ਅੌਡ਼ (ਛਿੰਜੀ) - ਪੰਜਾਬ ਸਰਕਾਰ ਵੱਲੋਂ ਸੂਬੇ ’ਚ ਲੋਕਾਂ ਦੀ ਸਹੁੂਲਤ ਨੂੰ ਮੁੱਖ ਰੱਖਦਿਆਂ ਬਣਾਏ ਜਾ ਰਹੇ ਨਵੇਂ ਥਾਣਿਆਂ ਦੀ ਸੂਚੀ ’ਚ ਜਦੋਂ ਦਾ ਅੌਡ਼ ਪੁਲਸ ਚੌਕੀ ਨੂੰ ਥਾਣੇ ’ਚ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਉਦੋਂ ਦੀ ਪੁਲਸ ਦੇ ਉਚ-ਅਫ਼ਸਰਾਂ ਵੱਲੋਂ ਥਾਣੇ ਦੀ ਇਮਾਰਤ ਬਣਾਉਣ ਲਈ ਢੁੱਕਵੀਂ ਜਗ੍ਹਾ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਉੱਚ ਅਧਿਕਾਰੀਆਂ ਦੀ ਅੱਖ ਅੌਡ਼ ਦੇ ਦੁਸਹਿਰਾ ਗਰਾਊਂਡ ’ਤੇ ਹੋਣ ਕਰ ਕੇ ਇਸ ਮਾਮਲੇ ਨੇ ਤੂਲ ਫਡ਼ਨਾ ਸ਼ੁਰੂ ਕਰ ਦਿੱਤਾ ਹੈ ਤੇ ਦੁਸਹਿਰਾ ਗਰਾਊਂਡ ’ਚ ਥਾਣੇ ਦੀ ਇਮਾਰਤ ਬਣਾਉਣ ਦੇ ਵਿਰੋਧ ’ਚ ਅੌਡ਼ ਤੇ ਗਡ਼ੁੱਪਡ਼ ਪਿੰਡਾਂ ਦੇ ਭਾਰੀ ਗਿਣਤੀ ’ਚ ਪਤਵੰਤਿਆਂ ਵੱਲੋਂ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਦੋਵਾਂ ਪਿੰਡਾਂ ਦੇ ਪਤਵੰਤਿਆਂ ਨੇ ਕਿਹਾ ਕਿ ਦੁਸਹਿਰਾ ਗਰਾਊਂਡ ਅਜਿਹਾ ਸਥਾਨ ਹੈ, ਜਿਥੇ ਵੱਖ-ਵੱਖ ਟੂਰਨਾਮੈਂਟ, ਛਿੰਞ ਮੇਲੇ ਤੇ ਵੱਡੇ ਪੱਧਰ ’ਤੇ ਦੁਸਹਿਰਾ ਮੇਲਾ ਸਮੁੱਚੇ ਇਲਾਕੇ ਦੇ ਸਾਰੇ ਧਰਮਾਂ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਜਾਂਦਾ ਹੈ ਤੇ ਸੈਂਕਡ਼ੇ ਸਾਲਾਂ ਤੋਂ ਇਹ ਸਥਾਨ ਕਾਗਜ਼ਾਂ ਵਿਚ ਵੀ ਦੁਸਹਿਰਾ ਗਰਾਊਂਡ ਵਜੋਂ ਹੀ ਬੋਲਦਾ ਹੈ। ਉਨ੍ਹਾਂ ਦੱਸਿਆ ਕਿ ਥਾਣੇ ਲਈ ਪਿੰਡ ਦੇ ਤਲਾਬ ਨਜ਼ਦੀਕ 4 ਕਨਾਲ ਜਗ੍ਹਾ ਵੀ ਅੌਡ਼ ਪੰਚਾਇਤ ਵੱਲੋਂ ਥਾਣੇ ਦੇ ਨਾਂ ਕਰਵਾ ਦਿੱਤੀ ਗਈ ਹੈ ਤੇ ਜੇਕਰ ਉੱਚ ਅਧਿਕਾਰੀ ਚਾਹੁਣ ਤਾਂ ਕੈਨੇਡੀਅਨ ਹਸਪਤਾਲ ਨੇਡ਼ੇ ਵੀ ਥਾਣੇ ਲਈ ਜਗ੍ਹਾ ਦਿੱਤੀ ਜਾ ਸਕਦੀ ਹੈ ਪਰ ਦੁਸਹਿਰਾ ਗਰਾਊਂਡ ’ਚ ਥਾਣਾ ਬਣਾਉਣ ਲਈ ਹਰਗਿਜ਼ ਵੀ ਜਗ੍ਹਾ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਨੇ ਕਿਹਾ ਕਿ ਜਦੋਂ ਪਿੰਡਾਂ ਦੇ ਪਤਵੰਤੇ ਥਾਣੇ ਲਈ ਜਗ੍ਹਾ ਦੇਣ ਲਈ ਰਾਜ਼ੀ ਹਨ ਤਾਂ ਦੁਸਹਿਰਾ ਗਰਾਊਂਡ ਨੂੰ ਹੀ ਕਿਉਂ ਚੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਨਾਲ ਹਨ ਤੇ ਜੇਕਰ ਦੁਸਹਿਰਾ ਗਰਾਊਂਡ ’ਚ ਥਾਣਾ ਬਣਾਉਣ ਲਈ ਜ਼ਬਰਦਸਤੀ ਕੀਤੀ ਗਈ ਤਾਂ ਛਿਡ਼ੇ ਸੰਘਰਸ਼ ਲਈ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਸਬੰਧੀ ਡੀ. ਐੱਸ. ਪੀ. ਮੁਖਤਿਆਰ ਰਾਏ ਨਵਾਂਸ਼ਹਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਥਾਣੇ ਲਈ ਪੰਚਾਇਤ ਵੱਲੋਂ ਦਿੱਤੀ ਗਈ ਜਗ੍ਹਾ ਢੁੱਕਵੀਂ ਨਹੀਂ ਹੈ ਤੇ ਜੇਕਰ ਮੇਨ ਰੋਡ ’ਤੇ ਕੈਨੇਡੀਅਨ ਹਸਪਤਾਲ ਕੋਲ ਥਾਣੇ ਲਈ ਜਗ੍ਹਾ ਮਿਲਦੀ ਹੈ ਤਾਂ ਕੋਈ ਇਤਰਾਜ਼ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਸੇਵਾ ਲਈ ਹੀ ਇਹ ਕੰਮ ਕਰ ਰਹੀ ਹੈ, ਜਿਸ ਲਈ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਸਰਪੰਚ ਜੀਵਨ ਕੁਮਾਰ, ਦੁਸਹਿਰਾ ਕਮੇਟੀ ਪ੍ਰਧਾਨ ਕਮਲਜੀਤ ਰਾਣਾ, ਸਾਬਕਾ ਸਰਪੰਚ ਅਸ਼ੋਕ ਕੁਮਾਰ ਸੋਖੀ, ਸੈਕਟਰੀ ਵਿਪਨ ਭਨੋਟ, ਮਨਦੀਪ ਦੁੱਗਲ, ਰਮਾਨੰਦ ਭਨੋਟ, ਡਾ. ਰਕੇਸ਼, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਰਾਵਲ, ਮਾ. ਸੋਹਣ ਲਾਲ, ਸ਼ਿਵ ਕੁਮਾਰ, ਅਮਿਤ ਦੁੱਗਲ, ਸੁਰਿੰਦਰ ਸ਼ਰਮਾ, ਹਰੀਸ਼ ਰਾਣਾ, ਦਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਗੁਰਮੀਤ ਚੰਦ, ਰਜੀਵ ਪਠਾਨੀਆ, ਰਤੀ ਰਾਮ, ਸਰਵਣ ਦਾਸ, ਗੰਗਾ ਰਾਮ ਆਦਿ ਨੇ ਮੰਗ ਕੀਤੀ ਕਿ ਦੋਵਾਂ ਪਿੰਡਾਂ ਦੀ ਮਨਜ਼ੂਰੀ ਨਾਲ ਹੀ ਥਾਣੇ ਦੀ ਇਮਾਰਤ ਉਸਾਰੀ ਜਾਵੇ।
780 ਬੋਤਲਾਂ ਸ਼ਰਾਬ ਸਮੇਤ ਕਾਬੂ
NEXT STORY