" ਬਾਮੀ "
ਪੱਕੇ ਜਿਹੇ ਰੰਗ ਦਾ ਬਾਮੀ ਤੀਹਾਂ ਕੁ ਵਰਿਆਂ ਦਾ ਸੀ । ਸਾਡੇ ਪਿੰਡ ਦਾ ਹੀ ਸੀ । ਸਾਇਕਲ ਦੇ ਪਿੱਛੇ ਸਟੈਂਡ ਤੇ ਉਹਨੇਂ ਪੁਰਾਣੀ ਟਿਊਬ ਨਾਲ ਟੋਕਰਾ ਬੰਨਿਆ ਹੁੰਦਾ ਸੀ, ਜਿਹਦੇ ਚ ਸਬਜ਼ੀਆਂ ਹੁੰਦੀਆਂ ਸੀ ਤੇ ਆਲੇ ਦੁਆਲੇ ਲਟਕਦੀਆਂ ਬੋਰੀਆਂ ਜਿਹੀਆਂ ਵਿਚ ਆਲੂ ਤੇ ਗੰਢੇ ਹੋਣੇ । ਮੂਹਰੇ ਸਾਇਕਲ ਦੇ ਡੰਡੇ ਨਾਵ ਲਮਕਦੀ ਝੋਲੀ ਜਿਹੀ ਚ ਬਾਮੀ ਦੇ ਤੱਕੜੀ ਵੱਟੇ ਹੁੰਦੇ ਸੀ । ਬਾਮੀ ਵੇਹੜੇ ਚ ਰਹਿੰਦਾ ਸੀ, ਵੇਹੜੇ ਵਿਚ ਜਿਆਦਾਤਰ ਰਵੀਦਾਸੀਆਂ ਦੇ ਹੀ ਘਰ ਸੈਣ। ਬਾਮੀ ਵੀ ਰਵੀਦਾਸੀਆਂ ਦਾ ਮੁੰਡਾ ਹੀ ਸੀ। ਉਹਦੀ ਘਰਦੀ ਬੜੀ ਸੋਹਣੀ ਸੀ। ਗੋਰੇ ਰੰਗ ਦੀ। ਉਹ ਆਪ ਤਾਂ ਪੱਕੇ ਜਿਹੇ ਰੰਗ ਦਾ ਸੀ ।ਸਵੇਰੇ-ਸਵੇਰੇ ਉਹ ਨਾਲ ਦੇ ਪਿੰਡਾਂ ਚ ਜਾਂਦਾ ਸੀ ਸਬਜੀ ਵੇਚਣ, ਢਲੀਆਂ ਤਰਕਾਲਾਂ ਤੋਂ ਉਹ ਪਿੰਡ ਮੁੜਦਾ ।ਉਸ ਵੇਲੇ ਹੀ ਅਕਸਰ ਸਾਡੀ ਗਲੀ ਚ ਆਉਂਦਾ ਸੀ ਹਮੇਸ਼ਾ । ਜਦੋਂ ਵੀ ਬਾਮੀ ਨੇਂ ਸਾਡੀ ਗਲੀ ਵਿਚ ਆਉਣਾ ਤਾ ਡਾਢਾ ਹੀ ਚਾਅ ਚੜ੍ਹ ਜਾਂਦਾ ਸੀ ।
ਅਸੀਂ ਸਾਰੇ ਨਿਆਣਿਆਂ ਬਾਮੀ ਦੇ ਸਾਇਕਲ ਦੁਆਲੇ ਇੱਕਠੇ ਹੋ ਜਾਣਾ। ਉਹਦੀ ਝੋਲੀ ਜਿਹੀ ਵਿਚ ਕਿੰਨੇਂ ਹੀ ਪੈਕਟ ਭੂਕਣਿਆਂ ਦੇ ਹੁੰਦੇ ਸੀ । ਇੱਕ ਰੁਪਏ ਦੇ ਚਾਰ ਭੂਕਣੇ । ਸਾਨੂੰ ਤਾਂ ਉਨ੍ਹਾਂ ਭੂਕਣਿਆਂ ਦਾ ਚਾਅ ਹੁੰਦਾ ਸੀ । ਉਨ੍ਹਾਂ ਨਾਲ ਨਾ ਢਿੱਡ ਭਰਦਾ ਸੀ ਨਾ ਜੀਭ ਰੱਜਦੀ ਸੀ । ਉਹਨੇਂ ਇੱਕ -ਇੱਕ ਘਰ ਅੱਗੇ ਕਿੰਨਾ-ਕਿੰਨਾ ਚਿਰ ਖੜੇ ਨੇਂ ਗੱਲਾਂ ਕਰੀ ਜਾਣੀਆਂ ।ਸਾਡੀਆਂ ਮਾਵਾਂ ਅਕਸਰ ਟਮਾਟਰ, ਅਦਰਕ ਵਰਗੀਆਂ ਚੀਜਾਂ ਹੀ ਖਰੀਦ ਦੀਆਂ ਸੀ ਉਹਦੇ ਤੋਂ ਕਿਉਂਕਿ ਜਿਆਦਾਤਰ ਸਬਜ਼ੀਆਂ ਤਾਂ ਉਦੋਂ ਲੋਕੀ ਆਪਣੀਆਂ ਪੈਲੀਆਂ ਵਿਚ ਹੀ ਬੀਜ ਲੈਂਦੈ ਸੀ । ਕਦੇ -ਕਦੇ ਸਾਡੀਆਂ ਮਾਵਾਂ ਅਚਾਨਕ ਪ੍ਰਾਹੁਣਿਆਂ ਦੇ ਆਉਣ 'ਤੇ ਸਾਨੂੰ ਬਾਮੀ ਦੇ ਘਰ ਵੀ ਭੇਜ ਦਿੰਦੀਆਂ ਸੀ ਸਬਜੀ ਲੈਣ।
ਛੋਟਾ ਜਿਹਾ ਘਰ ਸੀ ਬਾਮੀ ਦਾ ਪਰ ਉਹਦੀ ਘਰਦੀ ਸਾਫ ਬੜਾ ਰੱਖਦੀ ਸੀ । ਸੁਆਹ ਨਾਲ ਮਾਂਜੇ ਉਨ੍ਹਾਂ ਦੇ ਸਿਲਵਰ ਦੇ ਭਾਂਡੇ ਚੌਂਕੇ ਵਿਚ ਪਏ ਬੜੇ ਚਮਕਦੇ ਹੁੰਦੇ ਸੀ । ਘਰ ਦੇ ਅੱਗੇ ਛੋਟੀ ਜਿਹੀ ਬੈਠਕ ਚ ਉਨ੍ਹਾਂ ਨੇਂ ਸਬਜ਼ੀਆਂ ਤੇ ਹੋਰ ਨਿੱਕ -ਸੁੱਕ ਜਿਹਾ ਰੱਖਿਆ ਹੁੰਦਾ ਸੀ । ਉਹ ਬਹੁਤੇ ਪਿਆਰ ਨਾਲ ਬੋਲਦੀ ਹੁੰਦੀ ਸੀ । ਭੀੜੀ ਜਿਹੀ ਗਲੀ ਜਾਂਦੀ ਸੀ ਬਾਮੀ ਦੇ ਘਰ ਨੂੰ । ਕਈ ਵਾਰ ਸੋਚਣਾ ਵੀ ਇਸ ਗਲੀ ਦੇ ਲੋਕਾਂ ਨੂੰ ਸਾਹ ਕਿਵੇਂ ਆਉਂਦਾ ਹੋਊ। ਕਈ ਵਾਰ ਬਾਮੀ ਤੇ ਉਹਦੀ ਘਰਦੀ ਨੂੰ ਸਾਇਕਲ 'ਤੇ ਜਾਂਦਿਆਂ ਵੀ ਵੇਖੀ ਦਾ ਸੀ । ਮੈਨੂੰ ਉਨ੍ਹਾਂ ਦੋਵਾਂ ਨੂੰ ਵੇਖਕੇ ਲੱਗਦਾ ਹੁੰਦਾ ਸੀ, ਵੀ ਸ਼ਾਇਦ ਇਹ ਕਦੀ ਲੜਦੇ ਨੀਂ ਹੋਣਗੇ ।
ਹੌਲੀ-ਹੌਲੀ ਵੇਖਦਿਆਂ-ਵੇਖਦਿਆਂ ਬਾਮੀ ਦਾ ਘਰ ਕੱਚੇ ਤੋਂ ਪੱਕਾ ਵੀ ਹੋ ਗਿਆ । ਇੱਕ ਮੱਝ ਦੇ ਸਿਰ 'ਤੇ, ਤੇ ਸਾਇਕਲ 'ਤੇ ਵੇਚੀਆਂ ਸਬਜ਼ੀਆਂ ਦੇ ਸਿਰ ਤੇ ਆਪਣੇ ਮਾਂ ਪਿਓ ਤੇ ਦੋ ਨਿਆਣਿਆਂ ਸਮੇਤ ਛੇ ਜੀਆਂ ਦਾ ਖਰਚਾ ਚੁੱਕਦੇ ਬਾਮੀ ਦੇ ਉਸ ਟੋਕਰਾ ਕੁ ਸਬਜ਼ੀਆਂ ਚ ਖੌਰੇ ਕਿੰਨੀਂ ਕੁ ਬਰਕਤ ਸੀ ਵੀ ਕਦੀ ਬਾਮੀ ਨੂੰ ਅਸੀਂ ਕਿਸੇ ਕੋਲੋਂ ਪੈਸੇ ਉਧਾਰ ਮੰਗਦੇ ਨਹੀਂ ਸੀ ਵੇਖਿਆ, ਸਗੋਂ ਉਹ ਅਕਸਰ ਮੇਰੀ ਮਾਂ ਹੁਣਾਂ ਨੂੰ ਕਹਿੰਦਾ ਹੁੰਦਾ ਸੀ । "ਕੋਈ ਗੱਲ ਨਹੀਂ ਭਾਬੀ ਪੈਸੇ ਇੱਕਠੇ ਮਹੀਨੇ ਦੇ ਹੋਇਆਂ ਤੋਂ ਦੇ ਦਿਓ । ਉਨ੍ਹਾਂ ਚ ਬਰਕਤ ਰਹਿੰਦੀ ਏ । ਹੁਣ ਵੀ ਮੈਂ ਪਿੰਡ ਜਰੂਰ ਜਾਂਦੀ ਹਾਂ ਪਰ ਕਦੀ ਬਾਮੀ ਨਹੀਂ ਵੇਖਿਆ । ਬਾਮੀ ਤਾਂ ਹੁਣ ਵੀ ਰਹਿੰਦੇ ਹੋਣਗੇ ਪਿੰਡਾਂ ਚ , ਸਬਜ਼ੀਆਂ ਵੀ ਵੇਚਦੇ ਹੋਣਗੇ ਪਰ ਫਰਕ ਇੰਨਾਂ ਕੁ ਜਰੂਰ ਹੋਊ ਵੀ ਸਾਇਕਲ ਦੀ ਥਾਂ ਛੋਟੇ-ਛੋਟੇ ਟੈਂਪੂ ਆ ਗਏ ਨੇ ਤੇ ਦੂਜਾ ਉਨ੍ਹਾਂ ਕੋਲ ਬਾਮੀ ਵਾਂਗ ਭੂਕਣੇ ਨਹੀਂ ਹੁੰਦੇ ਹੋਣਗੇ, ਜਿਨ੍ਹਾਂ ਨੂੰ ਵੇਖ -ਵੇਖ ਨਿਆਣਿਆਂ ਨੂੰ ਚਾਅ ਚੜ੍ਹ ਜਾਂਦਾ ਸੀ । ਰੱਬ ਕਰੇ ਬਾਮੀ ਜਿਹੋ ਜਿਹੇ ਮਰਜੀ ਹੋਣ ਪਰ ਬਰਕਤਾਂ ਉਨ੍ਹਾਂ ਦੇ ਕੰਮ ਚ ਮੇਰੇ ਪਿੰਡ ਦੇ ਬਾਮੀ ਦੇ ਘਰ ਵਰਗੀਆਂ ਹੀ ਹੋਣ ।
ਰੁਪਿੰਦਰ ਸੰਧੂ ।
ਸ਼ੂਗਰ ਦੇ ਰੋਗੀਆਂ ਲਈ ਲਾਭਦਾਇਕ ‘ਖਰਬੂਜਾ’, ਪਾਣੀ ਦੀ ਕਮੀ ਨੂੰ ਵੀ ਕਰੇ ਦੂਰ
NEXT STORY