.ਪੀ ਸੁਸ਼ੀਲ ਕੁਮਾਰ ਨਾਲ ਵੀ ਮੁਲਾਕਾਤ ਕੀਤੀ। ਮੰਚ ਦੇ ਆਗੂਆਂ ਗਿਆਨ ਸਿੰਘ ਪਾਂਧੀ, ਕੁਲਵਿੰਦਰ ਸਿੰਘ ਭੁੱਟੀਵਾਲਾ, ਪਰਮਿੰਦਰ ਸਿੰਘ ਪਾਸ਼ਾ, ਰਾਜੇਸ਼ ਦ੍ਰਾਵੜ ਅਤੇ ਅਸ਼ੋਕ ਮਹਿੰਦਰਾ ਨੇ ਆਖਿਆ ਕਿ ਜੇਕਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮੰਚ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਦਲੀਪ ਸਿੰਘ ਟਿੰਕੂ, ਚੌਧਰੀ ਬਲਬੀਰ ਸਿੰਘ, ਕੁਲਦੀਪ ਸਿੰਘ ਲੱਖੇਵਾਲੀ, ਸੂਬੇਦਾਰ ਜਸਵਿੰਦਰ ਸਿੰਘ, ਮਦਨ ਸਿੰਘ ਆਰੇਵਾਲੇ ਆਦਿ ਪਿੰਡ ਵਾਸੀ ਹਾਜ਼ਰ ਸਨ।
ਮੋਦੀ ਸਰਕਾਰ 'ਚ ਈਮਾਨਦਾਰ ਅਫਸਰਾਂ ਨੂੰ ਨਹੀਂ ਮਿਲ ਰਿਹਾ ਹੈ ਪ੍ਰਮੋਸ਼ਨ: ਸੁਬਰਾਮਣਿਅਮ ਸਵਾਮੀ
NEXT STORY