ਵੈੱਬ ਡੈਸਕ - ਪੰਜਾਬੀ ਖਾਣੇ ਦੀ ਗੱਲ ਹੋਵੇ ਅਤੇ 'ਕੜੀ ਚਾਵਲ' ਦਾ ਨਾਂ ਨਾ ਆਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਐਤਵਾਰ ਦੀ ਦੁਪਹਿਰ ਹੋਵੇ ਜਾਂ ਘਰ 'ਚ ਕੋਈ ਖ਼ਾਸ ਮੌਕਾ, ਕੜੀ ਪਕੌੜਾ ਹਰ ਹਿੰਦੁਸਤਾਨੀ ਰਸੋਈ ਦੀ ਪਹਿਲੀ ਪਸੰਦ ਹੁੰਦਾ ਹੈ ਪਰ ਅਕਸਰ ਕਈ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੀ ਕੜੀ ਦਾ ਉਹ ਰਵਾਇਤੀ ਸਵਾਦ ਨਹੀਂ ਬਣਦਾ ਜਾਂ ਪਕੌੜੇ ਸਖ਼ਤ ਰਹਿ ਜਾਂਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਹਲਵਾਈ ਸਟਾਈਲ ਨਰਮ ਪਕੌੜਿਆਂ ਵਾਲੀ ਮਸਾਲੇਦਾਰ ਕੜੀ ਬਣਾਉਣ ਦਾ ਬਿਲਕੁਲ ਸਹੀ ਤਰੀਕਾ ਅਤੇ ਕੁਝ ਖ਼ਾਸ ਟ੍ਰਿਕਸ ਦੱਸਣ ਜਾ ਰਹੇ ਹਾਂ।
ਲੋੜੀਂਦੀ ਸਮੱਗਰੀ :-
ਕੜੀ ਦੇ ਘੋਲ ਲਈ
- 1 ਕੱਪ ਵੇਸਣ, 2 ਕੱਪ ਖੱਟੀ ਲੱਸੀ ਜਾਂ ਦਹੀਂ, ਹਲਦੀ, ਨਮਕ, ਲਾਲ ਮਿਰਚ ਅਤੇ ਪਾਣੀ।
ਤੜਕੇ ਲਈ
- ਸਰ੍ਹੋਂ ਦਾ ਤੇਲ, ਮੇਥੀ ਦਾਣਾ, ਜੀਰਾ, ਸਾਬਤ ਧਨੀਆ, ਹਿੰਗ, ਬਰੀਕ ਕਟਿਆ ਪਿਆਜ਼, ਅਦਰਕ-ਲਸਣ ਦਾ ਪੇਸਟ, ਹਰੀਆਂ ਮਿਰਚਾਂ ਅਤੇ ਕੜੀ ਪੱਤਾ।
ਪਕੌੜਿਆਂ ਲਈ
-1 ਕੱਪ ਵੇਸਣ, ਪਿਆਜ਼, ਹਰਾ ਧਨੀਆ, ਅਜਵਾਇਣ, ਨਮਕ ਅਤੇ ਚੁਟਕੀ ਭਰ ਮਿੱਠਾ ਸੋਡਾ (ਬੇਕਿੰਗ ਸੋਡਾ)।
ਕੜੀ ਬਣਾਉਣ ਦੀ ਸਹੀ ਵਿਧੀ :-
ਪਹਿਲਾਂ ਤਿਆਰ ਕਰੋ ਘੋਲ
- ਇਕ ਵੱਡੇ ਬਰਤਨ 'ਚ ਵੇਸਣ ਅਤੇ ਖੱਟੀ ਲੱਸੀ (ਜਾਂ ਫੈਂਟਿਆ ਹੋਇਆ ਦਹੀਂ) ਪਾ ਕੇ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਕੋਈ ਗੰਢ ਨਾ ਰਹੇ। ਹੁਣ ਇਸ 'ਚ ਹਲਦੀ, ਨਮਕ ਅਤੇ ਲੋੜ ਅਨੁਸਾਰ ਪਾਣੀ ਪਾ ਕੇ ਇਕ ਪਤਲਾ ਘੋਲ ਤਿਆਰ ਕਰ ਲਓ।
ਇੰਝ ਲਗਾਓ ਧਾਕੜ ਤੜਕਾ
- ਕੜਾਹੀ 'ਚ ਸਰ੍ਹੋਂ ਦਾ ਤੇਲ ਗਰਮ ਕਰੋ। ਸਭ ਤੋਂ ਪਹਿਲਾਂ ਹਿੰਗ, ਮੇਥੀ ਦਾਣਾ, ਸਾਬਤ ਧਨੀਆ ਅਤੇ ਜੀਰਾ ਚਟਕਾਓ। ਇਸ ਤੋਂ ਬਾਅਦ ਕੜੀ ਪੱਤਾ, ਅਦਰਕ-ਲਸਣ ਦਾ ਪੇਸਟ ਅਤੇ ਪਿਆਜ਼ ਪਾ ਕੇ ਹਲਕਾ ਸੁਨਹਿਰੀ ਹੋਣ ਤੱਕ ਭੁੰਨੋ।
ਕੜੀ ਨੂੰ ਕੜ੍ਹਨ ਦਿਓ (ਸਭ ਤੋਂ ਅਹਿਮ ਸਟੈਪ)
- ਤੜਕਾ ਭੁੱਜਣ ਤੋਂ ਬਾਅਦ ਇਸ 'ਚ ਵੇਸਣ-ਲੱਸੀ ਦਾ ਘੋਲ ਪਾ ਦਿਓ। ਹੁਣ ਇਸ ਨੂੰ ਉਬਾਲ ਆਉਣ ਤੱਕ ਲਗਾਤਾਰ ਹਿਲਾਉਂਦੇ ਰਹੋ। ਜਦੋਂ ਉਬਾਲ ਆ ਜਾਵੇ, ਤਾਂ ਗੈਸ ਨੂੰ ਹਲਕਾ ਕਰ ਦਿਓ ਅਤੇ ਕੜੀ ਨੂੰ ਘੱਟੋ-ਘੱਟ 35-40 ਮਿੰਟ ਤੱਕ ਪਕਣ ਦਿਓ। ਕੜੀ ਜਿੰਨੀ ਜ਼ਿਆਦਾ 'ਕੜ੍ਹੇਗੀ' (ਪਕੇਗੀ), ਸਵਾਦ ਉੱਨਾ ਹੀ ਲਾਜਵਾਬ ਆਵੇਗਾ।
ਪਕੌੜੇ ਸੁਪਰ-ਸਾਫਟ (ਨਰਮ) ਬਣਾਉਣ ਦੀ ਖ਼ਾਸ ਟ੍ਰਿਕ :-
- ਪਕੌੜਿਆਂ ਲਈ ਬੇਸਣ, ਪਿਆਜ਼, ਮਸਾਲੇ ਅਤੇ ਪਾਣੀ ਪਾ ਕੇ ਘੋਲ ਤਿਆਰ ਕਰੋ। ਪਕੌੜੇ ਕੱਢਣ ਤੋਂ 2 ਮਿੰਟ ਪਹਿਲਾਂ ਇਸ ਘੋਲ 'ਚ ਇਕ ਚਮਚ ਗਰਮ ਸਰ੍ਹੋਂ ਦਾ ਤੇਲ ਅਤੇ ਚੁਟਕੀ ਭਰ ਮਿੱਠਾ ਸੋਡਾ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਟ੍ਰਿਕ ਨਾਲ ਪਕੌੜੇ ਅੰਦਰੋਂ ਬਿਲਕੁਲ ਰੂਈ ਵਰਗੇ ਨਰਮ ਬਣਨਗੇ ਅਤੇ ਕੜੀ ਨੂੰ ਚੰਗੀ ਤਰ੍ਹਾਂ ਸੋਖ ਲੈਣਗੇ।
ਆਖਰੀ ਸਟੈਪ ਅਤੇ ਸਪੈਸ਼ਲ ਡਬਲ ਤੜਕਾ
- ਜਦੋਂ ਕੜੀ ਪੱਕ ਕੇ ਤਿਆਰ ਹੋ ਜਾਵੇ, ਤਾਂ ਇਸ 'ਚ ਤਲੇ ਹੋਏ ਪਕੌੜੇ ਪਾ ਕੇ 5 ਮਿੰਟ ਲਈ ਢੱਕ ਦਿਓ। ਸਭ ਤੋਂ ਆਖਰ 'ਚ ਕੜੀ ਦੇ ਉੱਪਰ ਦੇਸੀ ਘਿਓ, ਸਾਬਤ ਲਾਲ ਮਿਰਚ ਅਤੇ ਦੇਗੀ ਮਿਰਚ ਦਾ 'ਸ਼ਾਹੀ ਤੜਕਾ' ਲਗਾਓ। ਤੁਹਾਡੀ ਗਰਮਾ-ਗਰਮ, ਸੁਆਦੀ ਪੰਜਾਬੀ ਕੜੀ ਪਕੌੜਾ ਤਿਆਰ ਹੈ। ਇਸ ਨੂੰ ਜੀਰਾ ਰਾਈਸ ਜਾਂ ਤੰਦੂਰੀ ਰੋਟੀ ਨਾਲ ਪਰੋਸੋ।
ਕੀ ਤੁਹਾਡੇ ਵਾਲ ਵੀ ਹੋ ਰਹੇ ਹਨ ਪਤਲੇ? ਜਾਣੋ ਕਿਸ ਵਿਟਾਮਿਨ ਦੀ ਕਮੀ ਨਾਲ ਹੋ ਸਕਦੇ ਹੋ ਤੁਸੀਂ ਗੰਜੇਪਨ ਦਾ ਸ਼ਿਕਾਰ
NEXT STORY