ਸੰਗਰੂਰ, (ਬੇਦੀ, ਹਰਜਿੰਦਰ)—ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਆਪਣੇ ਮਰਹੂਮ ਪਿਤਾ ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਨੂੰ ਸਮਰਪਿਤ ਇਕ ਨਿਵੇਕਲੀ ਪਹਿਲ ਕਰਦੇ ਹੋਏ ਆਪਣੇ ਹਲਕੇ ਦੇ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਚਲਦਾ-ਫਿਰਦਾ ਹਸਪਤਾਲ ਮੁਹੱਈਆ ਕੀਤਾ ਹੈ। ਦੰਦਾਂ ਅਤੇ ਹੋਰ ਬੀਮਾਰੀਆਂ ਦੇ ਮੁਫ਼ਤ ਚੈੱਕਅਪ ਅਤੇ ਮੁੱਢਲੇ ਇਲਾਜ ਲਈ ਅਮਨ ਅਰੋੜਾ ਨੇ ਇਕ ਵੱਡੀ ਬੱਸ 'ਤੇ ਡੈਂਟਲ ਚੇਅਰਾਂ ਤੋਂ ਲੈ ਕੇ ਹੋਰ ਜ਼ਰੂਰੀ ਸਾਜੋ ਸਮਾਨ ਫਿੱਟ ਕਰਵਾ ਕੇ ਇਸ ਮੋਬਾਈਲ ਡੈਂਟਲ ਐਂਡ ਮੈਡੀਕਲ ਕਲੀਨਿਕ ਨੂੰ ਬਣਾਇਆ। ਲੱਖਾਂ ਰੁਪਏ ਦੀ ਲਾਗਤ ਅਤੇ ਕਈ ਮਹੀਨਿਆਂ ਦੀ ਮਿਹਨਤ ਉਪਰੰਤ ਤਿਆਰ ਹੋਈ ਇਸ ਮੋਬਾਈਲ ਕਲੀਨਿਕ ਨੂੰ ਅੱਜ ਨੇੜਲੇ ਬਡਰੁੱਖਾ ਪਿੰਡ 'ਚ ਹਲਕੇ ਦੇ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਲਈ ਰਸਮੀ ਤੌਰ 'ਤੇ ਸਮਰਪਿਤ ਕਰ ਦਿੱਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਦੱਸਿਆ ਕਿ ਇਸ ਚਲਦੇ-ਫਿਰਦੇ ਕਲੀਨਿਕ ਨੂੰ ਹਾਈਟੈੱਕ ਡਾਕਟਰੀ ਸਾਜੋ-ਸਮਾਨ ਨਾਲ ਲੈਸ ਕੀਤਾ ਗਿਆ ਹੈ। ਭਗਵਾਨ ਦਾਸ ਅਰੋੜਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਗਏ ਇਸ ਕਲੀਨਿਕ 'ਚ ਐਮ.ਡੀ.ਐਸ. ਬੀ.ਡੀ.ਐੱਸ ਅਤੇ ਐੱਮ.ਬੀ.ਬੀ.ਐੱਸ. ਡਾਕਟਰਾਂ ਅਤੇ ਹੋਰ ਸਹਾਇਕ ਸਟਾਫ਼ ਇਸ ਮੋਬਾਈਲ ਕਲੀਨਿਕ 'ਤੇ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਸਾਰੇ ਲੈਬਾਰਟਰੀ ਟੈੱਸਟ ਅਤੇ ਜ਼ਰੂਰੀ ਦਵਾਈਆਂ ਦੀ ਮੁਫ਼ਤ ਸਹੂਲਤਾਂ ਵੀ ਇਸ ਮੋਬਾਈਲ ਵੈਨ ਵੱਲੋਂ ਦਿੱਤੀ ਜਾਵੇਗੀ। ਪੂਰੀ ਤਰਾਂ ਏਅਰ ਕੰਡੀਸ਼ਨ ਇਸ ਮੋਬਾਈਲ ਕਲੀਨਿਕ 'ਤੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨ ਲਈ ਐੱਲ.ਈ.ਡੀ ਟੀ.ਵੀ ਸਕਰੀਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਅਮਨ ਅਰੋੜਾ ਨੇ ਦੱਸਿਆ ਕਿ ਇਹ ਮੋਬਾਈਲ ਸੁਨਾਮ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਮੁਹੱਲਿਆਂ 'ਚ ਸਰਕਾਰੀ ਸਿਹਤ ਸੇਵਾਵਾਂ ਦੀ ਘਾਟ ਨੂੰ ਪੂਰਾ ਕਰੇਗੀ। ਇਸ ਤੋਂ ਇਲਾਵਾ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਚਲਾਏ ਜਾਂਦੇ ਸੇਵਾ ਕੇਂਦਰ ਦਾ ਸਟਾਫ ਵੀ ਇਸ ਬੱਸ 'ਚ ਜਾਵੇਗਾ ਤਾਂ ਕਿ ਜ਼ਰੂਰਤਮੰਦਾਂ ਦੀਆਂ ਪੈਨਸ਼ਨਾਂ ਆਦਿ ਦੇ ਕੰਮ ਵੀ ਉਨ੍ਹਾਂ ਦੇ ਪਿੰਡ 'ਚ ਹੀ ਮੁਹਈਆ ਕਰਵਾਏ ਜਾ ਸਕਣ।
ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਸੂਬੇ ਦੇ ਲੋਕਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈਆਂ ਹਨ। ਪੇਂਡੂ ਖੇਤਰਾਂ ਦਾ ਗ਼ਰੀਬ ਅਤੇ ਆਮ ਆਦਮੀ ਸਿਹਤ ਸੇਵਾਵਾਂ ਪੱਖੋਂ ਪੂਰੀ ਤਰ੍ਹਾਂ ਅਣਗੌਲਿਆ ਹੋਇਆ ਹੈ। ਅਰੋੜਾ ਨੇ ਕਿਹਾ ਕਿ ਇਹ ਚਲਦਾ-ਫਿਰਦਾ ਕਲੀਨਿਕ ਅਜਿਹੇ ਹਰੇਕ ਜ਼ਰੂਰਤਮੰਦ ਨੂੰ ਇਲਾਜ ਪ੍ਰਦਾਨ ਕਰੇਗਾ।
ਅਮਨ ਅਰੋੜਾ ਨੇ ਕਿਹਾ ਕਿ ਸਿਹਤ, ਸਿੱਖਿਆ ਅਤੇ ਪੀਣ ਵਾਲਾ ਪਾਣੀ ਤੇ ਸੀਵਰੇਜ ਆਮ ਆਦਮੀ ਪਾਰਟੀ ਲਈ ਪਹਿਲ ਵਾਲੇ ਖੇਤਰ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਰਕਾਰੀ ਸਕੂਲਾਂ ਅਤੇ ਸਿਹਤ ਸੇਵਾਵਾਂ ਦੇਣ 'ਤੇ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਅਮਨ ਅਰੋੜਾ ਅਨੁਸਾਰ ਇਹ ਮੋਬਾਈਲ ਕਲੀਨਿਕ, ਦਿੱਲੀ ਸਰਕਾਰ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ 'ਤੇ ਸੇਵਾਵਾਂ ਪ੍ਰਦਾਨ ਕਰੇਗਾ।
ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਇਕ ਦੀ ਮੌਤ
NEXT STORY