ਜਲੰਧਰ— ਪੋਹ ਦੇ ਮਹੀਨੇ ਆਖਰੀ ਦਿਨ ਭਾਵ ਮੱਘਰ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ ਸੂਰਜ ਡੁੱਬਣ ਤੋਂ ਬਾਅਦ ਲੋਹੜੀ ਦਾ ਤਿਉਹਾਰ ਖਾਸ ਤੌਰ 'ਤੇ ਪੰਜਾਬ ਅਤੇ ਹੋਰ ਥਾਵਾਂ 'ਤੇ ਸਥਾਨਕ ਰਸਮਾਂ-ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ। ਲੋਹੜੀ 'ਚ ਸ਼ਬਦ 'ਲ' ਨੂੰ ਲੱਕੜ 'ਓਹ' ਨੂੰ ਪਾਥੀਆਂ ਅਤੇ 'ੜੀ' ਨੂੰ ਰਿਓੜੀਆਂ ਦਾ ਪ੍ਰਤੀਕ ਮੰਨਿਆ ਗਿਆ ਹੈ। ਪੰਜਾਬ 'ਚ ਲੋਹੜੀ ਮੌਕੇ ਖਾਸ ਤੌਰ 'ਤੇ ਰੌਣਕਾਂ ਰਹਿੰਦੀਆਂ ਹਨ। ਬਜ਼ਾਰਾਂ 'ਚ ਖੂਬ ਚਹਿਲ-ਪਹਿਲ ਦੇ ਨਾਲ ਮੂੰਗਫਲੀ, ਰਿਓੜੀਆਂ, ਗੱਚਕ ਅਤੇ ਮੱਕੀ ਦੇ ਦਾਣਿਆਂ ਨਾਲ ਸਾਰੀਆਂ ਦੁਕਾਨਾਂ ਸਜ ਜਾਂਦੀਆਂ ਹਨ। ਪੰਜਾਬੀ ਦਿਲ ਖੋਲ੍ਹ ਕੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਤੋਹਫੇ ਦੇਣ ਲਈ ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਖਰਚਾ ਕਰਦੇ ਹਨ। ਅਕਸਰ ਲੋਕ ਆਪਣੇ ਕੰਮਾਂ ਚੋਂ ਆਪਣੇ ਲਈ ਵੀ ਸਮਾਂ ਨਹੀਂ ਕੱਢ ਸਕਦੇ ਤਾਂ ਇਹ ਸਮਾਂ ਹੁੰਦਾ ਹੈ ਆਪਣੇ ਮੁਹੱਲੇ ਅਤੇ ਪਰਿਵਾਰ ਵਾਲਿਆਂ ਨਾਲ ਅੱਗ ਦੇ ਸੇਕ ਦੇ ਚਾਰੇ ਪਾਸੇ ਬੈਠ ਕੇ ਖਾਣ-ਪੀਣ ਅਤੇ ਨੱਚਣ-ਗਾਉਣ ਦਾ। ਅੱਗ ਦੀ ਮਿੱਠੀ ਜਿਹੀ ਗਰਮਾਹਟ 'ਚ ਸੁੱਖ-ਦੁੱਖ ਵੰਡਦੇ ਹੋਏ ਭਾਈਚਾਰੇ ਨੂੰ ਮਜ਼ਬੂਤ ਕਰਦਾ ਇਹ ਤਿਉਹਾਰ ਰਿਸ਼ਤਿਆਂ 'ਚ ਵੀ ਪਿਆਰ ਦੀ ਗਰਮਾਹਟ ਭਰ ਦਿੰਦਾ ਹੈ।
- ਲੋਹੜੀ ਨਾਲ ਜੁੜੀ ਲੋਕ ਕਥਾ
ਉਂਝ ਤਾਂ ਲੋਹੜੀ ਦੇ ਦਿਨ ਨਾਲ ਬਹੁਤ ਸਾਰੀਆਂ ਲੋਕ ਕਥਾਵਾਂ ਜੁੜੀਆਂ ਹਨ ਪਰ ਦੁੱਲਾ ਭੱਟੀ ਦੀ ਕਥਾ ਖਾਸ ਮਹੱਤਵ ਰੱਖਦੀ ਹੈ। ਕਹਿੰਦੇ ਹਨ ਕਿ ਦੁੱਲਾ ਨਾਮੀ ਵਿਅਕਤੀ ਗਰੀਬਾਂ ਦਾ ਮਦਦਗਾਰ ਸੀ। ਕਿਹਾ ਜਾਂਦਾ ਹੈ ਕਿ ਪੰਜਾਬ 'ਚ ਸੰਦਲਵਾਰ 'ਚ ਕੁੜੀਆਂ ਨੂੰ ਗੁਲਾਮੀ ਲਈ ਅਮੀਰਾ ਨੂੰ ਵੇਚ ਦਿੱਤਾ ਜਾਂਦਾ ਸੀ। ਜਦੋਂ ਦੁੱਲੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਕ ਯੋਜਨਾ ਤਹਿਤ ਕੁੜੀਆਂ ਨੂੰ ਨਾ ਸਿਰਫ ਆਜ਼ਾਦ ਕਰਵਾਇਆ, ਸਗੋ ਉਨ੍ਹਾਂ ਦੇ ਵਿਆਹ ਵੀ ਕਰਵਾਏ। ਇਸ ਕਾਰਨ ਉਸ ਨੂੰ ਪੰਜਾਬ ਦੇ ਨਾਇਕ ਦਾ ਦਰਜਾ ਦਿੱਤਾ ਗਿਆ ਸੀ। ਇਸੇ ਦੌਰਾਨ ਉਸ ਨੇ ਇਕ ਪਿੰਡ ਦੀਆਂ ਦੋ ਅਨਾਥ ਕੁੜੀਆਂ ਸੁੰਦਰੀ ਅਤੇ ਮੁੰਦਰੀ ਨੂੰ ਆਪਣੀਆਂ ਧੀਆਂ ਬਣਾਂ ਕੇ ਉਨ੍ਹਾਂ ਦੇ ਵਿਆਹ ਕਰਵਾ ਕੰਨਿਆਦਾਨ ਕੀਤਾ ਸੀ। ਉਨ੍ਹਾਂ ਦੇ ਵਿਆਹ ਸਮੇਂ ਦੁੱਲੇ ਕੋਲ ਸ਼ੱਕਰ ਤੋਂ ਇਲਾਵਾ ਦੇਣ ਲਈ ਹੋਰ ਕੁਝ ਨਹੀਂ ਸੀ ਤਾਂ ਉਸ ਨੇ ਸੇਰ ਭਰ ਕੇ ਸ਼ੱਕਰ ਦੋਹਾਂ ਦੀਆਂ ਚੁੰਨੀਆਂ 'ਚ ਪਾ ਕੇ ਉਨ੍ਹਾਂ ਨੂੰ ਵਿਦਾ ਕੀਤਾ ਸੀ।
- ਲੋਹੜੀ ਪੂਜਾ
ਘਰਾਂ ਤੋਂ ਬਾਹਰ ਇਕ ਖੁੱਲੇ ਸਥਾਨ 'ਤੇ ਖੂਬ ਸਾਰੀਆਂ ਲੱਕੜੀਆਂ ਅਤੇ ਪਾਥੀਆਂ ਨਾਲ ਇਕ ਵੱਡਾ ਸਾਰਾ ਢੇਰ ਬਣਾਇਆ ਜਾਂਦਾ ਹੈ, ਜਿਸ 'ਚ ਅੱਗ ਬਾਲ ਕੇ ਤਿਲ, ਗੁੜ, ਮੱਕੀ ਅਤੇ ਰਿੱਝੇ ਹੋਏ ਚੌਲ ਅਰਪਿਤ ਕੀਤੇ ਜਾਂਦੇ ਹਨ। ਅੱਗ ਦੀਆਂ ਉੱਚੀਆਂ ਉੱਠਦੀਆਂ ਲਾਟਾਂ ਦੇ ਚਾਰੇ ਪਾਸੇ ਪਰਿਕਰਮਾ ਕਰਦੇ ਹੋਏ ਪਰਮਾਤਮਾ ਤੋਂ ਸੁਖ ਅਤੇ ਖੁਸ਼ਹਾਲੀ ਦਾ ਕਾਮਨਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸਭ ਇਕ-ਦੂਜੇ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਅਤੇ ਪ੍ਰਸ਼ਾਦ ਦੇ ਰੂਪ 'ਚ ਮੂੰਗਫਲੀ, ਰਿਉੜੀਆਂ, ਮੱਕੀ ਦੇ ਦਾਣਿਆਂ ਅਤੇ ਗੱਚਕ ਦਾ ਅਨੰਦ ਮਾਣਦੇ ਹਨ।
ਇਸ ਦਿਨ ਪੰਜਾਬ ਦੇ ਜ਼ਿਆਦਾਤਰ ਘਰਾਂ 'ਚ ਗੰਨੇ ਦੇ ਰਸ ਦੀ ਖੀਰ, ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਣਾਉਣਾ ਚੰਗਾ ਸਮਝਿਆ ਜਾਂਦਾ ਹੈ।
ਇਸ ਦਿਨ ਦੇ ਸ਼ੁਰੂਆਤ ਹੁੰਦਿਆਂ ਹੀ ਬੱਚਿਆਂ ਦੀਆਂ ਟੋਲੀਆਂ ਘਰ-ਘਰ ਜਾ ਕੇ ਲੋਹੜੀ ਮੰਗਦੇ ਹਨ। ਲੋਕ ਵੀ ਖੁਸ਼ੀ-ਖੁਸ਼ੀ ਬੱਚਿਆਂ ਨੂੰ ਪੈਸੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤੋਹਫੇ ਵਜੋਂ ਦਿੰਦੇ ਹਨ। ਬੱਚੇ ਲੋਹੜੀ ਮੰਗਦੇ ਹੋਏ ਇਹ ਗੀਤ ਗਾਉਂਦੇ ਹਨ ।
-ਲੋਹੜੀ ਦਾ ਗੀਤ
ਸੁੰਦਰ-ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲਾ-ਹੋ
ਦੁੱਲੇ ਨੇ ਧੀ ਵਿਆਹੀ-ਹੋ
ਸੇਰ ਸ਼ੱਕਰ ਪਾਈ-ਹੋ
ਕੁੜੀ ਦਾ ਲਾਲ ਪਟਕਾ-ਹੋ
ਕੁੜੀ ਦਾ ਸ਼ਾਲੂ ਪਾਟਾ-ਹੋ
ਸ਼ਾਲੂ ਕੋਣ ਸਮੇਟੇ-ਹੋ
ਚਾਚਾ ਗਾਲੀ ਦੇਸੇ-ਹੋ
ਚਾਚੇ ਚੂਰੀ ਕੁੱਟੀ-ਹੋ
ਜ਼ਿਮੀਦਾਰਾਂ ਲੁੱਟੀ-ਹੋ
ਗਿਣ-ਗਿਣ ਪੋਲੇ ਲਾਏ-ਹੋ
ਇਕ ਪਲ ਘਿਸ ਗਿਆ,
ਜ਼ਿਮੀਂਦਾਰ ਵਹੁਟੀ ਲੈ ਕੇ ਨੱਸ ਗਿਆ..........
ਊਨੀ ਕੱਪੜਿਆਂ ਦੀ ਦੇਖਭਾਲ
NEXT STORY