ਜੋਹਾਨਸਬਰਗ : ਅੰਤਰਰਾਸ਼ਟਰੀ ਕ੍ਰਿਕਟ ਦੇ ਮੈਦਾਨ ਤੋਂ ਇੱਕ ਹੋਰ ਦਿੱਗਜ ਖਿਡਾਰੀ ਦੇ ਸੰਨਿਆਸ ਦੀ ਖਬਰ ਸਾਹਮਣੇ ਆਈ ਹੈ। ਦੱਖਣੀ ਅਫਰੀਕਾ ਦੇ ਸ਼ਾਨਦਾਰ ਬੱਲੇਬਾਜ਼ ਰਾਸੀ ਵੈਨ ਡੇਰ ਡੁਸੇਨ (Rassie van der Dussen) ਨੇ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ-ਚੌੜੀ ਭਾਵੁਕ ਪੋਸਟ ਰਾਹੀਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ।
ਸੋਸ਼ਲ ਮੀਡੀਆ 'ਤੇ ਲਿਖੀ ਭਾਵੁਕ ਚਿੱਠੀ
ਡੁਸੇਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਬਹੁਤ ਮਾਣ ਅਤੇ ਸ਼ੁਕਰਗੁਜ਼ਾਰੀ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਆਪਣੇ ਸੰਨਿਆਸ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ, "ਪ੍ਰੋਟੀਜ਼ (ਦੱਖਣੀ ਅਫਰੀਕਾ) ਦੀ ਜਰਸੀ ਪਹਿਨਣਾ ਇਕ ਅਜਿਹੀ ਪ੍ਰਾਪਤੀ ਹੈ ਜੋ ਸਮਰਪਣ ਦੀ ਮੰਗ ਕਰਦੀ ਹੈ। ਇਹ ਤੁਹਾਡੀ ਪ੍ਰੀਖਿਆ ਵੀ ਲੈਂਦੀ ਹੈ ਅਤੇ ਤੁਹਾਨੂੰ ਅਦੁੱਤੀ ਤਰੀਕੇ ਨਾਲ ਇਨਾਮ ਵੀ ਦਿੰਦੀ ਹੈ।" ਉਨ੍ਹਾਂ ਨੇ ਆਪਣੇ ਦੇਸ਼ ਲਈ ਖੇਡਣ ਨੂੰ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਦੱਸਿਆ ਅਤੇ ਇਸ ਸਫ਼ਰ ਦੌਰਾਨ ਆਪਣੇ ਭਰਾਵਾਂ, ਪਰਿਵਾਰ ਅਤੇ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਵਨਡੇ ਕ੍ਰਿਕਟ ਦੇ ਰਹੇ ਹਨ ਧਾਕੜ ਖਿਡਾਰੀ
ਰਾਸੀ ਵੈਨ ਡੇਰ ਡੁਸੇਨ ਵਨਡੇ ਕ੍ਰਿਕਟ ਦੇ ਬਿਹਤਰੀਨ ਖਿਡਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਇੱਕ ਸਮੇਂ ਉਨ੍ਹਾਂ ਦੀ ਬੱਲੇਬਾਜ਼ੀ ਔਸਤ 60 ਦੇ ਕਰੀਬ ਸੀ, ਜੋ ਕਿ ਵਿਸ਼ਵ ਕ੍ਰਿਕਟ ਵਿੱਚ ਬਹੁਤ ਘੱਟ ਖਿਡਾਰੀਆਂ ਦੀ ਹੁੰਦੀ ਹੈ। ਸੰਨਿਆਸ ਦੇ ਸਮੇਂ ਵੀ ਉਨ੍ਹਾਂ ਦੀ ਔਸਤ 50 ਦੇ ਆਸ-ਪਾਸ ਰਹੀ।
ਦੇਰੀ ਨਾਲ ਸ਼ੁਰੂਆਤ, ਪਰ ਜਲਦੀ ਬਣਾਈ ਪਛਾਣ
ਉਨ੍ਹਾਂ ਨੇ 29 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਪਰ ਆਪਣੀ ਕਾਬਲੀਅਤ ਦੇ ਦਮ 'ਤੇ ਉਹ ਜਲਦੀ ਹੀ ਟੀਮ ਦੇ ਪੱਕੇ ਮੈਂਬਰ ਬਣ ਗਏ।
2023 ਵਿਸ਼ਵ ਕੱਪ ਦੇ ਹੀਰੋ
ਸਾਲ 2023 ਦੇ ਵਨਡੇ ਵਿਸ਼ਵ ਕੱਪ ਵਿੱਚ ਡੁਸੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੈਂਕੜੇ ਵਾਲੀਆਂ ਯਾਦਗਾਰ ਪਾਰੀਆਂ ਖੇਡੀਆਂ ਸਨ, ਜਿਸ ਸਦਕਾ ਦੱਖਣੀ ਅਫਰੀਕਾ ਦੀ ਟੀਮ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਵਿੱਚ ਸਫਲ ਰਹੀ ਸੀ।
T20 ਲੀਗਾਂ ਅਤੇ IPL ਵਿੱਚ ਵੀ ਚਮਕੇ
ਭਾਵੇਂ ਡੁਸੇਨ T20 ਅੰਤਰਰਾਸ਼ਟਰੀ ਵਿੱਚ ਓਨੀ ਵੱਡੀ ਧਾਕ ਨਹੀਂ ਜਮਾ ਸਕੇ, ਪਰ ਉਹ ਵਿਸ਼ਵ ਭਰ ਦੀਆਂ ਟੀ-20 ਲੀਗਾਂ ਦਾ ਅਹਿਮ ਹਿੱਸਾ ਰਹੇ ਹਨ। ਉਹ ਆਈਸੀਸੀ ਟੀ-20 ਰੈਂਕਿੰਗ ਵਿੱਚ ਟਾਪ-10 ਵਿੱਚ ਵੀ ਰਹਿ ਚੁੱਕੇ ਹਨ। ਆਈਪੀਐਲ (IPL) ਵਿੱਚ ਉਹ ਰਾਜਸਥਾਨ ਰਾਇਲਜ਼ ਦੀ ਟੀਮ ਦਾ ਹਿੱਸਾ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦੀਆਂ ਟੀ-20 ਲੀਗਾਂ ਵਿੱਚ ਖੇਡਣਾ ਜਾਰੀ ਰੱਖਦੇ ਹਨ ਜਾਂ ਨਹੀਂ।
ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ ਅਦਾਕਾਰਾ ਹੋਈ ਗ੍ਰਿਫ਼ਤਾਰ
NEXT STORY