ਵੈੱਬ ਡੈਸਕ - ਸ਼ਾਮ ਦੇ ਸਮੇਂ ਜਦੋਂ ਹਲਕੀ-ਫੁਲਕੀ ਭੁੱਖ ਲੱਗਦੀ ਹੈ, ਤਾਂ ਸਭ ਤੋਂ ਪਹਿਲਾਂ ਚਟਪਟੀ ਭੇਲਪੁੜੀ ਦਾ ਖ਼ਿਆਲ ਆਉਂਦਾ ਹੈ। ਅਕਸਰ ਅਸੀਂ ਬਾਜ਼ਾਰ ਜਾ ਕੇ ਰੇਹੜੀ ਵਾਲੇ ਤੋਂ ਭੇਲਪੁੜੀ ਖਾਣਾ ਪਸੰਦ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਘਰ 'ਚ ਮੌਜੂਦ ਕੁਝ ਸਧਾਰਨ ਚੀਜ਼ਾਂ ਨਾਲ ਤੁਸੀਂ ਬਾਜ਼ਾਰ ਨਾਲੋਂ ਵੀ ਜ਼ਿਆਦਾ ਸਾਫ਼-ਸੁਥਰੀ ਅਤੇ ਸੁਆਦੀ ਭੇਲਪੁੜੀ ਤਿਆਰ ਕਰ ਸਕਦੇ ਹੋ? ਅੱਜ ਅਸੀਂ ਤੁਹਾਨੂੰ ਦੱਸਾਂਗੇ ਭੇਲਪੁੜੀ ਬਣਾਉਣ ਦਾ ਉਹ ਸਭ ਤੋਂ ਆਸਾਨ ਤਰੀਕਾ, ਜਿਸ ਨੂੰ ਬੱਚੇ ਅਤੇ ਵੱਡੇ ਸਭ ਉਂਗਲੀਆਂ ਚੱਟਦੇ ਰਹਿ ਜਾਣਗੇ।
ਸਮੱਗਰੀ :-
ਮੁਰਮੁਰੇ - 2-3 ਕੱਪ
ਬਾਰੀਕ ਕੱਟਿਆ ਪਿਆਜ਼ ਤੇ ਟਮਾਟਰ - 1/2 ਕੱਪ
ਉਬਲੇ ਹੋਏ ਆਲੂ - 1 (ਬਾਰੀਕ ਕੱਟਿਆ ਹੋਇਆ)
ਮੂੰਗਫਲੀ (ਭੁੰਨੀ ਹੋਈ) - 2 ਚਮਚ
ਹਰੀ ਚਟਨੀ ਤੇ ਇਮਲੀ ਦੀ ਖੱਟੀ-ਮਿੱਠੀ ਚਟਨੀ - ਸੁਆਦ ਅਨੁਸਾਰ
ਸੇਵ (ਬਾਰੀਕ ਭੁਜੀਆ) - ਸਜਾਉਣ ਲਈ
ਨਿੰਬੂ ਦਾ ਰਸ ਤੇ ਹਰਾ ਧਨੀਆ
ਮਸਾਲੇ - ਨਮਕ, ਲਾਲ ਮਿਰਚ ਅਤੇ ਚਾਟ ਮਸਾਲਾ
ਬਣਾਉਣ ਦਾ ਤਰੀਕਾ :-
- ਸਭ ਤੋਂ ਪਹਿਲਾਂ ਮੁਰਮੁਰਿਆਂ ਨੂੰ ਇੱਕ ਕੜਾਹੀ ਵਿੱਚ 1-2 ਮਿੰਟ ਲਈ ਹਲਕਾ ਗਰਮ ਕਰ ਲਓ ਤਾਂ ਜੋ ਉਹ ਕੁਰਕੁਰੇ ਹੋ ਜਾਣ।
- ਹੁਣ ਇੱਕ ਵੱਡੇ ਬਰਤਨ ਵਿੱਚ ਮੁਰਮੁਰੇ ਪਾਓ ਅਤੇ ਉਸ ਵਿੱਚ ਕੱਟੇ ਹੋਏ ਪਿਆਜ਼, ਟਮਾਟਰ, ਆਲੂ ਅਤੇ ਭੁੰਨੀ ਹੋਈ ਮੂੰਗਫਲੀ ਮਿਲਾ ਦਿਓ।
- ਇਸ ਵਿੱਚ ਹਰੀ ਚਟਨੀ ਅਤੇ ਇਮਲੀ ਦੀ ਚਟਨੀ ਪਾਓ। ਉੱਪਰੋਂ ਨਮਕ, ਲਾਲ ਮਿਰਚ ਅਤੇ ਚਾਟ ਮਸਾਲਾ ਛਿੜਕੋ।
- ਅਖੀਰ ਵਿੱਚ ਨਿੰਬੂ ਦਾ ਰਸ ਨਿਚੋੜੋ ਅਤੇ ਖੂਬ ਸਾਰਾ ਹਰਾ ਧਨੀਆ ਤੇ ਬਾਰੀਕ ਸੇਵ (ਭੁਜੀਆ) ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
ਸਰਵਿੰਗ ਟਿਪ
- ਭੇਲਪੁੜੀ ਨੂੰ ਬਣਾਉਣ ਤੋਂ ਤੁਰੰਤ ਬਾਅਦ ਹੀ ਖਾਓ, ਨਹੀਂ ਤਾਂ ਮੁਰਮੁਰੇ ਨਰਮ ਹੋ ਜਾਣਗੇ ਅਤੇ ਉਹ ਕੁਰਕੁਰਾ ਸੁਆਦ ਨਹੀਂ ਆਵੇਗਾ।
Beauty Tips: ਰਸੋਈ 'ਚ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਚੀਜ਼ਾਂ ਨਾਲ ਕਰੋ 'ਕੁਦਰਤੀ ਹੇਅਰ ਸਪਾ'
NEXT STORY