ਵੈੱਬ ਡੈਸਕ - ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰਾਂ 'ਚ ਹਰੇ-ਭਰੇ ਕੱਚੇ ਅੰਬ (ਅੰਬੀਆਂ) ਦਿਖਾਈ ਦੇਣ ਲੱਗ ਪੈਂਦੇ ਹਨ। ਇਸ ਮੌਸਮ 'ਚ ਜੇਕਰ ਦਾਲ-ਰੋਟੀ ਜਾਂ ਪਰੌਂਠੇ ਦੇ ਨਾਲ ਤਾਜ਼ੀ ਬਣੀ ਕੱਚੇ ਅੰਬ ਦੀ ਖੱਟੀ-ਮਿੱਠੀ ਚਟਣੀ ਮਿਲ ਜਾਵੇ, ਤਾਂ ਖਾਣੇ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਇਹ ਚਟਣੀ ਨਾ ਸਿਰਫ਼ ਮੂੰਹ ਦਾ ਸੁਆਦ ਬਦਲਦੀ ਹੈ, ਸਗੋਂ ਗਰਮੀਆਂ 'ਚ ਲੂ (ਗਰਮ ਹਵਾ) ਤੋਂ ਬਚਾਉਣ ਅਤੇ ਹਾਜ਼ਮੇ ਨੂੰ ਦਰੁਸਤ ਰੱਖਣ 'ਚ ਵੀ ਬਹੁਤ ਮਦਦਗਾਰ ਹੁੰਦੀ ਹੈ।
ਜੇਕਰ ਤੁਸੀਂ ਵੀ ਬਿਲਕੁਲ ਪੇਂਡੂ ਸਟਾਈਲ ਅਤੇ ਮਸਾਲੇਦਾਰ ਚਟਣੀ ਬਣਾਉਣਾ ਚਾਹੁੰਦੇ ਹੋ, ਤਾਂ ਨੋਟ ਕਰੋ ਦਾਦੀ-ਨਾਨੀ ਦੇ ਜ਼ਮਾਨੇ ਦਾ ਇਹ ਸਭ ਤੋਂ ਸਹੀ ਅਤੇ ਸੌਖਾ ਤਰੀਕਾ :-
ਚਟਣੀ ਬਣਾਉਣ ਲਈ ਜ਼ਰੂਰੀ ਸਮੱਗਰੀ :-
ਕੱਚੇ ਅੰਬ (ਅੰਬੀਆਂ) - 2 ਮੀਡੀਅਮ ਸਾਈਜ਼ (ਛਿੱਲ ਕੇ ਟੁਕੜੇ ਕੀਤੇ ਹੋਏ)
ਤਾਜ਼ਾ ਪੁਦੀਨਾ - 1 ਕੱਪ (ਧੋਤਾ ਹੋਇਆ)
ਪਿਆਜ਼ - 1 ਛੋਟਾ (ਬਾਰੀਕ ਕੱਟਿਆ ਹੋਇਆ)
ਹਰੀਆਂ ਮਿਰਚਾਂ - 3 ਤੋਂ 4 (ਸਵਾਦ ਅਨੁਸਾਰ)
ਖੰਡ ਜਾਂ ਗੁੜ - 2 ਚੱਮਚ (ਖੱਟੇ-ਮਿੱਠੇ ਸਵਾਦ ਲਈ)
ਜੀਰਾ - 1 ਚੱਮਚ (ਭੁੰਨਿਆ ਹੋਇਆ)
ਲੂਣ (ਨਮਕ) - ਸਵਾਦ ਅਨੁਸਾਰ (ਚਿੱਟਾ ਅਤੇ ਕਾਲਾ ਲੂਣ ਮਿਕਸ)
ਚਟਣੀ ਬਣਾਉਣ ਦਾ ਸਹੀ ਤਰੀਕਾ :-
- ਸਭ ਤੋਂ ਪਹਿਲਾਂ ਕੱਚੇ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ ਅਤੇ ਉਨ੍ਹਾਂ ਦੇ ਛੋਟੇ-ਛੋਟੇ ਟੁਕੜੇ ਕਰਕੇ ਗੁਠਲੀ ਵੱਖ ਕਰ ਦਿਓ।
- ਹੁਣ ਮਿਕਸੀ ਦੇ ਜਾਰ ਵਿੱਚ (ਜਾਂ ਜੇਕਰ ਕੁੰਡੀ-ਘੋਟੇ ਦੀ ਵਰਤੋਂ ਕਰੋ ਤਾਂ ਸਭ ਤੋਂ ਬੈਸਟ) ਕੱਚੇ ਅੰਬ ਦੇ ਟੁਕੜੇ, ਤਾਜ਼ਾ ਪੁਦੀਨਾ, ਹਰੀਆਂ ਮਿਰਚਾਂ ਅਤੇ ਕੱਟਿਆ ਹੋਇਆ ਪਿਆਜ਼ ਪਾਓ।
- ਇਸ ਦੇ ਨਾਲ ਹੀ ਭੁੰਨਿਆ ਹੋਇਆ ਜੀਰਾ, ਸਵਾਦ ਅਨੁਸਾਰ ਚਿੱਟਾ ਤੇ ਕਾਲਾ ਲੂਣ ਅਤੇ ਖੱਟੇਪਨ ਨੂੰ ਬੈਲੈਂਸ ਕਰਨ ਲਈ 2 ਚੱਮਚ ਖੰਡ ਜਾਂ ਗੁੜ ਪਾਓ।
- ਇਸ ਵਿੱਚ ਬਿਲਕੁਲ ਥੋੜ੍ਹਾ ਜਿਹਾ (1-2 ਚੱਮਚ) ਪਾਣੀ ਪਾ ਕੇ ਇਸ ਨੂੰ ਹਲਕਾ ਦਰਦਰਾ (ਥੋੜ੍ਹਾ ਮੋਟਾ) ਪੀਸ ਲਓ। ਯਾਦ ਰਹੇ, ਚਟਣੀ ਬਹੁਤ ਜ਼ਿਆਦਾ ਬਾਰੀਕ ਪੇਸਟ ਵਾਂਗ ਨਹੀਂ ਹੋਣੀ ਚਾਹੀਦੀ, ਦਰਦਰੀ ਚਟਣੀ ਦਾ ਸਵਾਦ ਜ਼ਿਆਦਾ ਵਧੀਆ ਆਉਂਦਾ ਹੈ।
- ਤੁਹਾਡੀ ਕੱਚੇ ਅੰਬ ਦੀ ਲਾਜਵਾਬ ਚਟਣੀ ਤਿਆਰ ਹੈ! ਇਸ ਨੂੰ ਇੱਕ ਕੱਚ ਦੇ ਬਾਊਲ ਵਿੱਚ ਕੱਢੋ ਅਤੇ ਦੁਪਹਿਰ ਦੇ ਖਾਣੇ ਵਿੱਚ ਪਰੌਂਠੇ, ਦਾਲ-ਚਾਵਲ ਜਾਂ ਰੋਟੀ ਨਾਲ ਸਰਵ ਕਰੋ।
ਸਿਹਤ ਲਈ ਫਾਇਦੇ :-
ਆਯੁਰਵੇਦ ਅਨੁਸਾਰ ਗਰਮੀਆਂ 'ਚ ਕੱਚੇ ਅੰਬ ਅਤੇ ਪੁਦੀਨੇ ਦਾ ਸੇਵਨ ਸਰੀਰ ਨੂੰ ਅੰਦਰੋਂ ਠੰਡਕ ਦਿੰਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀ ਹੈ, ਜੋ ਇਮਿਊਨਿਟੀ ਵਧਾਉਂਦੀ ਹੈ ਅਤੇ ਪੇਟ ਦੀ ਗੈਸ ਤੇ ਬਦਹਜ਼ਮੀ ਦੀ ਸਮੱਸਿਆ ਨੂੰ ਮਿੰਟਾਂ 'ਚ ਦੂਰ ਕਰਦੀ ਹੈ।
ਫਟੀਆਂ ਅੱਡੀਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾ ਸਕਦੇ ਹੋ ਨਿਜ਼ਾਤ
NEXT STORY