ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)—ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਨੇ ਅੱਜ ਇੱਥੇ ਪ੍ਰੈਸ ਬਿਆਨ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸਜਣ ਵਾਲੇ ਢਾਡੀ ਦਰਬਾਰ ਨੂੰ ਬੰਦ ਕਰਨ ਦੀ ਤਿੱਖੇ ਸ਼ਬਦਾਂ 'ਚ ਅਲੋਚਨਾ ਕਰਦਿਆਂ ਕਿਹਾ ਕਿ ਗੁਰੂ ਸਹਿਬਾਨਾਂ ਵੱਲੋਂ ਚਲਾਈ ਪੁਰਾਤਨ ਪੰਥਕ ਮਰਿਯਾਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਈ ਸੋਹਲ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋੜਾਂ ਰੁਪਏ ਦਾ ਬਜਟ ਸਲਾਨਾ ਖਰਚ 'ਚ ਦਰਸਾਇਆ ਜਾਂਦਾ ਹੈ। ਜਦ ਕਿ ਇਸ ਦੇ ਉਲਟ ਛੇਵੇਂ ਪਾਤਿਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਢਾਡੀ ਦਰਬਾਰ ਲਾਉਣ ਦੀ ਚਲਾਈ ਪੰਥਕ ਰਵਾਇਤ ਜਿਸ ਤੋਂ ਸਿੱਖ ਸੰਗਤਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਨੂੰ ਸ਼੍ਰੋਮਣੀ ਕਮੇਟੀ ਅਤੇ ਇਸ ਦੁਆਰਾ ਥਾਪੇ ਜਥੇਦਾਰਾਂ ਦੇ ਆਦੇਸ਼ਾਂ 'ਤੇ ਬੰਦ ਕਰਕੇ ਪੰਥਕ ਰਵਾਇਤਾਂ ਦਾ ਘਾਣ ਕਰਨ ਦੇ ਨਾਲ ਸਿੱਖ ਕੌਮ ਨੂੰ ਸਿਧਾਂਤਾਂ ਨਾਲੋਂ ਤੋੜਣ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਹੈ। ਭਾਈ ਸੋਹਲ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਸ਼੍ਰੋਮਣੀ ਕਮੇਟੀ ਦੇ ਲਏ ਉਕਤ ਫੈਸਲੇ ਦਾ ਡੱਟਵਾਂ ਵਿਰੋਧ ਕਰਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਮੰਗ ਵੀ ਕਰਦੀ ਹੈ ਕਿ ਗੁਰੂ ਸਾਹਿਬਨਾਂ ਦੀਆਂ ਪੁਰਾਤਨ ਰਵਾਇਤਾਂ ਤੋਂ ਕੌਮ ਨੂੰ ਵਾਂਝੇ ਨਾ ਕੀਤਾ ਜਾਵੇ, ਤਾਂ ਜੋ ਇਤਿਹਾਸ ਦੇ ਪੰਨਿਆਂ 'ਚ ਸ਼੍ਰੋਮਣੀ ਕਮੇਟੀ ਵੱਲੋਂ ਕੌਮ ਦੇ ਜਜ਼ਬਾਤਾਂ ਨਾਲ ਕੀਤੇ ਜਾ ਰਹੇ ਇਨ੍ਹਾਂ ਘਾਣਾ ਦਾ ਨਵਾਂ ਅਧਿਆਏ ਨਾ ਲਿਖਿਆ ਜਾਵੇ। ਭਾਈ ਸੋਹਲ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਸਿੱਖ ਆਗੂਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਆਰੰਭ ਕਰਦਿਆਂ ਰੋਸ ਪ੍ਰਦਰਸ਼ਨ 'ਤੇ ਬੈਠਣ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਭਾਈ ਸਰੂਪ ਸਿੰਘ ਭੁੱਚਰ, ਭਾਈ ਸੁਖਰਾਜ ਸਿੰਘ, ਭਾਈ ਸੁਖਜਿੰਦਰ ਸਿੰਘ ਕਿੰਗ, ਭਾਈ ਅਮਰੀਕ ਸਿੰਘ, ਭਾਈ ਸਤਨਾਮ ਸਿੰਘ ਸੋਹਲ, ਭਾਈ ਗੁਰਸੇਵਕ ਸਿੰਘ ਪੱਧਰੀ 'ਤੇ ਹੋਰ ਆਗੂ ਹਾਜ਼ਰ ਸਨ।
ਡੀਜ਼ਲ ਦੀ ਹੋਮ ਡਿਲਿਵਰੀ, ਕਿਸ ਨੂੰ ਅਤੇ ਕਿਸ ਤਰ੍ਹਾਂ ਮਿਲੇਗੀ ਸੁਵੀਧਾ
NEXT STORY