ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਪਿੰਡ ਭੱਟੀਆਂ ਦੀ ਇਕ ਧਾਗਾ ਫੈਕਟਰੀ ਵਿਚ ਕੰਮ ਕਰਦੇ ਕਾਮਿਆਂ ਨੇ ਮਿੱਲ ਦੇ ਪ੍ਰਬੰਧਕਾਂ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਦੇ ਬਾਵਜੂਦ ਵੀ ਤਨਖਾਹ ਨਹੀਂ ਦਿੱਤੀ ਗਈ ਅਤੇ ਉਹ ਫੈਕਟਰੀ ਦੇ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਟਾਲ-ਮਟੋਲ ਕਰਕੇ ਬਿਨਾਂ ਤਨਖਾਹ ਦੇ ਵਾਪਿਸ ਭੇਜ ਦਿੱਤਾ ਜਾਂਦਾ ਹੈ।
ਧਾਗਾ ਫੈਕਟਰੀ ਵਿਚ ਕੰਮ ਕਰਦੇ ਕਾਮੇ ਆਜ਼ਾਦਵਿੰਦਰ ਸਿੰਘ ਲਾਲੀ, ਹਰਵਿੰਦਰ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ, ਰਵੀ ਕੁਮਾਰ, ਕੁਲਵੀਰ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ਤੇ ਕੁਝ ਮਹੀਨਿਆਂ ਦੌਰਾਨ ਫੈਕਟਰੀ ਪ੍ਰਬੰਧਕ ਉਨ੍ਹਾਂ ਨੂੰ ਓਵਰਟਾਈਮ ਤੋਂ ਵੀ ਜ਼ਿਆਦਾ ਕੰਮ ਕਰਨ ਲਈ ਮਜਬੂਰ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਇਹ ਜ਼ਿਆਦਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਨੌਕਰੀ ਤੋਂ ਹਟਾ ਦਿੱਤਾ।
ਇਨ੍ਹਾਂ ਕਾਮਿਆਂ ਨੇ ਦੱਸਿਆ ਕਿ ਮਿੱਲ ਵੱਲ ਉਨ੍ਹਾਂ ਦੀ ਮਹੀਨੇ ਤੋਂ ਡੇਢ ਮਹੀਨੇ ਦੀ ਤਨਖਾਹ ਬਕਾਇਆ ਹੈ ਅਤੇ ਹੁਣ ਜਦੋਂ ਉਹ ਆਪਣੇ ਖੂਨ-ਪਸੀਨੇ ਦੀ ਕਮਾਈ ਲੈਣ ਲਈ ਫੈਕਟਰੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਨਖਾਹ ਦੇ ਪੈਸੇ ਦੇਣ ਦੀ ਬਜਾਏ ਦੁਰਵਿਵਹਾਰ ਕਰਦਿਆਂ ਧਮਕੀਆਂ ਦੇ ਕੇ ਭਜਾ ਦਿੱਤਾ ਜਾਂਦਾ ਹੈ।
ਕਾਮਿਆਂ ਨੇ ਦੱਸਿਆ ਕਿ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਔਖਾ ਹੋਇਆ ਪਿਆ ਹੈ ਅਤੇ ਜੋ ਰਾਸ਼ਨ ਤੇ ਦੁੱਧ ਵਾਲਿਆਂ ਦੇ ਪੈਸੇ ਦੇਣੇ ਹਨ, ਉਹ ਲੋਕ ਉਨ੍ਹਾਂ ਦੇ ਪਰਿਵਾਰ ਨੂੰ ਬੇਇੱਜ਼ਤ ਕਰਦੇ ਹਨ। ਇਸ ਲਈ ਉਹ ਪ੍ਰਸ਼ਾਸਨ ਤੇ ਲੇਬਰ ਇੰਸਪੈਕਟਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਜੋ ਬਕਾਇਆ ਤਨਖਾਹ ਰਹਿੰਦੀ ਹੈ, ਉਸ ਨੂੰ ਫੈਕਟਰੀ ਪ੍ਰਬੰਧਕਾਂ ਤੋਂ ਦਿਵਾਇਆ ਜਾਵੇ।
ਮਿੱਲ ਦੇ ਪ੍ਰਬੰਧਕਾਂ ਨੇ ਦੋਸ਼ ਨਕਾਰੇ
ਇਸ ਧਾਗਾ ਮਿੱਲ ਦੇ ਲੇਬਰ ਅਫ਼ਸਰ ਰਾਧੇ ਸ਼ਿਆਮ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਿੱਲ ਵਿਚ ਕੰਮ ਕਰਨ ਵਾਲੇ ਇਨ੍ਹਾਂ ਕਾਮਿਆਂ ਦੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਕਰਮਚਾਰੀ ਆਪਣੀ ਇੱਛਾ ਅਨੁਸਾਰ ਫੈਕਟਰੀ 'ਚੋਂ ਹਟੇ ਹਨ ਅਤੇ ਇਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਸਤੀਫ਼ੇ ਲਿਖਤੀ ਰੂਪ ਵਿਚ ਦੇਣ ਅਤੇ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਾਅਦ ਇਨ੍ਹਾਂ ਦੀ ਤਨਖਾਹ ਜਾਰੀ ਕਰ ਦਿੱਤੀ ਜਾਵੇਗੀ।
ਕੀ ਕਹਿਣੈ ਲੇਬਰ ਇੰਸਪੈਕਟਰ ਦਾ
ਇਸ ਸਬੰਧੀ ਜਦੋਂ ਲੇਬਰ ਇੰਸਪੈਕਟਰ ਹਰਪ੍ਰੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਮਿਆਂ ਨੂੰ ਫੈਕਟਰੀ ਤਨਖਾਹ ਨਹੀਂ ਦੇ ਰਹੀ, ਉਹ ਮੈਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਕਰਨ। ਮੈਂ ਉਸ ਆਧਾਰ 'ਤੇ ਮਿੱਲ ਪ੍ਰਬੰਧਕਾਂ ਖਿਲਾਫ਼ ਬਣਦੀ ਕਾਰਵਾਈ ਕਰਾਂਗੀ ਅਤੇ ਇਨ੍ਹਾਂ ਕਾਮਿਆਂ ਦੀ ਬਣਦੀ ਤਨਖਾਹ ਵੀ ਦਿਵਾਈ ਜਾਵੇਗੀ।
ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਖਿਲਾਫ ਮਾਮਲਾ ਦਰਜ
NEXT STORY