ਨਵੀਂ ਦਿੱਲੀ- ਡਿਸਕਸ ਥ੍ਰੋਅਰ ਦੇ ਚੋਟੀ ਐਥਲੀਟ ਵਿਕਾਸ ਗੌੜਾ ਨੇ 15 ਸਾਲ ਤੋਂ ਵੱਧ ਸਮੇਂ ਤਕ ਮੁਕਾਬਲੇਬਾਜ਼ੀ ਪੱਧਰ 'ਤੇ ਖੇਡਣ ਤੋਂ ਬਾਅਦ ਅੱਜ ਸੰਨਿਆਸ ਲੈ ਲਿਆ। ਇਸ ਦੌਰਾਨ ਉਹ ਰਾਸ਼ਟਰਮੰਡਲ ਖੇਡਾਂ ਦੀ ਇਸ ਪ੍ਰਤੀਯੋਗਿਤਾ ਵਿਚ ਤਮਗਾ ਜਿੱਤਣ ਵਾਲਾ ਪਹਿਲਾ ਤੇ ਇਕਲੌਤਾ ਭਾਰਤੀ ਪੁਰਸ਼ ਐਥਲੀਟ ਬਣਿਆ।
ਚਾਰ ਵਾਰ ਦੇ ਓਲੰਪੀਅਨ ਦਾ ਇਹ ਫੈਸਲਾ ਹਾਲਾਂਕਿ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਪਿਛਲੇ ਸਾਲ ਭੁਵਨੇਸ਼ਵਰ ਵਿਚ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਉਸ ਨੇ ਕਿਸੇ ਵੀ ਵੱਡੀ ਕੌਮਾਂਤਰੀ ਪ੍ਰਤੀਯੋਗਿਤਾ ਵਿਚ ਹਿੱਸਾ ਨਹੀਂ ਲਿਆ ਹੈ। ਉਹ 5 ਜੁਲਾਈ ਨੂੰ 35 ਸਾਲ ਦਾ ਹੋ ਜਾਵੇਗਾ। ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਪ. ਆਈ.) ਨੇ ਆਪਣੇ ਟਵਿਟਰ ਪੇਜ 'ਤੇ ਉਸ ਦੇ ਸੰਨਿਆਸ ਦਾ ਐਲਾਨ ਕੀਤਾ। ਵਿਕਾਸ ਨੇ ਏ. ਐੱਫ. ਆਈ. ਨੂੰ ਪੱਤਰ ਲਿਖ ਕੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ। ਮੈਸੂਰ ਵਿਚ ਜਨਮੇ ਵਿਕਾਸ ਦਾ ਪਰਿਵਾਰ ਉਸਦੇ ਛੇ ਸਾਲ ਦੇ ਹੋਣ ਤੋਂ ਪਹਿਲਾਂ ਹੀ ਅਮਰੀਕਾ ਦੇ ਮੈਰੀਲੈਂਡ ਵਿਚ ਜਾ ਵਸਿਆ ਸੀ। ਉਸ ਦੇ ਪਿਤਾ ਵੀ ਸਾਬਕਾ ਐਥਲੀਟ ਰਹਿ ਚੁੱਕੇ ਹਨ ਤੇ 1988 ਓਲੰਪਿਕ ਵਿਚ ਰਾਸ਼ਟਰੀ ਕੋਚ ਸਨ।
ਵਿਕਾਸ ਨੇ 2012 ਵਿਚ 66.28 ਮੀਟਰ ਦੀ ਦੂਰੀ ਨਾਲ ਰਾਸ਼ਟਰੀ ਰਿਕਾਰਡ ਆਪਣੇ ਨਾਂ ਕੀਤਾ ਤੇ ਇਹ ਹੁਣ ਵੀ ਉਸ ਦੇ ਨਾਂ ਹੀ ਹੈ। ਉਸ ਨੇ 2013 ਤੇ 2015 ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਨੇ 2010 ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਏਸ਼ੀਆਈ ਖੇਡਾਂ ਵਿਚ ਉਹ 2010 ਵਿਚ ਕਾਂਸੀ ਤੇ 2014 ਵਿਚ ਚਾਂਦੀ ਤਮਗਾ ਜਿੱਤ ਚੁੱਕਾ ਹੈ।
ਉਸ ਨੇ 2004, 2008, 2012 ਤੇ 2016 ਓਲੰਪਿਕ ਖੇਡਾਂ ਵਿਚ ਹਿੱਸਾ ਲਿਆ। ਉਹ 2012 ਲੰਡਨ ਓਲੰਪਿਕ ਵਿਚ ਹੀ ਫਾਈਨਲ ਦੌਰ ਵਿਚ ਪਹੁੰਚਣ ਵਿਚ ਸਫਲ ਰਿਹਾ ਸੀ।
ਕੇਰਲ 'ਚ ਨਿਪਾਹ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਮੌਤ
NEXT STORY